ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਦੇਸ਼ ਅੰਦਰ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਤੋਂ ਆਮਦਨ ਨੂੰ ਅਗਲੇ 3 ਸਾਲਾਂ ਤੱਕ ਦੁੱਗਣਾ ਕਰਨ ਦੇ ਟੀਚੇ ਦੀ ਪ੍ਰਾਪਤੀ ਸਬੰਧੀ ਸਿਫ਼ਾਰਿਸ਼ਾਂ ਦੇਣ ਲਈ ਬਣਾਈ ਗਈ ਕੌਮੀ ਕਮੇਟੀ 'ਚੋਂ ਪੰਜਾਬ ਨੂੰ ਬਾਹਰ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਅਤੇ ਪਾਣੀ ਦਾ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਨਜ਼ਰ-ਅੰਦਾਜ਼ ਕੀਤਾ ਹੈ, ਸਗੋਂ ਪਿਛਲੇ 60 ਸਾਲਾਂ ਤੋਂ ਪੂਰੇ ਦੇਸ਼ ਦਾ ਪੇਟ ਭਰ ਰਹੇ ਪੰਜਾਬ ਦੇ 'ਅੰਨਦਾਤਾ' ਦੀ ਤੌਹੀਨ ਕੀਤੀ ਹੈ। ਭਗਵੰਤ ਮਾਨ ਨੇ ਮੰਗ ਕੀਤੀ ਕਿ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰ ਕੇ ਮੋਦੀ ਸਰਕਾਰ ਇਸ ਕੌਮੀ ਕਮੇਟੀ 'ਚ ਪੰਜਾਬ ਨੂੰ ਤੁਰੰਤ ਸ਼ਾਮਲ ਕਰਕੇ ਖੇਤੀ ਪ੍ਰਧਾਨ ਸੂਬੇ ਦਾ ਹੱਕ ਬਹਾਲ ਕਰੇ।
ਭਗਵੰਤ ਮਾਨ ਨੇ ਇਸ ਮੁੱਦੇ 'ਤੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਘੇਰਦਿਆਂ ਕਿਹਾ ਕਿ ਮੋਦੀ ਸਰਕਾਰ ਜਦੋਂ ਅਜਿਹੇ ਮਹੱਤਵਪੂਰਨ ਮੁੱਦਿਆਂ 'ਤੇ ਫ਼ੈਸਲਾ ਲੈਣ ਸਮੇਂ ਪੰਜਾਬ ਨੂੰ ਅਣਗੌਲਿਆ ਕਰਦੀ ਹੈ ਤਾਂ ਉਹ (ਹਰਸਿਮਰਤ ਬਾਦਲ) ਕਿੱਥੇ ਹੁੰਦੇ ਹਨ? ਮਾਨ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਸਿਰਫ਼ ਸੱਤਾ ਭੋਗਣ ਲਈ ਹੀ ਬਾਦਲਾਂ ਨੇ ਆਪਣੀ ਨੂੰਹ ਨੂੰ ਕੇਂਦਰੀ ਮੰਤਰੀ ਬਣਵਾਇਆ ਹੈ? ਕੀ ਬਠਿੰਡਾ ਅਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨਾ ਹਰਸਿਮਰਤ ਕੌਰ ਬਾਦਲ ਦੀ ਮੁੱਖ ਜ਼ਿੰਮੇਵਾਰੀ ਨਹੀਂ ਹੈ? ਭਗਵੰਤ ਮਾਨ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਜਾਬ ਦੇ ਸਾਰੇ ਸੰਸਦ ਅਤੇ ਰਾਜ ਸਭਾ ਮੈਂਬਰ ਨੂੰ ਇਸ ਮੁੱਦੇ 'ਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਕਿ ਮੋਦੀ ਸਰਕਾਰ 'ਤੇ ਦਬਾਅ ਪਾ ਕੇ ਪੰਜਾਬ ਨੂੰ ਉਸ ਕੌਮੀ ਕਮੇਟੀ ਦਾ ਮੈਂਬਰ ਬਣਵਾਇਆ ਜਾ ਸਕੇ, ਜਿਸ ਨਾਲ ਪੰਜਾਬ ਦੀ ਖੇਤੀ ਅਤੇ ਸਮੁੱਚੀ ਆਰਥਿਕਤਾ ਜੁੜੀ ਹੋਈ ਹੈ।
ਵਿਜੀਲੈਂਸ ਨੇ ਜੂਨ ਮਹੀਨੇ 13 ਮੁਲਾਜ਼ਮਾਂ ਤੇ 2 ਲੋਕਾਂ ਨੂੰ ਰਿਸ਼ਵਤ ਲੈਂਦੇ ਦਬੋਚਿਆ
NEXT STORY