ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਵਿਚ ਚੱਲ ਰਹੀਆਂ ਸਿਆਸੀ ਸਰਗਰਮੀਆਂ ਦਰਮਿਆਨ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਹ ਅਗਲੇ ਕੁਝ ਦਿਨਾਂ ਵਿਚ ਕੇਂਦਰੀ ਲੀਡਰਸ਼ਿਪ ਸਾਹਮਣੇ ਆਪਣਾ ਪੱਖ ਰੱਖਣ ਵਾਲੇ ਹਨ। ਇਸ ਦੌਰਾਨ ਕੈਪਟਨ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਇਕ ਮਹੀਨੇ ’ਚ ਉਨ੍ਹਾਂ ਖ਼ਿਲਾਫ਼ ਨਿੱਜੀ ਤੌਰ ’ਤੇ ਕੀਤੀ ਗਈ ਬਿਆਨਬਾਜ਼ੀ ਦਾ ਸਾਰਾ ਰਿਕਾਰਡ ਇਕੱਠਾ ਕਰਵਾ ਲਿਆ ਹੈ ਅਤੇ ਕਮੇਟੀ ਸਾਹਮਣੇ ਇਸ ਨੂੰ ਗੰਭੀਰਤਾ ਨਾਲ ਰੱਖੇ ਜਾਣ ਦੀਆਂ ਸੰਭਾਵਨਾਵਾਂ ਹਨ।ਜੇਕਰ ਕੈਪਟਨ ਆਪਣੇ ਖ਼ਿਲਾਫ਼ ਸਿੱਧੂ ਵੱਲੋਂ ਦਾਗੇ ਬਿਆਨ ਕਮੇਟੀ ਸਾਹਮਣੇ ਰੱਖਦੇ ਹਨ ਤਾਂ ਸਿੱਧੂ ਲਈ ਇਸ ਮਾਮਲੇ 'ਚੋਂ ਬਰੀ ਹੋਣਾ ਔਖਾ ਹੋ ਸਕਦਾ ਹੈ। ਮੁੱਖ ਮੰਤਰੀ ਦੇ ਨੇੜਲੇ ਆਗੂ ਮੰਨਦੇ ਹਨ ਕਿ ਕੈਪਟਨ ਵਲੋਂ ਰੱਖੀਆਂ ਜਾਣ ਵਾਲੀਆਂ ਦਲੀਲਾਂ ਅਤੇ ਵਿਚਾਰਾਂ ਨੂੰ ਕਾਂਗਰਸੀ ਲੀਡਰਸ਼ਿਪ ਵਲੋਂ ਕਾਫ਼ੀ ਗੰਭੀਰਤਾ ਨਾਲ ਲਿਆ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਕੈਪਟਨ ਹੀ 2022 ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹੋਣਗੇ। ਅਜਿਹੇ ਵਿੱਚ ਕੈਪਟਨ ਵਿਰੁੱਧ ਨਵਜੋਤ ਸਿੱਧੂ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਸੰਭਾਵਿਤ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਹਾਈਕਮਾਨ ਵਲੋਂ ਗਠਿਤ ਕਮੇਟੀ ਦਾ ਦੋ ਟੁੱਕ ਸ਼ਬਦਾਂ ’ਚ ਜਵਾਬ
ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਕੈਪਟਨ ਕੇਂਦਰੀ ਲੀਡਰਸ਼ਿਪ ਨੂੰ ਇਹ ਵੀ ਦੱਸਣ ਵਾਲੇ ਹਨ ਕਿ ਉਨ੍ਹਾਂ ਤਾਂ ਸਿੱਧੂ ਨਾਲ 2 ਵਾਰ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਸਿੱਧੂ ਇਸ ਦੇ ਲਈ ਤਿਆਰ ਨਹੀਂ ਹੋਏ। ਕਾਂਗਰਸ ਦੇ ਸੰਕਟ ਦਾ ਨਿਪਟਾਰਾ ਕਰਨ ਲਈ ਜਿਹੜਾ ਫਾਰਮੂਲਾ ਤਿਆਰ ਕੀਤਾ ਜਾਂਦਾ ਹੈ, ਉਸ ਵਿਚ ਕੈਪਟਨ ਦੀ ਸਹਿਮਤੀ ਬਹੁਤ ਜ਼ਰੂਰੀ ਹੋਵੇਗੀ।
ਕੈਪਟਨ ਵਲੋਂ ਸੋਨੀਆ ਤੇ ਰਾਹੁਲ ਨਾਲ ਮੁਲਾਕਾਤ ਦੇ ਆਸਾਰ
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਜਿੱਥੇ 3 ਮੈਂਬਰੀ ਕਮੇਟੀ ਸਾਹਮਣੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ, ਉੱਥੇ ਹੀ ਉਹ ਅਗਲੇ ਕੁਝ ਦਿਨਾਂ ਵਿਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ, ਜਿਸ ਵਿਚ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਪੰਜਾਬ ਵਿਚ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਹਨ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕੈਪਟਨ ਕਿਸ ਦਿਨ ਦਿੱਲੀ ਜਾ ਕੇ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨਗੇ। ਕਮੇਟੀ ਅਜੇ ਹੋਰ ਕਾਂਗਰਸੀ ਨੇਤਾਵਾਂ ਦੇ ਵਿਚਾਰ ਜਾਣਨ ’ਚ ਲੱਗੀ ਹੋਈ ਹੈ।
ਨੋਟ : ਕੀ ਨਵੀਂ ਬਣੀ ਕਮੇਟੀ ਸੁਲਝਾਅ ਸਕੇਗੀ ਕਾਂਗਰਸ 'ਚ ਵੱਧ ਰਹੇ ਧੜੇਬੰਦੀ ਦੇ ਮਸਲੇ? ਕੁਮੈਂਟ ਕਰਕੇ ਦਿਓ ਰਾਏ
ਬੇਤਹਾਸ਼ਾ ਜੋਸ਼ ਤੇ ਤਾਕਤ ਪਾਉਣ ਦਾ ਦੇਸੀ ਫਾਰਮੂਲਾ
NEXT STORY