ਗੁਰਦਾਸਪੁਰ (ਦੀਪਕ) - 14 ਨਵੰਬਰ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਦੇ ਰੂਪ 'ਚ ਪੂਰੇ ਦੇਸ਼ 'ਚ ਮਨਾਇਆ ਜਾਂਦਾ ਹੈ। ਇਸ ਦਿਨ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾ ਤੇ ਵੱਖ-ਵੱਖ ਸੰਸਥਾਵਾਂ 'ਚ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਉੱਚ ਅਧਿਕਾਰੀ ਤੇ ਨੇਤਾ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਿਆਨਬਾਜ਼ੀ ਕਰਦੇ ਹਨ, ਪਰ ਬਾਲ ਮਜ਼ਦੂਰੀ ਨੂੰ ਅਜੇ ਵੀ ਪੂਰੀ ਤਰ੍ਹਾਂ ਰੋਕਿਆਂ ਨਹੀਂ ਗਿਆ। ਅਸਲੀਅਤ ਇਹ ਹੈ ਕਿ ਇਸ ਦਿਨ ਤੋਂ ਬਾਅਦ ਦੁਕਾਨਾਂ 'ਤੇ ਬੱਚੇ ਬਰਤਨ ਸਾਫ ਕਰਦੇ ਹਨ ਤੇ ਬੱਚਿਆਂ ਨੂੰ ਰੋਕਣ ਲਈ ਕਦੀ ਵੀ ਸਖਤੀ ਨਹੀਂ ਹੁੰਦੀ ਹੈ ਤੇ ਜੇਕਰ ਕੀਤੇ ਸਖਤੀ ਹੁੰਦੀ ਵੀ ਹੈ ਤਾਂ ਇਹ ਸਿਰਫ ਖਾਨਾਪੂਰਤੀ ਦੇ ਬਰਾਬਰ ਹੀ ਹੈ, ਜਿਸ ਨਾਲ ਪੜ੍ਹਨ ਦੀ ਉਮਰ 'ਚ ਬੱਚੇ ਸ਼ਰੇਆਮ ਮਜ਼ਦੂਰੀ ਕਰਕੇ ਦੋ ਵਕਤ ਦੀ ਰੋਟੀ ਕਮਾਉਂਦੇ ਹਨ, ਜਿਨ੍ਹਾਂ ਨੰਨ੍ਹੇ ਹੱਥਾਂ 'ਚ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਨ੍ਹਾਂ 'ਚ ਜੂਠੇ ਬਰਤਨ ਦੇਖੇ ਜਾਂਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਸਾਲ ਕਿਸੇ ਵੀ ਵੱਡੀ ਸਮਾਜਿਕ ਸੰਸਥਾ ਨੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਅਵਾਜ਼ ਨਹੀਂ ਉਠਾਈ ਜਿਸ ਨਾਲ ਸਰਕਾਰ ਦੁਆਰਾ ਬਣਾਏ ਐਕਟ ਦੀਆਂ ਧੱਜੀਆਂ ਉੱਡ ਰਹੀਆਂ ਹਨ।
ਗੁਰਦਾਸਪੁਰ 'ਚ ਵੱਖ-ਵੱਖ ਦੁਕਾਨਾਂ ਅਤੇ ਰਹਿੜੀਆਂ ਲਗਾ ਕੇ ਬੈਠੇ ਬਾਲ ਮਜ਼ਦੂਰਾਂ ਤੋਂ ਬਾਲ ਮਜ਼ਦੂਰੀ ਕਰਨ ਦੇ ਕਾਰਨਾਂ ਬਾਰੇ ਜਦੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਗਰੀਬ ਘਰਾਂ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ। ਉਨ੍ਹਾਂ ਦੇ ਘਰਾਂ ਦਾ ਖਰਚ ਬਹੁਤ ਮੁਸ਼ਕਲ ਨਾਲ ਚਲ ਰਿਹਾ ਹੈ ਤੇ ਦੋ ਵਕਤ ਦੀ ਰੋਟੀ ਕਮਾਉਣ ਲਈ ਉਨ੍ਹਾਂ ਨੂੰ ਕੰਮ ਕਰਨਾ ਪੈਂਦਾ ਹੈ।
ਸਰਕਾਰੀ ਫਾਇਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਰਾਇਟ-ਟੂ-ਐਜੂਕੇਸ਼ਨ
ਅੱਜ ਪੂਰੇ ਸ਼ਹਿਰ 'ਚ ਵੱਖ-ਵੱਖ ਹੋਟਲਾਂ ਤੇ ਵਪਾਰਿਕ ਸੰਸਥਾਵਾਂ ਦੇ ਨਾਲ-ਨਾਲ ਕਈ ਘਰਾਂ ਤੇ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਵੱਡੀ ਸੰਖਿਆ 'ਚ ਛੋਟੀ ਉਮਰ ਦੇ ਬੱਚੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਜ਼ਦੂਰੀ ਕਰਦੇ ਹਨ। ਭਾਵੇ ਹੀ ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਰਾਈਟ-ਟੂ-ਐਜੂਕੇਸ਼ਨ ਪਾਸ ਕਰਕੇ ਹਰ ਬੱਚੇ ਲਈ ਸਿੱਖਿਆ ਜ਼ਰੂਰੀ ਦਾ ਸੰਦੇਸ਼ ਦਿੱਤਾ ਹੈ ਪਰ ਅਜਿਹੇ ਹਾਲਾਤਾਂ 'ਚ ਇਹ ਲੱਗਦਾ ਹੈ ਕਿ ਸਰਕਾਰ ਦਾ ਇਹ ਕਾਨੂੰਨ ਸਿਰਫ ਫਾਇਲਾਂ ਦਾ ਸ਼ਿੰਗਾਰ ਬਣਕੇ ਰਹਿ ਗਿਆ ਹੈ।
ਸਰਕਾਰ ਵੱਲੋਂ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਣਾਏ ਗਏ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ। ਸਿਰਫ ਬਾਲ ਦਿਵਸ ਵਾਲੇ ਦਿਨ ਇਸ ਸਬੰਧੀ ਸਮਾਰੋਹ ਕਰਵਾਉਣ ਦੇ ਨਾਲ ਬਾਲ ਮਜ਼ਦੂਰੀ ਖਤਮ ਨਹੀਂ ਹੋਣ ਵਾਲੀ। ਜੇਕਰ ਪ੍ਰਸਾਸ਼ਨ ਤੇ ਸਰਕਾਰਾਂ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਚਨਬੱਧ ਹੈ ਤਾਂ ਕੰਮ ਕਰਦੇ ਇਨ੍ਹਾਂ ਬੱਚਿਆਂ ਨੂੰ ਸਕੂਲ ਪਹੁੰਚਾਉਣ ਤੱਕ ਜ਼ਰੂਰੀ ਕਦਮ ਉਠਾਏ ਤਾਂ ਜੋ ਬਾਲ ਮਜ਼ਦੂਰੀ ਪੂਰੀ ਤਰ੍ਹਾਂ ਰੁਕ ਸਕੇ। - ਸਵਿੰਦਰ ਸਿੰਘ ਗਿੱਲ, ਚੇਅਰਮੈਨ
ਸਾਡਾ ਦੇਸ਼ ਅੱਗੇ ਵੱਧ ਰਿਹਾ ਹੈ, ਉੱਥੇ ਹੀ ਬਾਲ ਮਜ਼ਦੂਰੀ ਇਕ ਬਹੁਤ ਵੱਡੀ ਤੇ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਬਾਲ ਮਜ਼ਦੂਰੀ ਨੂੰ ਰੋਕਣ ਲੀ ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਕਦਮ ਚੁੱਕ ਕੇ ਬੱਚਿਆਂ ਨੂੰ ਸਿੱਖਿਆ ਸਬੰਧੀ ਜਾਗਰੂਰਕ ਕੀਤਾ ਜਾਵੇ। - ਓਮ ਪ੍ਰਕਾਸ਼ ਸ਼ਰਮਾ, ਪ੍ਰਧਾਨ ਐਂਟੀਕ੍ਰਪਸ਼ਨ ਹਿਊਮਨ ਰਾਈਟਸ
ਜ਼ਿਲਾ ਪ੍ਰਸਾਸ਼ਨ ਵੱਲੋਂ ਸਾਲ 'ਚ ਇਕ ਵਾਰ ਸਰਕਾਰੀ ਆਦੇਸ਼ਾ 'ਤੇ ਮਨਾਏ ਜਾਂਦੇ ਬਾਲ ਮਜ਼ਦੂਰੀ ਦਿਵਸ ਦੌਰਾਨ ਹੀ ਦੁਕਾਨਾਂ ਤੇ ਅਨੇਕਾਂ ਸਥਾਨਾਂ 'ਤੇ ਕੰਮ ਕਰਦੇ ਬੱਚਿਆਂ ਨੂੰ ਮਜ਼ਦੂਰੀ ਤੋਂ ਮੁਕਤ ਕਰਵਾਉਣ ਲਈ ਕਾਰਵਾਈ ਹੁੰਦੀ ਹੈ ਪਰ ਪੂਰਾ ਸਾਲ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜੇਕਰ ਬਾਲ ਮਜ਼ਦੂਰੀ ਨੂੰ ਸਮਾਜ ਤੋਂ ਖਤਮ ਕਰਨਾ ਹੈ ਤਾਂ ਸਰਕਾਰ ਤੇ ਸਬੰਧਿਤ ਵਿਭਾਗ ਨੂੰ ਨਿਰੰਤਰ ਅਸਲੀ ਤੌਰ 'ਤੇ ਕਾਰਵਾਈ ਕਰਨੀ ਪਵੇਗੀ। - ਵਰੁਣ ਆਨੰਦ, ਪ੍ਰਧਾਨ ਵੈਲਫੇਅਰ ਸੋਸਾਇਟੀ
ਸਰਕਾਰ ਵੱਲੋਂ ਬੱਚਿਆਂ ਦੇ ਚੰਗੇ ਭਵਿੱਖ ਲਈ ਕਦਮ ਚੁੱਕਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਇਕ ਟੀਮ ਬਣਾ ਕੇ ਵੱਖ-ਵੱਖ ਸਥਾਨਾਂ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਬਾਲ ਮਜ਼ਦੂਰੀ ਕਰਨ ਵਾਲੇ ਬੱਚਿਆਂ ਨੂੰ ਪੜ੍ਹਾਈ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। - ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ
ਦੜਾ-ਸੱਟਾ ਲਗਾਉਂਦਾ ਇਕ ਕਾਬੂ, ਇਕ ਫਰਾਰ
NEXT STORY