ਅੰਮ੍ਰਿਤਸਰ, (ਵੜੈਚ)- ਸਵੱਛ ਭਾਰਤ ਅਭਿਆਨ 'ਚ ਪਬਲਿਕ ਆਪਣਾ ਸਹਿਯੋਗ ਕਾਫੀ ਹੱਦ ਤੱਕ ਦੇ ਰਹੀ ਹੈ ਪਰ ਉਨ੍ਹਾਂ ਆਵਾਰਾ ਪਸ਼ੂਆਂ ਦਾ ਕੀ ਕੀਤਾ ਜਾਵੇ ਜੋ ਜਗ੍ਹਾ-ਜਗ੍ਹਾ 'ਤੇ ਮਲ-ਮੂਤਰ ਕਰ ਕੇ ਸ਼ਹਿਰ ਨੂੰ ਗੰਦਾ ਕਰ ਰਹੇ ਹਨ। ਮਹਾਨਗਰ ਵਿਚ ਸੈਂਕੜੇ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਨਾ ਹੋਣ ਕਰ ਕੇ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਵਿਚ ਪਸ਼ੂਆਂ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਸਰਕਾਰ ਵੱਲੋਂ ਗਊਸ਼ਾਲਾਵਾਂ ਨੂੰ ਸਾਲਾਨਾ ਗ੍ਰਾਂਟ ਨਾ ਦਿੱਤੇ ਜਾਣ ਕਰ ਕੇ ਪ੍ਰਬੰਧਕ ਨਿਗਮ ਦੇ ਕੈਟਲ ਵਿਭਾਗ ਵੱਲੋਂ ਉਠਾਏ ਪਸ਼ੂ ਰੱਖਣ ਤੋਂ ਸਾਫ ਇਨਕਾਰ ਕਰ ਰਹੇ ਹਨ, ਜਦਕਿ ਦੂਜੇ ਪਾਸੇ ਕੰਗਾਲ ਨਿਗਮ ਕਈ ਸਾਲਾਂ ਤੋਂ ਨਿਗਮ ਮੁਲਾਜ਼ਮਾਂ ਨੂੰ ਸਮੇਂ ਸਿਰ ਭੁਗਤਾਨ ਨਹੀਂ ਕਰ ਸਕਦਾ, ਉਹ ਗਊਆਂ ਜਾਂ ਹੋਰ ਪਸ਼ੂਆਂ ਦੀ ਸੰਭਾਲ ਕਿਵੇਂ ਕਰ ਸਕਦਾ ਹੈ।
ਮਹਾਨਗਰ ਵਿਚ ਰਾਮਬਾਗ, ਹਾਲ ਗੇਟ, ਹਾਥੀ ਗੇਟ, ਰਣਜੀਤ ਐਵੀਨਿਊ, ਮਜੀਠਾ ਰੋਡ, ਮਹਾ ਸਿੰਘ ਗੇਟ ਤੇ ਆਈ. ਡੀ. ਐੱਚ. ਮਾਰਕੀਟ ਸਮੇਤ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿਚ ਗਊਆਂ ਤੋਂ ਲੋਕ ਪ੍ਰੇਸ਼ਾਨ ਹਨ। ਗਊਆਂ ਦੀ ਸੰਭਾਲ ਖਾਣ-ਪੀਣ ਅਤੇ ਬੀਮਾਰ ਪਸ਼ੂਆਂ ਦੇ ਇਲਾਜ ਲਈ ਗਊ ਪ੍ਰੇਮੀਆਂ ਨੂੰ ਅਹਿਮ ਯੋਗਦਾਨ ਅਦਾ ਕਰਨ ਲਈ ਵਿਸ਼ੇਸ਼ ਕਦਮ ਉਠਾਉਣੇ ਜ਼ਰੂਰੀ ਹਨ।
ਸ਼ਹਿਰਵਾਸੀ ਸੰਜੇ ਅਰੋੜਾ, ਦਿਲਬਾਗ ਸਿੰਘ, ਜਤਿੰਦਰ ਕੁਮਾਰ ਅਰੋੜਾ ਤੇ ਮਨਮੀਤ ਸਿੰਘ ਨੇ ਕਿਹਾ ਕਿ ਸੜਕਾਂ, ਮੁਹੱਲਿਆਂ, ਗਲੀਆਂ, ਬਾਜ਼ਾਰਾਂ ਵਿਚ ਘੁੰਮਦੀਆਂ ਗਊਆਂ ਨੂੰ ਉਠਾ ਕੇ ਸਹੀ ਜਗ੍ਹਾ 'ਤੇ ਸੰਭਾਲ ਕਰਨੀ ਚਾਹੀਦੀ ਹੈ। ਗਊਆਂ ਜਗ੍ਹਾ-ਜਗ੍ਹਾ ਗੋਬਰ ਕਰਦੀਆਂ ਹਨ। ਉਥੇ ਕਈ ਵਾਰ ਰਾਹਗੀਰਾਂ ਨੂੰ ਮਾਰਨ ਲਈ ਵੀ ਪਿੱਛੇ ਦੌੜਦੀਆਂ ਹਨ, ਜਿਸ ਕਾਰਨ ਲੋਕਾਂ ਵਿਚ ਖੌਫ ਵੀ ਹੈ। ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ ਨੇ ਕਿਹਾ ਕਿ ਗਊਆਂ ਨੂੰ ਉਠਾਉਣ ਲਈ ਵਿਭਾਗ ਵੱਲੋਂ ਟੀਮਾਂ ਸੜਕਾਂ 'ਤੇ ਉਤਾਰੀਆਂ ਗਈਆਂ ਹਨ।
ਸਰਕਾਰੀ ਬਲੱਡ ਬੈਂਕਾਂ 'ਚ ਖੂਨ ਦੀ ਆ ਰਹੀ ਹੈ ਭਾਰੀ ਕਮੀ
NEXT STORY