ਬਠਿੰਡਾ(ਸੁਖਵਿੰਦਰ)-ਪਾਬੰਦੀਸ਼ੁਦਾ ਚਾਈਨਾ ਡੋਰ ਦੀ ਹੁਣ ਹੋਮ ਡਲਿਵਰੀ ਵੀ ਹੋਣ ਲੱਗੀ ਹੈ ਜਿਸ ਤੋਂ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਖਬਰ ਹੈ। ਕੁਝ ਦੁਕਾਨਦਾਰਾਂ ਨੇ ਆਪਣੇ ਹੀ ਕੁਝ ਲੋਕਾਂ ਨੂੰ ਦੁਕਾਨਾਂ ਦੇ ਆਸਪਾਸ ਛੱਡਿਆ ਹੋਇਆ ਹੈ ਅਤੇ ਉਹ ਲੋਕ ਗਾਹਕ ਵਲੋਂ ਡੋਰ ਮੰਗਣ 'ਤੇ ਤੁਰੰਤ ਗਾਹਕ ਦੇ ਦੱਸੇ ਗਏ ਟਿਕਾਣੇ 'ਤੇ ਪਹੁੰਚਾ ਦਿੰਦੇ ਹਨ। ਇਹ ਖੇਡ ਖੁੱਲ੍ਹੇਆਮ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਇਸ ਤੋਂ ਬੇਖਬਰ ਹੈ। ਹੁਣ ਆਮ ਲੋਕ ਧੜੱਲੇ ਨਾਲ ਚਾਈਨਾ ਡੋਰ ਖਰੀਦ ਰਹੇ ਹਨ ਤਾਂ ਪ੍ਰਸ਼ਾਸਨ ਨੂੰ ਇਸ ਦਾ ਪਤਾ ਨਾ ਲੱਗਣਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਪਾਬੰਦੀ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਇਸ ਡੋਰ ਦੀ ਵਿਕਰੀ 'ਤੇ ਧਿਆਨ ਨਹੀਂ ਦੇ ਰਿਹਾ ਜਿਸ ਨਾਲ ਇਸ ਡੋਰ ਦੇ ਖਿਲਾਫ ਮੁਹਿੰਮ ਚਲਾ ਰਹੀਆਂ ਸੰਸਥਾਵਾਂ 'ਚ ਵੀ ਰੋਸ ਹੈ।
ਬਲੈਕ 'ਚ ਵਿਕ ਰਹੀ ਹੈ ਚਾਈਨਾ ਡੋਰ :
ਸੂਤਰਾਂ ਦੀ ਮੰਨੀਏ ਤਾਂ ਚਾਈਨਾ ਡੋਰ ਦੀ ਜ਼ੋਰਦਾਰ ਬਲੈਕ ਵੀ ਹੋ ਰਹੀ ਹੈ। 300 ਰੁਪਏ ਵਾਲਾ ਗੱਟੂ ਇਨ੍ਹੀਂ ਦਿਨੀਂ 500 ਰੁਪਏ ਵਿਚ ਮਿਲਣ ਲੱਗਿਆ ਹੈ। ਪ੍ਰਸ਼ਾਸਨ ਕਹਿ ਰਿਹਾ ਹੈ ਕਿ ਡੋਰ ਦੀ ਵਿਕਰੀ ਨਹੀਂ ਹੋ ਰਹੀ ਜਦਕਿ ਵੇਚਣ ਵਾਲੇ ਖੂਬ ਹੱਥ ਰੰਗ ਰਹੇ ਹਨ। ਚਾਈਨਾ ਡੋਰ ਹੁਣ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਤੇ ਪਹੁੰਚਾਈ ਜਾ ਰਹੀ ਹੈ। ਮਹਿੰਗੀ ਹੋਣ ਦੇ ਬਾਵਜੂਦ ਕੁਝ ਲੋਕ ਇਸ ਡੋਰ ਨੂੰ ਖਰੀਦ ਰਹੇ ਹਨ। ਕੁਝ ਲੋਕ ਬੱਚਿਆਂ ਦੀ ਜ਼ਿੱਦ ਦੇ ਅੱਗੇ ਝੁਕ ਰਹੇ ਹਨ ਤਾਂ ਕੁਝ ਨੌਜਵਾਨ ਪਤੰਗਬਾਜ਼ੀ ਦੇ ਸ਼ੌਕ ਨੂੰ ਪੂਰਾ ਕਰਨ ਲਈ ਇਸ ਦੀ ਖਰੀਦ ਕਰ ਰਹੇ ਹਨ। ਇਸ ਕਾਰਨ ਪਾਬੰਦੀ ਦੇ ਬਾਵਜੂਦ ਇਹ ਡੋਰ ਵਿਕ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਜ਼ਿੰਦਗੀਆਂ ਲਈ ਖਤਰਾ ਬਣੀ ਇਸ ਡੋਰ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਕਰਵਾਇਆ ਜਾਵੇ।
ਚਾਈਨਾ ਡੋਰ ਸਾੜ ਕੇ ਕੀਤਾ ਪ੍ਰਦਰਸ਼ਨ
ਲਾਈਨਪਾਰ ਇਲਾਕੇ ਦੇ ਸਮਾਜਸੇਵੀ ਅਤੇ ਖੂਨਦਾਨੀ ਬੀਰਬਲ ਬਾਂਸਲ ਵੀਰੂ ਵਲੋਂ ਲਗਾਤਾਰ ਚਾਈਨਾ ਡੋਰ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਵਲੋਂ ਨਾ ਕੇਵਲ ਸੋਸ਼ਲ ਮੀਡੀਆ 'ਤੇ ਚਾਈਨਾ ਡੋਰ ਦੇ ਖਿਲਾਫ ਮੁਹਿੰਮ ਚਲਾਈ ਗਈ ਬਲਕਿ ਉਨ੍ਹਾਂ ਨੇ ਉਕਤ ਪੂਰੇ ਇਲਾਕੇ ਵਿਚ ਮੁਨਾਦੀ ਕਰਵਾ ਕੇ ਵੀ ਚਾਈਨਾ ਡੋਰ ਨੂੰ ਖਰੀਦਣ ਤੋਂ ਗੁਰੇਜ਼ ਕਰਨ ਨੂੰ ਪ੍ਰੇਰਿਤ ਕੀਤਾ। ਸ਼ਨੀਵਾਰ ਨੂੰ ਲੋਕਾਂ ਦੀ ਮਦਦ ਨਾਲ ਚਾਈਨਾ ਡੋਰ ਸਾੜ ਕੇ ਇਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਬੀਰਬਲ ਬਾਂਸਲ ਨੇ ਕਿਹਾ ਕਿ ਚਾਈਨਾ ਡੋਰ ਨਾ ਕੇਵਲ ਇਨਸਾਨਾਂ ਬਲਕਿ ਪੰਛੀਆਂ ਲਈ ਵੀ ਘਾਤਕ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਇਸ ਡੋਰ ਨੂੰ ਖਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਜਸਵੀਰ ਸਿੰਘ, ਡਾ. ਰੂਪਵਿੰਦਰ ਪੁਰੀ, ਰਾਹੁਲ, ਟੋਨੀ, ਸੰਜੇ, ਜੱਸੀ, ਸ਼ੌਂਕੀ, ਰੋਹਿਤ, ਗੁਪਤਾ, ਸ਼ੀਨੂੰ ਆਦਿ ਵੀ ਹਾਜ਼ਰ ਸਨ।
4 ਗੁੱਟੂ ਚਾਈਨਾ ਡੋਰ ਸਮੇਤ ਗ੍ਰਿਫ਼ਤਾਰ :
ਥਾਣਾ ਥਰਮਲ ਪਲਾਂਟ ਪੁਲਸ ਨੇ ਸਿਵੀਆਂ ਰੋਡ 'ਤੇ ਇਕ ਮੁਲਜ਼ਮ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਰਮਲ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਮੁਹੱਬਤ ਸੋਹਰਾਬ ਵਾਸੀ ਹਰਦੇਵ ਨਗਰ ਚਾਈਨਾ ਡੋਰ ਵੇਚ ਰਿਹਾ ਹੈ। ਹੌਲਦਾਰ ਰੇਸ਼ਮ ਸਿੰਘ ਨੇ ਸਿਵੀਆਂ ਰੋਡ 'ਤੇ ਛਾਪੇਮਾਰੀ ਕਰ ਕੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਜਦਕਿ ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਪੁਲਸ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਦੇ ਮਾਮਲੇ ਵਿਚ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਹਦਾਇਤ ਹੈ ਕਿ ਪਰ ਪੁਲਸ ਫਿਰ ਵੀ ਧਾਰਾ 188 ਦੇ ਤਹਿਤ ਹੀ ਕੇਸ ਦਰਜ ਕਰ ਰਹੀ ਹੈ ਜਿਸ ਵਿਚ ਮੁਲਜ਼ਮ ਦੀ ਆਸਾਨੀ ਨਾਲ ਜ਼ਮਾਨਤ ਹੋ ਜਾਂਦੀ ਹੈ।
ਬੱਕਰੀਆਂ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼
NEXT STORY