ਜਲੰਧਰ, (ਅਮਿਤ)- ਗੁਰਾਇਆ ਵਾਸੀ ਅਨਾਮਿਕਾ ਨੇ ਲੁਧਿਆਣਾ ਦੇ ਸੁੰਦਰ ਨਗਰ ਸਥਿਤ ਯੈੱਸ ਬੈਂਕ ਦੀ ਬ੍ਰਾਂਚ ਦੇ ਮੈਨੇਜਰ ਤੇ ਪਤੀ ਉਪਰ ਮਿਲੀਭੁਗਤ ਕਰ ਕੇ ਜਾਅਲੀ ਦਸਤਖਤ ਦੇ ਆਧਾਰ 'ਤੇ ਉਸਦਾ ਖਾਤਾ ਬੰਦ ਕਰਨ ਅਤੇ ਪੈਸੇ ਕਿਸੇ ਹੋਰ ਖਾਤੇ ਵਿਚ ਟਰਾਂਸਫਰ ਕਰਨ ਦੇ ਦੋਸ਼ ਲਾਏ ਹਨ। ਅਨਾਮਿਕਾ ਨੇ ਇਸ ਸੰਬੰਧੀ ਐੱਸ. ਐੱਚ. ਓ. ਗੁਰਾਇਆ ਅਤੇ ਐੱਸ. ਐੱਸ. ਪੀ. ਦਿਹਾਤੀ ਨੂੰ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਕੀ ਹੈ ਮਾਮਲਾ, ਕਿਵੇਂ ਹੋਈ ਧੋਖਾਦੇਹੀ?
'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਵਿਚ ਅਨਾਮਿਕਾ ਨੇ ਦੱਸਿਆ ਹੈ ਕਿ 2008 ਵਿਚ ਉਸਦਾ ਵਿਆਹ ਲੁਧਿਆਣਾ ਦੇ ਜਵਾਹਰ ਨਗਰ ਵਾਸੀ ਹਰਸ਼ ਮਲਹੋਤਰਾ ਨਾਲ ਹੋਇਆ ਸੀ, ਉਸਦੀ ਇਕ 10 ਸਾਲਾ ਬੇਟੀ ਅਤੇ 8 ਸਾਲਾ ਬੇਟਾ ਵੀ ਹੈ।
ਐਂਬਰਾਇਡਰੀ ਦੀਆਂ ਮਸ਼ੀਨਾਂ ਦਾ ਕਾਰੋਬਾਰ ਕਰਨ ਵਾਲੇ ਉਸਦੇ ਪਤੀ ਹਰਸ਼ ਮਲਹੋਤਰਾ ਨਾਲ ਕੁੱਝ ਸਮਾਂ ਪਹਿਲਾਂ ਉਸਦਾ ਝਗੜਾ ਹੋ ਗਿਆ, ਜਿਸਦੇ ਬਾਅਦ ਉਹ 21 ਫਰਵਰੀ 2018 ਨੂੰ ਆਪਣੇ ਮਾਤਾ–ਪਿਤਾ ਦੇ ਘਰ ਗੁਰਾਇਆ 'ਚ ਆ ਕੇ ਰਹਿਣ ਲੱਗੀ। ਅਨਾਮਿਕਾ ਨੇ ਕਿਹਾ ਕਿ ਉਸਦੇ ਬੱਚੇ ਉਸਦੇ ਪਤੀ ਕੋਲ ਲੁਧਿਆਣਾ 'ਚ ਹੀ ਹਨ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਪੈਸੇ ਜਮ੍ਹਾ ਕਰਵਾਉਣ ਲਈ ਲੁਧਿਆਣਾ ਸਥਿਤ ਯੈੱਸ ਬੈਂਕ ਗਈ, ਜਿੱਥੇ ਉਸਦਾ ਸੇਵਿੰਗ ਅਕਾਊਂਟ ਹੈ। ਉਸ ਨੂੰ ਪਤਾ ਲੱਗਾ ਕਿ 1 ਮਾਰਚ 2018 ਨੂੰ ਉਸਦਾ ਖਾਤਾ ਬੰਦ ਹੋ ਚੁੱਕਾ ਹੈ। ਇੰਨਾ ਹੀ ਨਹੀਂ ਖਾਤਾ ਬੰਦ ਹੋਣ ਤੋਂ ਪਹਿਲਾਂ 16 ਫਰਵਰੀ ਨੂੰ 2 ਲੱਖ 75 ਹਜ਼ਾਰ ਰੁਪਏ ਅਤੇ 27 ਫਰਵਰੀ ਨੂੰ 15 ਹਜ਼ਾਰ 71 ਰੁਪਏ ਦੀ ਰਾਸ਼ੀ ਵੀ ਕੱਢੀ ਜਾ ਚੁੱਕੀ ਹੈ। ਆਪਣੇ ਨਾਲ ਹੋਏ ਧੋਖੇ ਦੀ ਜਦੋਂ ਅਨਾਮਿਕਾ ਨੇ ਬੈਂਕ ਮੈਨੇਜਰ ਭਾਰਤ ਭੂਸ਼ਨ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਸ਼ਿਕਾਇਤ ਸੁਣਨ ਦੀ ਜਗ੍ਹਾ ਬੇਹੱਦ ਰੁੱਖੇ ਵਤੀਰੇ ਨਾਲ ਕਿਹਾ ਕਿ ਤੁਹਾਡੇ ਵੱਲਂੋ ਜਾਰੀ ਇਕ ਪੱਤਰ ਦੇ ਆਧਾਰ 'ਤੇ ਖਾਤਾ ਬੰਦ ਕੀਤਾ ਗਿਆ ਹੈ। ਜਦੋਂ ਅਨਾਮਿਕਾ ਨੇ ਪੱਤਰ ਦਿਖਾਉਣ ਦੀ ਗੱਲ ਕੀਤੀ ਤਾਂ ਪਹਿਲਾਂ ਮੈਨੇਜਰ ਉਸ ਨਾਲ ਮਾੜੇ ਰਵੱਈਏ ਨਾਲ ਪੇਸ਼ ਆਇਆ ਪਰ ਸਖਤ ਰੁਖ ਅਪਣਾਉਣ 'ਤੇ ਮੈਨੇਜਰ ਨੇ ਪੱਤਰ ਦਿਖਾਇਆ। ਪੱਤਰ ਦੀ ਜਾਂਚ ਕਰਨ 'ਤੇ ਅਨਾਮਿਕਾ ਨੂੰ ਪਤਾ ਲੱਗਾ ਕਿ ਕਿਸੇ ਨੇ ਜਾਅਲੀ ਦਸਤਖਤ ਕਰ ਕੇ ਪੱਤਰ ਦਿੱਤਾ ਸੀ, ਜਿਸ ਦੇ ਆਧਾਰ 'ਤੇ ਖਾਤਾ ਬੰਦ ਕੀਤਾ ਗਿਆ ਤੇ ਪੈਸੇ ਵੀ ਟਰਾਂਸਫਰ ਕਰਵਾਏ ਗਏ।
ਬੈਂਕ ਨੇ ਧੋਖਾ ਨਹੀਂ ਕੀਤਾ, ਸ਼ਿਕਾਇਤ ਨੂੰ ਲੀਗਲ ਟੀਮ ਕੋਲ ਭੇਜ ਦਿੱਤੈ : ਬੈਂਕ ਮੈਨੇਜਰ
ਯੈੱਸ ਬੈਂਕ ਦੇ ਸੀਨੀਅਰ ਮੈਨੇਜਰ ਭਾਰਤ ਭੂਸ਼ਨ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਕੋਈ ਧੋਖਾ ਨਹੀਂ ਕੀਤਾ ਗਿਆ। ਅਨਾਮਿਕਾ ਦੀ ਸ਼ਿਕਾਇਤ ਨੂੰ ਪਹਿਲਾਂ ਹੀ ਲੀਗਲ ਟੀਮ ਕੋਲ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਬੈਂਕ ਖਾਤਾ ਬੰਦ ਕਰਵਾਉਣ ਉਨ੍ਹਾਂ ਦੇ ਪਤੀ ਆਏ ਸਨ ਅਤੇ ਦਸਤਖਤ ਵੀ ਮੈਚ ਹੋ ਰਹੇ ਸਨ। ਜਿੱਥੋਂ ਤੱਕ ਰਾਸ਼ੀ ਕੱਢਣ ਦਾ ਸਵਾਲ ਹੈ ਤਾਂ 2 ਲੱਖ 75 ਹਜ਼ਾਰ ਰੁਪਏ ਟਰਾਂਸਫਰ ਹੋਏ ਹਨ ਅਤੇ ਖਾਤਾ ਬੰਦ ਕਰਕੇ ਜੋ ਵੀ ਰਕਮ ਉਨ੍ਹਾਂ ਦੇ ਖਾਤੇ ਵਿਚ ਪਈ ਸੀ, ਉਸਦਾ ਡਰਾਫਟ ਬਣਾ ਕੇ ਰਜਿਸਟਰਡ ਪਤੇ 'ਤੇ ਭੇਜ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਰਜਿਸਟਰਡ ਮੋਬਾਇਲ 'ਤੇ ਫੋਨ ਕੀਤਾ ਸੀ ਤਾਂ ਉਨ੍ਹਾਂ ਦੇ ਪਤੀ ਨੇ ਫੋਨ ਚੁੱਕਿਆ ਸੀ। ਭਾਰਤ ਭੂਸ਼ਨ ਨੇ ਕਿਹਾ ਕਿ ਆਰ. ਬੀ. ਆਈ. ਦੀਆਂ ਹਦਾਇਤਾਂ ਦੇ ਅਨੁਸਾਰ ਖਾਤਾ ਬੰਦ ਕਰਵਾਉਣ ਲਈ ਖਾਤਾ ਧਾਰਕ ਦਾ ਨਿੱਜੀ ਤੌਰ 'ਤੇ ਆਉਣਾ ਜ਼ਰੂਰੀ ਨਹੀਂ ਹੈ।
ਮੇਰੇ ਤਲਾਕ ਦਾ ਕੇਸ ਅਦਾਲਤ 'ਚ ਵਿਚਾਰਧੀਨ ਹੈ : ਹਰਸ਼ ਮਲਹੋਤਰਾ
ਹਰਸ਼ ਮਲਹੋਤਰਾ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤਲਾਕ ਦਾ ਕੇਸ ਅਦਾਲਤ ਵਿਚ ਵਿਚਾਰਧੀਨ ਹੈ। ਇਸਦੇ ਇਲਾਵਾ ਉਨ੍ਹਾਂ ਨੇ ਕੁਝ ਵੀ ਨਹੀਂ ਕਹਿਣਾ।
ਜੀਪ, ਟਰਾਲੀ ਤੇ ਪਰਾਲੀ ਨੂੰ ਲੱਗੀ ਅੱਗ
NEXT STORY