ਅੰਮ੍ਰਿਤਸਰ, (ਦਲਜੀਤ)- ਖੂਨ ਦਾਨ ਮਹਾਦਾਨ ਹੈ। ਖੂਨ ਦੀ ਇਕ ਬੂੰਦ ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕੀ ਕੀਮਤੀ ਜਾਨ ਨੂੰ ਬਚਾ ਸਕਦੀ ਹੈ। ਮੁਸੀਬਤ ਦੀ ਹਾਲਤ ਵਿਚ ਖੂਨ ਲੈਣਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਮਾਝਾ ਖੇਤਰ ਦੇ ਲੋਕ ਇੰਨੇ ਸਵਾਰਥੀ ਹੋ ਗਏ ਹਨ ਕਿ ਕਿਸੇ ਹੋਰ ਦੀ ਮੁਸੀਬਤ ਵਿਚ ਖੂਨ ਦਾਨ ਨਹੀਂ ਕਰ ਰਹੇ। ਸਰਕਾਰੀ ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚ ਇਸ ਸਮੇਂ ਜ਼ਰੂਰਤ ਮੁਤਾਬਕ ਖੂਨ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ।
ਜਾਣਕਾਰੀ ਅਨੁਸਾਰ ਇਨਸਾਨ ਦੀਆਂ ਰਗਾਂ ਵਿਚ ਦੌੜਨ ਵਾਲਾ ਖੂਨ ਹੀ ਉਸ ਦੇ ਜੀਵਨ ਦਾ ਆਧਾਰ ਹੈ। ਖੂਨ ਦੀ ਮਾਤਰਾ ਘੱਟ ਹੋ ਜਾਵੇ ਤਾਂ ਇਨਸਾਨ ਸਰੀਰਕ ਸਮਰੱਥਾ ਗਵਾ ਬੈਠਦਾ ਹੈ ਤੇ ਕਈ ਬੀਮਾਰੀਆਂ ਘੇਰ ਲੈਂਦੀਆਂ ਹਨ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਲੱਡ ਬੈਂਕਾਂ ਵਿਚ ਖੂਨ ਦੀ ਭਾਰੀ ਕਮੀ ਹੈ। ਜ਼ਰੂਰਤ ਪੈਣ 'ਤੇ ਖੂਨ ਮਿਲ ਜਾਵੇ, ਇਹ ਤੈਅ ਨਹੀਂ ਹੈ। ਲੋਕ ਖੂਨ ਦੀ ਮੰਗ ਤਾਂ ਕਰਦੇ ਹਨ ਪਰ ਖੂਨ ਦਾਨ ਕਰਨ ਤੋਂ ਹਿਚਕਿਚਾਉਂਦੇ ਹਨ। ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਸਥਾਪਤ ਬਲੱਡ ਬੈਂਕ ਵਿਚ ਜ਼ਰੂਰਤ ਮੁਤਾਬਕ ਖੂਨ ਦੀ ਸਪਲਾਈ ਨਹੀਂ ਹੋ ਰਹੀ। ਹਰ ਮਹੀਨੇ ਤਕਰੀਬਨ 6 ਤੋਂ 7 ਸੌ ਯੂਨਿਟ ਖੂਨ ਦੀ ਜ਼ਰੂਰਤ ਪੈਂਦੀ ਹੈ ਪਰ ਬਲੱਡ ਬੈਂਕ ਵਿਚ ਸਿਰਫ਼ ਸਾਢੇ 3 ਸੌ ਯੂਨਿਟ ਹੀ ਪਹੁੰਚ ਰਿਹਾ ਹੈ। ਇਹ ਬਹੁਤ ਹੀ ਹੈਰਾਨੀਜਨਕ ਅਤੇ ਦੁੱਖਦ ਅੰਕੜਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਧੇ ਤੋਂ ਵੱਧ ਮਰੀਜ਼ਾਂ ਨੂੰ ਸਮਾਂ ਰਹਿੰਦੇ ਖੂਨ ਨਸੀਬ ਨਹੀਂ ਹੁੰਦਾ। ਅਜਿਹੇ ਮਰੀਜ਼ਾਂ ਨੂੰ ਜਾਂ ਤਾਂ ਨਿੱਜੀ ਬਲੱਡ ਬੈਂਕਾਂ ਵੱਲ ਰੁਖ਼ ਕਰਨਾ ਪੈਂਦਾ ਹੈ ਜਾਂ ਫਿਰ ਆਰਥਿਕ ਅਣਹੋਂਦ ਕਾਰਨ ਉਹ ਖੂਨ ਨਹੀਂ ਖਰੀਦ ਸਕਦੇ।
ਖੂਨ ਦਾਨ ਲਈ ਨੌਜਵਾਨ ਪੀੜ੍ਹੀ ਨਹੀਂ ਆ ਰਹੀ ਅੱਗੇ
ਗੁਰੂ ਨਗਰੀ 'ਚ ਤਕਰੀਬਨ ਡੇਢ ਦਰਜਨ ਖੂਨ ਦਾਨ ਸੁਸਾਇਟੀਆਂ ਮੌਜੂਦ ਹਨ। ਇਨ੍ਹਾਂ ਸੁਸਾਇਟੀਆਂ ਦੇ ਉਤਸ਼ਾਹੀ ਨੌਜਵਾਨ ਹਰ ਮਹੀਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਬਲੱਡ ਡੋਨੇਟ ਕਰ ਕੇ ਸਰਕਾਰੀ ਬਲੱਡ ਬੈਂਕ ਤੱਕ ਪਹੁੰਚਾਉਂਦੇ ਹਨ। ਜ਼ਿਆਦਾਤਰ ਖੂਨ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਸੰਚਾਲਿਤ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ 'ਚ ਪਹੁੰਚਾਇਆ ਜਾਂਦਾ ਹੈ। ਸਿਵਲ ਹਸਪਤਾਲ ਵਿਚ ਖੂਨ ਦੀ ਸਪਲਾਈ ਬਹੁਤ ਹੀ ਘੱਟ ਹੁੰਦੀ ਹੈ। ਖੂਨ ਦਾਨ ਸੁਸਾਇਟੀਆਂ ਨੂੰ ਇਕ ਪਾਸੇ ਰੱਖ ਦਿਓ ਤਾਂ ਆਪਣੀ ਇੱਛਾ ਨਾਲ ਖੂਨ ਦਾਨ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਘੱਟ ਹੈ।
ਪੰਜਾਬ ਦਾ ਸਿਹਤ ਵਿਭਾਗ ਸਾਰੇ ਛੋਟੇ ਅਤੇ ਵੱਡੇ ਸਰਕਾਰੀ ਹਸਪਤਾਲਾਂ 'ਚ ਖੂਨ ਦਾਨ ਮਹਾਦਾਨ ਦੇ ਬੈਨਰ, ਬੋਰਡ ਲਾ ਕੇ ਲੋਕਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਲੋਕ ਖੂਨ ਦਾਨ ਲਈ ਅੱਗੇ ਨਹੀਂ ਆਉਂਦੇ। ਹਾਂ, ਐਮਰਜੈਂਸੀ ਹਾਲਤ ਵਿਚ ਜੇਕਰ ਉਨ੍ਹਾਂ ਨੂੰ ਖੂਨ ਦੀ ਜ਼ਰੂਰਤ ਆ ਜਾਵੇ ਤਾਂ ਸਰਕਾਰੀ ਬਲੱਡ ਬੈਂਕਾਂ ਵੱਲ ਰੁਖ਼ ਕਰਦੇ ਹਨ। ਇਥੇ ਖੂਨ ਨਾ ਮਿਲਣ 'ਤੇ ਕਈ ਵਾਰ ਰੌਲਾ ਵੀ ਪਾਇਆ ਜਾਂਦਾ ਹੈ।
3 ਸਾਲਾਂ 'ਚ ਵਧੀ ਖੂਨ ਦੀ ਮੰਗ
ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚ ਬੀ ਪਾਜ਼ੇਟਿਵ ਗਰੁੱਪ ਦੀ ਸਭ ਤੋਂ ਵੱਧ ਮੰਗ ਹੈ। ਹਰ ਮਹੀਨੇ ਔਸਤਨ ਢਾਈ ਸੌ ਯੂਨਿਟ ਖੂਨ ਇਸ ਗਰੁੱਪ ਦਾ ਮੰਗਿਆ ਜਾਂਦਾ ਹੈ। ਓ ਨੈਗੇਟਿਵ ਗਰੁੱਪ ਦਾ ਖੂਨ ਬਲੱਡ ਬੈਂਕ 'ਚ ਕਦੇ-ਕਦਾਈਂ ਆਉਂਦਾ ਹੈ। ਇਸ ਦੀ ਮੰਗ ਵੀ ਵੱਧ ਨਹੀਂ ਰਹਿੰਦੀ। ਬਲੱਡ ਬੈਂਕ ਦੇ ਇੰਚਾਰਜ ਡਾ. ਅਰੁਣ ਸ਼ਰਮਾ ਕਹਿੰਦੇ ਹਨ ਕਿ ਬਲੱਡ ਬੈਂਕ ਵਿਚ ਖੂਨ ਸਟੋਰ ਕਰਨ ਦੀ ਪੂਰੀ ਸਹੂਲਤ ਹੈ ਪਰ ਖੂਨਦਾਨੀਆਂ ਦੀ ਰੁਚੀ ਨਾ ਹੋਣ ਕਾਰਨ ਮੰਗ ਦੇ ਅਨੁਪਾਤ ਵਿਚ ਖੂਨ ਨਹੀਂ ਪਹੁੰਚਦਾ। ਥੈਲੇਸੀਮੀਆ ਪੀੜਤ ਮਰੀਜ਼, ਗਰਭਵਤੀ ਔਰਤਾਂ ਤੇ ਸੜਕ ਹਾਦਸਿਆਂ 'ਚ ਜ਼ਖਮੀ ਲੋਕਾਂ ਨੂੰ ਤੱਤਕਾਲ ਖੂਨ ਦੀ ਜ਼ਰੂਰਤ ਪੈਂਦੀ ਹੈ। ਇਨ੍ਹਾਂ ਲਈ ਹਰ ਵਕਤ ਖੂਨ ਨੂੰ ਸਹਿਜ ਕੇ ਰੱਖਣਾ ਪੈਂਦਾ ਹੈ।
ਸ਼ਹਿਰ ਵਿਚ ਜਿਥੇ ਵੀ ਖੂਨਦਾਨ ਕੈਂਪ ਲਾਏ ਜਾਂਦੇ ਹਨ, ਉਹ ਵੱਧ ਤੋਂ ਵੱਧ ਲੋਕਾਂ ਨੂੰ ਖੂਨ ਦਾਨ ਦੀ ਅਪੀਲ ਕਰਦੇ ਹਨ ਤੇ ਜਿਸ ਗਰੁੱਪ ਦਾ ਖੂਨ ਬਲੱਡ ਬੈਂਕ ਵਿਚ ਨਹੀਂ ਹੈ, ਉਸ ਨੂੰ ਉਪਲਬਧ ਕਰਵਾਉਣ ਲਈ ਡੋਨਰਾਂ ਨੂੰ ਪ੍ਰੇਰਿਤ ਕਰਦੇ ਹਨ। ਪਿਛਲੇ 3 ਸਾਲਾਂ ਵਿਚ ਖੂਨ ਦੀ ਮੰਗ ਜ਼ਿਆਦਾ ਵਧੀ ਹੈ। ਉਨ੍ਹਾਂ ਕੋਲ ਡੋਨਰਾਂ ਦੀ ਲੰਬੀ ਲਿਸਟ ਹੈ, ਜੋ ਐਮਰਜੈਂਸੀ ਹਾਲਤ ਵਿਚ ਤੁਰੰਤ ਬਲੱਡ ਬੈਂਕ 'ਚ ਪਹੁੰਚ ਜਾਂਦੇ ਹਨ, ਫਿਰ ਵੀ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਅਤੇ ਹਰ 6 ਮਹੀਨਿਆਂ ਬਾਅਦ ਆਪਣੀ ਇੱਛਾ ਨਾਲ ਖੂਨ ਦਾਨ ਕਰਨਾ ਹੀ ਹੋਵੇਗਾ।
ਮਰੀਜ਼ਾਂ ਨੂੰ ਮਿਲਦੀ ਹੈ ਨਿਰਾਸ਼ਾ- ਸਿਵਲ ਹਸਪਤਾਲ ਵਿਚ ਪਿਛਲੇ ਇਕ ਮਹੀਨੇ 'ਚ ਐਮਰਜੈਂਸੀ ਹਾਲਤ ਵਿਚ 250 ਕੇਸ ਆਏ, ਜਿਨ੍ਹਾਂ 'ਚ ਸੜਕ ਹਾਦਸਿਆਂ ਵਿਚ ਜ਼ਖਮੀ ਅਤੇ ਸਰਜਰੀ ਤੋਂ ਬਾਅਦ ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਤੱਤਕਾਲ ਖੂਨ ਦੀ ਜ਼ਰੂਰਤ ਪਈ। ਐਮਰਜੈਂਸੀ ਹਾਲਤ ਵਿਚ ਬਲੱਡ ਬੈਂਕ 'ਚ ਖੂਨ ਸਟੋਰ ਕਰ ਕੇ ਰੱਖਿਆ ਜਾਂਦਾ ਹੈ, ਜੋ ਇਨ੍ਹਾਂ ਮਰੀਜ਼ਾਂ ਨੂੰ ਉਪਲਬਧ ਕਰਵਾ ਦਿੱਤਾ ਗਿਆ। ਸਿਵਲ ਹਸਪਤਾਲ ਅੰਮ੍ਰਿਤਸਰ ਦਾ ਬਲੱਡ ਬੈਂਕ ਹੀ ਸਿਰਫ ਇਕ ਅਜਿਹਾ ਬੈਂਕ ਹੈ, ਜੋ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਪਠਾਨਕੋਟ ਆਦਿ ਜ਼ਿਲਿਆਂ ਦੇ ਲੋਕਾਂ ਲਈ ਵੀ ਕੰਮ ਕਰ ਰਿਹਾ ਹੈ। ਬੈਂਕ ਦੇ ਇੰਚਾਰਜ ਡਾ. ਅਰੁਣ ਵੱਲੋਂ ਖੂਨ ਦੀ ਕਮੀ ਨਾ ਆਏ, ਇਸ ਸਬੰਧੀ ਕਾਫ਼ੀ ਯਤਨ ਕੀਤੇ ਜਾਂਦੇ ਹਨ।
ਟੈਲੀਫੋਨ ਐਕਸਚੇਂਜ ਨੂੰ ਅੱਗ ਲਾਉਣ ਵਾਲੇ 7 ਡੇਰਾ ਪ੍ਰੇਮੀ ਗ੍ਰਿਫਤਾਰ
NEXT STORY