ਜਲੰਧਰ(ਧਵਨ)-ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਸੂਬੇ ਵਿਚ ਟਰੱਕ ਆਪ੍ਰੇਟਰਾਂ ਤੇ ਟਰੱਕ ਯੂਨੀਅਨਾਂ ਦੇ ਗਲਬੇ ਨੂੰ ਤੋੜ ਦਿੱਤਾ ਹੈ ਤੇ ਨਾਲ ਹੀ ਨਵੀਂ ਪੰਜਾਬ ਟਰਾਂਸਪੋਰਟ ਸਕੀਮ 2018 ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਦੇ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਪਰਮਿਟ ਦਿੱਤੇ ਜਾਣਗੇ ਤੇ ਇਸ ਲਈ ਸਰਕਾਰ ਵੱਲੋਂ ਪਾਰਦਰਸ਼ੀ ਢੰਗ ਅਪਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਸੈਕਟਰ 'ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿਚ ਟਰਾਂਸਪੋਰਟ ਸੈਕਟਰ ਤੋਂ ਹਾਸਲ ਹੋਣ ਵਾਲੇ ਮਾਲੀਏ ਵਿਚ 23.49 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 1548.85 ਕਰੋੜ ਦੇ ਮੁਕਾਬਲੇ ਚਾਲੂ ਸਾਲ ਦੌਰਾਨ ਟਰਾਂਸਪੋਰਟ ਸੈਕਟਰ ਤੋਂ 1912.67 ਕਰੋੜ ਦਾ ਮਾਲੀਆ ਹਾਸਲ ਹੋਇਆ ਹੈ। ਸੂਬੇ ਵਿਚ ਸਰਕਾਰ ਨੇ 500 ਨਵੀਆਂ ਬੱਸਾਂ ਦਾ ਫਲੀਟ ਸਟੇਟ ਟਰਾਂਸਪੋਰਟ ਅੰਡਰਟੇਕਿੰਗ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ ਤੇ ਨਾਲ ਹੀ ਸੂਬੇ ਵਿਚ 12 ਨਵੇਂ ਬੱਸ ਸਟੈਂਡ ਬਣਾਏ ਜਾਣਗੇ। ਸਾਰੀਆਂ ਸਰਕਾਰੀ ਬੱਸਾਂ ਵਿਚ ਜੀ. ਪੀ. ਐੱਸ. ਟ੍ਰੈਕਿੰਗ ਸਿਸਟਮ ਲਾਇਆ ਜਾ ਰਿਹਾ ਹੈ। ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਵਿਚ ਨੀਲਾਮ ਹੋਏ ਰੂਟ, ਪਰਮਿਟ ਹੁਣ ਕੈਪਟਨ ਸਰਕਾਰ ਦੇ ਨਿਸ਼ਾਨੇ 'ਤੇ ਆ ਗਏ ਹਨ। ਇਹ ਦੋਸ਼ ਲੱਗਦੇ ਰਹੇ ਹਨ ਕਿ ਇਨ੍ਹਾਂ ਰੂਟ ਪਰਮਿਟਾਂ ਦੀ ਅਲਾਟਮੈਂਟ ਵਿਚ ਭਾਈ-ਭਤੀਜਾਵਾਦ ਹੋਇਆ ਹੈ। ਕਾਂਗਰਸ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਪਣੇ ਚੋਣ ਐਲਾਨ ਪੱਤਰ ਵਿਚ ਵੀ ਐਲਾਨ ਕੀਤਾ ਸੀ ਕਿ ਟਰਾਂਸਪੋਰਟ ਸੈਕਟਰ ਵਿਚ ਗਲਬੇ ਨੂੰ ਤੋੜਦਿਆਂ ਸਾਬਕਾ ਸਰਕਾਰ ਦੇ ਸਮੇਂ ਅਲਾਟ ਕੀਤੇ ਗਏ ਰੂਟ, ਪਰਮਿਟਾਂ ਦੀ ਜਾਂਚ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਇਸ ਗੱਲ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਕੁਝ ਸਮਾਂ ਪਹਿਲਾਂ ਇਹ ਮਾਮਲਾ ਹਾਈਕੋਰਟ ਵਿਚ ਵੀ ਗਿਆ ਸੀ ਤੇ ਅਦਾਲਤ ਨੇ ਵੀ ਪਿਛਲੇ ਕੁਝ ਸਮੇਂ ਦੌਰਾਨ ਦਿੱਤੇ ਗਏ ਕਈ ਪਰਮਿਟਾਂ ਨੂੰ ਰੱਦ ਕਰਨ ਦੀ ਗੱਲ ਸਰਕਾਰ ਨੂੰ ਕਹੀ ਸੀ।
ਬਾਲਟੀ 'ਚ ਫਸਿਆ 15 ਮਹੀਨਿਆਂ ਦੀ ਬੱਚੀ ਦਾ ਸਿਰ, ਮੌਤ
NEXT STORY