ਸੰਗਰੂਰ/ਬਰਨਾਲਾ(ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ)— ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸੰਗਰੂਰ ਪਹੁੰਚ ਕੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸੌ ਬਿਸਤਰਿਆਂ ਵਾਲੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਸਪਤਾਲ 122 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ। ਇਸ ਮੌਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਵਿਜੈ ਇੰਦਰ ਸਿੰਗਲਾ ਵੱਲੋਂ ਐੱਮ. ਪੀ. ਹੁੰਦੇ ਹੋਏ ਕੀਤੇ ਗਏ ਠੋਸ ਤੇ ਅਣਥੱਕ ਯਤਨਾਂ ਦੇ ਨਾਲ 30 ਬਿਸਤਰਿਆਂ ਦੀ ਸਮਰੱਥਾ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸ਼ੁਰੂਆਤ ਸਾਲ 2013 ਵਿਚ ਉਦੋਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਯੂ.ਪੀ.ਏ ਸਰਕਾਰ ਵੱਲੋਂ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਸਦਕਾ ਕੀਤੀ ਗਈ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨਵੀਂ ਇਮਾਰਤ 'ਚ 4 ਸਟੇਟ ਆਫ ਆਰਟ ਆਪ੍ਰੇਸ਼ਨ ਥੀਏਟਰ, 6 ਬਿਸਤਰਿਆਂ ਦੀ ਸਮਰੱਥਾ ਵਾਲਾ ਆਈ. ਸੀ. ਯੂ. ਅਤੇ 4 ਬਿਸਤਰਿਆਂ ਵਾਲਾ ਰਿਕਵਰੀ ਯੂਨਿਟ ਤੋਂ ਇਲਾਵਾ 48 ਜਨਰਲ ਬਿਸਤਰੇ, 12 ਸੈਮੀ ਪ੍ਰਾਈਵੇਟ ਬਿਸਤਰੇ ਅਤੇ 6 ਪ੍ਰਾਈਵੇਟ ਬਿਸਤਰੇ ਉਪਲੱਬਧ ਹਨ।
ਇਸ ਤੋਂ ਇਲਾਵਾ ਇਕ ਕਾਨਫਰੰਸ ਰੂਮ, ਆਡੀਟੋਰੀਅਮ, ਲੈਕਚਰ ਹਾਲ, ਡਾਕਟਰਾਂ, ਹਸਪਤਾਲ ਪ੍ਰਬੰਧਕਾਂ ਤੇ ਲੇਖਾ ਸ਼ਾਖਾ ਲਈ ਵੀ ਕਮਰੇ ਬਣਾਏ ਗਏ ਹਨ। ਹਸਪਤਾਲ 'ਚ ਐੱਮ.ਆਰ.ਆਈ., ਸੀ.ਟੀ ਸਕੈਨ, ਡਿਜੀਟਲ ਐਕਸ ਰੇਅ, ਡਿਜੀਟਲ ਮੈਮੋਗ੍ਰਾਫੀ, ਯੂ. ਐੱਸ. ਜੀ. ਸਮੇਤ ਦੋ ਸਟੇਟ ਆਫ ਆਰਟ ਆਪ੍ਰੇਸ਼ਨ ਥੀਏਟਰ ਅਤੇ ਰੇਡੀਏਸ਼ਨ ਓਂਕੋਲੋਜੀ ਲਈ ਲੋੜੀਂਦੀ ਸਾਰੀ ਇਲਾਜ ਮਸ਼ੀਨਰੀ ਉਪਲੱਬਧ ਹੈ। ਹੋਮੀ ਭਾਬਾ ਕੈਂਸਰ ਹਸਪਤਾਲ ਵਿਚ ਹੁਣ ਤੱਕ 8 ਹਜ਼ਾਰ ਤੋਂ ਵੀ ਵੱਧ ਨਵੇਂ ਕੈਂਸਰ ਮਰੀਜ਼ ਰਜਿਸਟਰਡ ਹੋ ਚੁੱਕੇ ਹਨ। ਸਿੰਗਲਾ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਹਸਪਤਾਲ ਵਿਚ 450 ਵੱਡੀਆਂ ਸਰਜਰੀਆਂ ਤੇ 550 ਹੋਰ ਇਲਾਜ ਤਕਨੀਕਾਂ ਨੂੰ ਅਮਲ ਵਿਚ ਲਿਆਉਣ ਤੋਂ ਇਲਾਵਾ 5200 ਕੀਮੋਗ੍ਰਾਫੀ ਦੀ ਸੁਵਿਧਾ ਪੀੜਤਾਂ ਨੂੰ ਪ੍ਰਦਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਮੌਜੂਦਾ ਸਮੇਂ ਵਿਚ 20 ਮਾਹਿਰ ਓਂਕੋਲੋਜੀ ਡਾਕਟਰ ਤਾਇਨਾਤ ਹਨ ਅਤੇ ਆਉਣ ਵਾਲੇ 6 ਮਹੀਨਿਆਂ ਵਿਚ ਇਸ ਗਿਣਤੀ ਨੂੰ ਵਧਾ ਕੇ 30 ਕਰ ਦਿੱਤਾ ਜਾਵੇਗਾ।
ਸਿੰਗਲਾ ਨੇ ਦੱਸਿਆ ਕਿ ਭਵਿੱਖ ਵਿਚ ਕੈਂਸਰ ਦੇ ਇਲਾਜ ਲਈ ਮਾਹਿਰ ਪ੍ਰੋਫੈਸ਼ਨਲਜ਼ ਦੀ ਲੋੜ ਨੂੰ ਪੂਰਾ ਕਰਨ ਲਈ ਹਸਪਤਾਲ 'ਚ ਵੱਖ-ਵੱਖ ਕੋਰਸ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ 5 ਬੀ. ਐੱਸ. ਸੀ. ਕੋਰਸ ਅਤੇ ਇਕ ਐੱਮ. ਐੱਸ. ਸੀ. ਕੋਰਸ ਇਨ ਹਿਸਟੋਪੈਥ ਇਸ ਅਕਾਦਮਿਕ ਵਰ੍ਹੇ 'ਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਬੀ. ਐੱਸ. ਸੀ. (ਆਈ.ਸੀ.ਯੂ) ਅਤੇ ਡਿਪਲੋਮਾ ਇਨ ਓਂਕੋਲੋਜੀ ਨਰਸਿੰਗ (ਇਕ ਸਾਲ) ਅਗਲੇ ਵਰ੍ਹੇ ਤੋਂ ਸ਼ੁਰੂ ਹੋਵੇਗਾ।
ਸੱਚ ਬੋਲਣ ਦਾ ਆਦੀ ਹਾਂ, ਸੱਚ ਬੋਲਣੋਂ ਨਹੀਂ ਰਹਿ ਸਕਦਾ : ਬ੍ਰਹਮਪੁਰਾ
NEXT STORY