ਜਲੰਧਰ, (ਧਵਨ)— ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਮੰਤਰਾਲਾ 2014 ਤੋਂ ਮੋਸੁਲ 'ਚ ਬੰਧਕ ਬਣਾਏ ਗਏ 39 ਭਾਰਤੀਆਂ, ਜਿਸ ਵਿਚ ਜ਼ਿਆਦਾਤਰ ਪੰਜਾਬੀ ਹਨ, ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਸਵਦੇਸ਼ ਵਾਪਸੀ ਲਈ ਗੰਭੀਰ ਯਤਨ ਕਰ ਰਿਹਾ ਹੈ। ਆਈ. ਐੱਸ. ਆਈ. ਐੱਸ. ਸ਼ਕਤੀਆਂ ਦੇ ਕਬਜ਼ੇ ਤੋਂ ਇਰਾਕ ਵਲੋਂ ਮੋਸੁਲ ਨੂੰ ਮੁਕਤ ਕਰਵਾਉਣ ਦੀਆਂ ਮਿਲੀਆਂ ਖਬਰਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੁਸ਼ਮਾ ਸਵਰਾਜ ਨਾਲ ਅੱਜ ਗੱਲਬਾਤ ਕਰਕੇ ਇਸ ਮਾਮਲੇ 'ਚ ਉਨ੍ਹਾਂ ਨੂੰ ਦਖਲ ਦੇਣ ਲਈ ਕਿਹਾ।
ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਵਿਦੇਸ਼ ਮੰਤਰਾਲਾ ਭਾਰਤੀਆਂ ਦੀ ਸੁਰੱਖਿਅਤ ਰਿਹਾਈ ਲਈ ਯਤਨਸ਼ੀਲ ਹੈ। ਸੁਸ਼ਮਾ ਸਵਰਾਜ ਨੇ ਕਿਹਾ ਕਿ ਜਨਰਲ ਵੀ. ਕੇ. ਸਿੰਘ ਨੂੰ ਇਰਾਕ ਭੇਜਿਆ ਗਿਆ ਹੈ ਤਾਂ ਕਿ ਉਹ ਇਰਾਕ ਸਰਕਾਰ ਨਾਲ ਤਾਲਮੇਲ ਸਥਾਪਿਤ ਕਰਕੇ ਮੋਸੁਲ 'ਚ ਬੰਧਕ ਬਣਾਏ ਗਏ ਭਾਰਤੀਆਂ ਨੂੰ ਵਾਪਸ ਲਿਆ ਸਕੇ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸੁਸ਼ਮਾ ਸਵਰਾਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਨੇ ਸਾਰੇ ਹਵਾਈ ਅੱਡਿਆਂ ਤੋਂ ਬੰਧਕ ਬਣਾਏ ਗਏ ਲੋਕਾਂ ਦੀ ਸਵਦੇਸ਼ ਵਾਪਸੀ ਲਈ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਲਈ ਕਿਹਾ ਹੈ। ਵਿਦੇਸ਼ ਮੰਤਰਾਲਾ ਆਪਣੇ ਮੁਹੱਈਆ ਸੋਮਿਆਂ ਦੇ ਆਧਾਰ 'ਤੇ ਲਾਪਤਾ ਭਾਰਤੀਆਂ ਦਾ ਪਤਾ ਲਗਾਉਣ 'ਚ ਲੱਗਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਆਪਣੇ ਵਲੋਂ ਪੰਜਾਬ ਨਾਲ ਸਬੰਧਤ ਸਾਰੇ ਪੰਜਾਬੀਆਂ ਨੂੰ ਸੂਬੇ 'ਚ ਵਾਪਸ ਲਿਆਉਣ 'ਚ ਆਪਣੇ ਵਲੋਂ ਪੂਰਾ ਸਹਿਯੋਗ ਦੇਵੇਗੀ।
ਇਨ੍ਹਾਂ ਪਰਿਵਾਰਾਂ ਨੂੰ ਹੈ ਵਾਪਸੀ ਦੀ ਉਡੀਕ---
ਹੁਸ਼ਿਆਰਪੁਰ, (ਜ.ਬ.)-ਤਿੰਨ ਸਾਲ ਪਹਿਲਾਂ ਇਰਾਕ ਦੇ ਸ਼ਹਿਰ ਮੋਸੁਲ 'ਚ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਦੇ ਚੁੰਗਲ 'ਚ ਫਸੇ ਹੁਣ ਲਾਪਤਾ ਚੱਲ ਰਹੇ 39 ਭਾਰਤੀਆਂ ਦੇ ਪਰਿਵਾਰਾਂ ਨੇ ਕਿਹਾ ਕਿ ਭਾਰਤ ਸਰਕਾਰ ਹੁਣ ਬਿਨਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਉਕਤ ਨੌਜਵਾਨਾਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਵੇ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਇਰਾਕ ਸਰਕਾਰ ਵੀ ਮੋਸੁਲ ਸ਼ਹਿਰ ਦੇ ਅੱਤਵਾਦੀਆਂ ਤੋਂ ਆਜ਼ਾਦ ਹੋਣ ਦਾ ਜਸ਼ਨ ਮਨਾ ਰਹੀ ਹੈ ਤਾਂ ਫਿਰ ਭਾਰਤ ਸਰਕਾਰ ਆਪਣੇ 39 ਨਾਗਰਿਕਾਂ ਨੂੰ ਰਿਹਾਅ ਕਰਵਾ ਕੇ ਦੇਸ਼ ਲਿਆਉਣ 'ਚ ਦੇਰੀ ਕਿਉਂ ਕਰ ਰਹੀ ਹੈ? ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਛਾਉਣੀ ਕਲਾਂ ਦੇ ਇਰਾਕ 'ਚ ਲਾਪਤਾ ਚੱਲ ਰਹੇ 39 ਨੌਜਵਾਨਾਂ 'ਚ ਸ਼ਾਮਲ ਕਮਲਜੀਤ ਸਿੰਘ ਦੀ ਮਾਤਾ ਸੰਤੋਸ਼ ਤੇ ਪਿਤਾ ਪ੍ਰੇਮ ਸਿੰਘ, ਹੁਸ਼ਿਆਰਪੁਰ ਜ਼ਿਲੇ ਦੇ ਹੀ ਪਿੰਡ ਜੈਤਪੁਰ ਦੇ ਨੌਜਵਾਨ ਗੁਰਦੀਪ ਸਿੰਘ ਦੀ ਪਤਨੀ ਅਨੀਤਾ ਅਤੇ ਅੰਮ੍ਰਿਤਸਰ ਦੇ ਪਿੰਡ ਭੋਏਵਾਲ ਦੇ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ ਨੇ ਦਸੂਹਾ ਸਥਿਤ ਆਪਣੇ ਸਹੁਰੇ ਪਰਿਵਾਰ 'ਚ ਦੱਸਿਆ ਕਿ 8 ਜੂਨ ਨੂੰ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਲੀ 'ਚ 39 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਸੀ ਕਿ ਬਸ 2 ਹਫਤਿਆਂ ਦੀ ਗੱਲ ਹੈ, ਸਾਰੇ ਨੌਜਵਾਨ ਜਲਦ ਭਾਰਤ ਵਾਪਸ ਆ ਜਾਣਗੇ। ਹੁਣ ਜਦ ਮੋਸੂਲ ਆਜ਼ਾਦ ਹੋ ਗਿਆ ਹੈ ਤਾਂ ਇਹ ਨੌਜਵਾਨ ਕੱਦੋਂ ਆਜ਼ਾਦ ਹੋਣਗੇ। ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਸੁਸ਼ਮਾ ਸਵਰਾਜ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਾਰੇ 39 ਭਾਰਤੀ ਨੌਜਵਾਨਾਂ ਨੂੰ ਇਰਾਕ ਵਿਚੋਂ ਸੁਰੱਖਿਅਤ ਵਾਪਸ ਲੈ ਕੇ ਆਉਣ।
ਅੱਖਾਂ 'ਚ ਆਪਣਿਆਂ ਦੇ ਵਾਪਸ ਆਉਣ ਦਾ ਇੰਤਜ਼ਾਰ : ਛਾਉਣੀ ਕਲਾਂ ਪਿੰਡ 'ਚ ਕਮਲਜੀਤ ਸਿੰਘ ਦੀ ਮਾਤਾ ਸੰਤੋਸ਼ ਤੇ ਜੈਤਪੁਰ 'ਚ ਗੁਰਦੀਪ ਸਿੰਘ ਦੀ ਪਤਨੀ ਅਨੀਤਾ ਦੀਆਂ ਅੱਖਾਂ ਰੋ-ਰੋ ਕੇ ਹੁਣ ਪਥਰਾਅ ਗਈਆਂ ਹਨ। ਦਸੂਹਾ 'ਚ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ ਨੇ ਦੱਸਿਆ ਕਿ ਉਹ 3 ਸਾਲ 1 ਮਹੀਨੇ ਤੋਂ ਲਗਾਤਾਰ ਧੱਕੇ ਖਾ ਰਹੇ ਹਨ ਪਰ ਸਾਨੂੰ ਅੱਜ ਤੱਕ ਭਰੋਸੇ ਤੋਂ ਸਿਵਾ ਕੁਝ ਨਹੀਂ ਮਿਲਿਆ। ਹੁਣ ਇਰਾਕ ਦੀ ਸਰਕਾਰ ਦੇ ਐਲਾਨ ਤੋਂ ਬਾਅਦ ਲੱਗਦਾ ਹੈ ਕਿ ਉਕਤ ਨੌਜਵਾਨ ਜਲਦ ਇਰਾਕ ਤੋਂ ਵਾਪਸ ਆਉਣਗੇ। ਲਾਪਤਾ ਚੱਲ ਰਹੇ ਨੌਜਵਾਨ ਨਿਸ਼ਾਨ ਸਿੰਘ ਦੇ ਪਿਤਾ ਸਰਵਣ ਸਿੰਘ ਤੇ ਗੁਰਚਰਨ ਸਿੰਘ ਦੇ ਪਿਤਾ ਸਰਦਾਰਾ ਸਿੰਘ ਨੇ ਕਿਹਾ ਕਿ ਉਹ ਲੋਕ ਚੱਕਰ ਲਾ-ਲਾ ਕੇ ਥੱਕ ਚੁੱਕੇ ਹਨ।
ਜਲੰਧਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੇ ਪਰਿਵਾਰ 'ਤੇ ਕਾਤਲਾਨਾ ਹਮਲਾ
NEXT STORY