ਸ੍ਰੀ ਮੁਕਤਸਰ ਸਾਹਿਬ (ਦਰਦੀ) - ਸਿੱਖ ਵਿਰਸਾ ਕੌਂਸਲ ਵੱਲੋਂ ਅੱਜ ਸ਼ਹਿਰ ਦੇ ਮਾਲ ਗੋਦਾਮ ਰੋਡ ਰੇਲਵੇ ਸਟੇਸ਼ਨ ਦੇ ਸਾਹਮਣੇ ਲੱਗੇ ਕੂੜੇ ਦੇ ਢੇਰ ਨੂੰ ਚੁੱਕ ਕੇ ਸਾਫ-ਸਫ਼ਾਈ ਕੀਤੀ ਗਈ। ਦੱਸਣਯੋਗ ਹੈ ਕਿ ਸਿੱਖ ਵਿਰਸਾ ਕੌਂਸਲ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਸਫ਼ਾਈ ਕਰ ਕੇ ਬੂਟੇ ਤੇ ਟ੍ਰੀ ਗਾਰਡ ਲਾ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਨੂੰ ਐਲਾਨੇ ਗੰਦੇ ਸ਼ਹਿਰ ਦਾ ਦਾਗ਼ ਸਾਫ਼ ਕੀਤਾ ਜਾ ਸਕੇ ਪਰ ਇਸ ਦੇ ਉਲਟ ਪ੍ਰਸ਼ਾਸਨ ਹੱਥ 'ਤੇ ਹੱਥ ਰੱਖ ਕੇ ਬੈਠਾ ਹੈ ਤੇ ਸਫ਼ਾਈ ਵਾਲੇ ਪਾਸੇ ਉਕਾ ਵੀ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ।
ਸਿੱਖ ਵਿਰਸਾ ਕੌਂਸਲ ਦੇ ਮੈਂਬਰ ਕੂੜੇ ਦਾ ਢੇਰ ਚੁੱਕਣ ਉਪਰੰਤ ਇਸ ਨੂੰ ਦੀਵਾਲੀ ਦੇ ਗਿਫ਼ਟ ਵਜੋਂ ਨਗਰ ਕੌਂਸਲ ਦੇ ਈ. ਓ. ਰਜਨੀਸ਼ ਕੁਮਾਰ ਦੇ ਘਰ ਅੱਗੇ ਸੁੱਟਣ ਲਈ ਗਏ ਪਰ ਉਥੇ ਪਹੁੰਚਣ 'ਤੇ ਈ. ਓ. ਰਜਨੀਸ਼ ਨੇ ਕਿਹਾ ਕਿ ਉਨ੍ਹਾਂ ਦੀ ਇਥੋਂ ਬਦਲੀ ਹੋ ਚੁੱਕੀ ਹੈ ਤੇ ਉਨ੍ਹਾਂ ਇਸ ਸਮੱਸਿਆ ਸਬੰਧੀ ਇਕ ਮਤਾ ਪਾਸ ਕਰ ਕੇ ਭੇਜਿਆ ਹੋਇਆ ਅਤੇ ਜਲਦੀ ਹੀ ਨਵੇਂ ਟੈਂਡਰ ਆਉਣ 'ਤੇ ਸ਼ਹਿਰ 'ਚ ਕੰਟੇਨਰ, ਡਸਟਬਿਨ ਅਤੇ ਸਫ਼ਾਈ ਰੱਖਣ ਲਈ ਪੂਰੇ ਪ੍ਰਬੰਧ ਕਰ ਦਿੱਤੇ ਜਾਣਗੇ, ਜਿਸ ਤੋਂ ਬਾਅਦ ਸਿੱਖ ਵਿਰਸਾ ਕੌਂਸਲ ਦੇ ਮੈਂਬਰਾਂ ਵੱਲੋਂ ਇਸ ਕੂੜੇ ਦੇ ਢੇਰ ਨੂੰ ਡੰਪ ਵਾਲੀ ਜਗ੍ਹਾ 'ਤੇ ਸੁੱਟਿਆ ਗਿਆ।
ਇਸ ਮੌਕੇ ਸਿੱਖ ਵਿਰਸਾ ਕੌਂਸਲ ਦੇ ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਮਨਵਿੰਦਰ ਸਿੰਘ, ਹਰਮੀਤ ਸਿੰਘ, ਹਰਵਿੰਦਰ ਸਿੰਘ, ਪ੍ਰਦੀਪ ਖੰਨਾ ਤੇ ਜਸ਼ਨਦੀਪ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਕੂੜੇ ਦੇ ਡੰਪ ਲਈ ਇਕ ਜਗ੍ਹਾ, ਕੰਟੇਨਰ ਤੇ ਡਸਟਬਿਨ ਲਾ ਕੇ ਸ਼ਹਿਰ 'ਤੇ ਲੱਗੇ ਗੰਦਗੀ ਦੇ ਕਲੰਕ ਨੂੰ ਸਾਫ਼ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਦੀਵਾਲੀ ਤੋਂ ਪਹਿਲਾਂ-ਪਹਿਲਾਂ ਉਕਤ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਪ੍ਰਸ਼ਾਸਨ ਦੇ ਹਰ ਇਕ ਉੱਚ ਅਧਿਕਾਰੀ ਦੇ ਘਰ ਅੱਗੇ ਕੂੜੇ ਦੇ ਢੇਰ ਸੁੱਟੇ ਜਾਣਗੇ।
ਵੱਧ ਰਹੀ ਮਹਿੰਗਾਈ ਨੇ ਦੁਕਾਨਦਾਰਾਂ ਨੂੰ ਕੀਤਾ ਆਰਥਿਕ ਪੱਖੋਂ ਕਮਜ਼ੋਰ
NEXT STORY