ਅੰਮ੍ਰਿਤਸਰ, (ਅਗਨੀਹੋਤਰੀ)- ਪੁਲਸ ਟਾਊਨ ਚੌਕੀ ਛੇਹਰਟਾ ਅਧੀਨ ਆਉਂਦੇ ਇਲਾਕੇ ਸੁਭਾਸ਼ ਰੋਡ ਵਿਖੇ ਬੀਤੀ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ, ਜਿਸ 'ਤੇ ਪੁਲਸ ਚੌਕੀ ਟਾਊਨ ਛੇਹਰਟਾ ਦੇ ਇੰਚਾਰਜ ਦੇ ਤਫਤੀਸ਼ ਕਰਨ ਉਪਰੰਤ ਬਿਨਾਂ ਨਿਰਪੱਖ ਕਾਰਵਾਈ ਦੇ (ਅੰਕੁਸ਼) ਧਿਰ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪ੍ਰੈੱਸ ਕਾਨਫਰੰਸ ਦੌਰਾਨ ਅਕੁੰਰ ਦੇ ਪਿਤਾ ਰਾਜਿੰਦਰ ਕੁਮਾਰ ਪੁੱਤਰ ਸਵ. ਬਾਊ ਰਾਮ, ਸਵਿਤਾ ਕੁਮਾਰੀ ਪਤਨੀ ਰਜਿੰਦਰ ਕੁਮਾਰ ਤੇ ਤਰਸੇਮ ਕੁਮਾਰ ਪੱਪੂ ਅਤੇ ਉਸ ਦੀ ਪਤਨੀ ਵਾਸੀ ਛੇਹਰਟਾ ਨੇ ਦਿੱਤੀ।
ਪੀੜਤ ਰਜਿੰਦਰ ਕੁਮਾਰ ਤੇ ਸਵਿਤਾ ਕੁਮਾਰੀ ਨੇ ਦੱਸਿਆ ਕਿ ਜਸਮੀਤ ਸਿੰਘ ਗੋਲਾ ਵਾਸੀ ਜਨਤਾ ਗਲੀ ਪਿਛਲੇ ਕਈ ਸਾਲਾਂ ਤੋਂ ਮੇਰੇ ਬੇਟੇ ਅੰਕੁਸ਼ ਨਾਲ ਜਸਮੀਤ ਸਿੰਘ ਗੋਲਾ ਦੇ ਭਤੀਜੇ ਤੇ ਹੋਰ ਸਾਥੀ ਰੰਜਿਸ਼ ਰੱਖਦੇ ਆ ਰਹੇ ਸਨ, ਗੋਲਾ ਦੇ ਰਿਸ਼ਤੇਦਾਰ ਤੇ ਉਨ੍ਹਾਂ ਦੇ ਸਾਥੀ ਅੰਕੁਸ਼ ਨੂੰ ਸੱਟਾਂ ਮਾਰਨ ਦੀਆਂ ਕਈ ਦਿਨਾਂ ਤੋਂ ਵਿਉਂਤ ਬਣਾ ਰਹੇ ਸਨ (ਜਿਸ ਦੀ ਰਿਕਾਰਡਿੰਗ ਵੀ ਉਨ੍ਹਾਂ ਕੋਲ ਮੌਜੂਦ ਹੈ), ਜਿਸ 'ਤੇ ਉਨ੍ਹਾਂ ਫੋਨ ਕਰ ਕੇ ਅੰਕੁਸ਼ ਨੂੰ ਆਪਣੀ ਗਲੀ ਦੇ ਬਾਹਰ ਬੁਲਾਇਆ, ਜੋ ਪਹਿਲਾਂ ਹੀ 60-70 ਮੁੰਡਿਆਂ ਨਾਲ ਬੈਠੇ ਹੋਏ ਸਨ, ਵਾਲੀ ਥਾਂ 'ਤੇ ਅੰਕੁਸ਼ ਆਪਣੇ 5-7 ਸਾਥੀਆਂ ਨਾਲ ਗੱਲਬਾਤ ਕਰਨ ਗਿਆ ਸੀ।
ਉਕਤ ਧਿਰ ਨੇ ਬੇਸਬਾਲ, ਤੇਜ਼ਧਾਰ ਹਥਿਆਰਾਂ ਆਦਿ ਨਾਲ ਹਮਲਾ ਕੀਤਾ, ਜਿਸ 'ਤੇ ਅੰਕੁਸ਼ ਤੇ ਉਸ ਦੇ ਸਾਥੀਆਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਤੇ ਉਨ੍ਹਾਂ ਪਿੱਛੇ ਭੱਜਦੇ ਹੋਏ ਜਸਮੀਤ ਸਿੰਘ ਗੋਲਾ ਆਪਣੇ ਸਾਥੀਆਂ ਸਮੇਤ ਸਾਡੀ ਗਲੀ 'ਚ ਆਇਆ ਤੇ ਮੇਰੇ ਅਤੇ ਮੇਰੀ ਵਿਧਵਾ ਧੀ ਜੋ ਆਪਣੇ ਸਹੁਰੇ ਘਰ ਸੀ, ਦੇ ਚਰਿੱਤਰ 'ਤੇ ਉਂਗਲਾਂ ਚੁੱਕਦੇ ਹੋਏ ਅਸ਼ਲੀਲ ਗਾਲ੍ਹਾਂ ਦਾ ਪ੍ਰਯੋਗ ਕੀਤਾ ਤੇ ਉਸ ਨੇ ਰਿਵਾਲਵਰ ਨਾਲ 3 ਗੋਲੀਆਂ ਚਲੀਆਂ, ਜਿਸ ਦੀ ਉਨ੍ਹਾਂ ਦੇ ਪਰਿਵਾਰ ਵੱਲੋਂ ਉਕਤ ਘਟਨਾ ਸਬੰਧੀ 181 'ਤੇ ਜਾਣਕਾਰੀ ਦਿੱਤੀ ਗਈ, ਜਿਸ ਦਾ ਸ਼ਿਕਾਇਤ ਨੰ. 1831309 ਹੈ।
ਉਪਰੰਤ ਪੁਲਸ ਟਾਊਨ ਚੌਕੀ ਛੇਹਰਟਾ ਦੇ ਇੰਚਾਰਜ ਰੂਪ ਲਾਲ ਆਪਣੀ ਟੀਮ ਨਾਲ ਉਕਤ ਧਿਰ ਦੀ ਪੈਰਵਾਈ ਕਰਦੇ ਹੋਏ ਛਾਣਬੀਣ ਕਰਨ ਸਾਡੇ ਘਰ ਪੁੱਜਾ ਤੇ ਸਾਡੇ 'ਤੇ ਦਬਾਅ ਬਣਾਉਣ ਲੱਗਾ ਕਿ ਗੋਲੀ ਤਾਂ ਚੱਲੀ ਨਹੀਂ ਤੇ ਤੁਹਾਡੇ ਮੁੰਡੇ ਤੇ ਉਸ ਦੇ ਸਾਥੀਆਂ ਨੇ ਦੂਜੀ ਧਿਰ ਦੇ ਘਰ ਜਾ ਕੇ ਭੰਨ-ਤੋੜ ਕਰ ਕੇ 20 ਦੇ ਕਰੀਬ ਮੋਟਰਸਾਈਕਲ ਤੋੜੇ ਹਨ। ਉਨ੍ਹਾਂ ਕਿਹਾ ਕਿ ਅੰਕੁਸ਼ ਉਨ੍ਹਾਂ ਦੇ ਮੁਹੱਲੇ 'ਚ ਗਿਆ ਹੀ ਨਹੀਂ ਸੀ। ਉਨ੍ਹਾਂ ਪੁਲਸ 'ਤੇ ਦੂਜੀ ਧਿਰ (ਜਸਮੀਤ ਸਿੰਘ ਗੋਲਾ) 'ਤੇ ਆਪਸੀ ਮਿਲੀਭੁਗਤ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਨੇ ਬਿਨਾਂ ਨਿਰਪੱਖ ਜਾਂਚ ਦੇ ਪਰਚੇ ਮੇਰੇ ਲੜਕੇ ਅੰਕੁਸ਼ ਤੇ ਉਸ ਦੇ ਸਾਥੀਆਂ 'ਤੇ ਕਰ ਦਿੱਤੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਘਟਨਾ ਤੋਂ ਇਕ ਦਿਨ ਬਾਅਦ ਐੱਸ. ਐੱਚ. ਓ. ਥਾਣਾ ਛੇਹਰਟਾ ਦੇ ਲਖਵਿੰਦਰ ਸਿੰਘ ਕਲੇਰ ਗੋਲੀ ਚੱਲਣ ਸਬੰਧੀ ਪੁੱਛਗਿੱਛ ਕਰਨ ਸਾਡੀ ਗਲੀ ਬਾਲਟੀਆਂ ਵਾਲੀ ਵਿਖੇ ਆਇਆ ਸੀ, ਜਿਸ 'ਤੇ ਉਨ੍ਹਾਂ ਵੱਲੋਂ ਹੀ ਚੋਣਵੇਂ ਘਰਾਂ ਤੋਂ ਪੁੱਛੇ ਜਾਣ 'ਤੇ ਗੋਲੀ ਚੱਲਣ ਤੇ ਦੂਜੀ ਧਿਰ ਵੱਲੋਂ ਅਸ਼ਲੀਲ ਗਾਲ੍ਹਾਂ ਕੱਢੇ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਤੇ ਸਾਡੇ ਮੁੰਡੇ ਅੰਕੁਸ਼ ਤੇ ਹੋਰਨਾਂ 'ਤੇ ਪਰਚੇ ਦਰਜ ਕਰ ਦਿੱਤੇ। ਪ੍ਰੈੱਸ ਕਾਨਫਰੰਸ ਦੌਰਾਨ ਸਵਿਤਾ ਪਰਾਸ਼ਰ ਅਤੇ ਉਸ ਦੇ ਪਤੀ ਤਰਸੇਮ ਪਰਾਸ਼ਰ ਨੇ ਦੱਸਿਆ ਕਿ ਉਹ ਝਗੜੇ ਵਾਲੀ ਰਾਤ ਆਪਣੀ ਘਰ ਦੀ ਛੱਤ 'ਤੇ ਸਨ ਤੇ ਪੁਲਸ ਦੇ ਆਉਣ ਤੋਂ ਪਹਿਲਾਂ ਜਨਤਾ ਗਲੀ ਦੇ ਕੁਝ ਲੋਕਾਂ ਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਸ਼ੀਸ਼ੇ ਦੀਆਂ ਬੋਤਲਾਂ ਅਤੇ ਇੱਟਾਂ-ਰੋੜੇ ਗਲੀ 'ਚ ਤੋੜੇ ਸਨ।
ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਹਰਟਾ ਪੁਲਸ ਵੱਲੋਂ ਇਕਤਰਫਾ ਕਾਰਵਾਈ ਕਰਨ ਉਪਰੰਤ ਉਨ੍ਹਾਂ ਨੇ ਜਸਮੀਤ ਸਿੰਘ ਗੋਲਾ ਵੱਲੋਂ ਚਲਾਈਆਂ ਗਈਆਂ 3 ਗੋਲੀਆਂ 'ਚੋਂ 2 ਦੇ ਖੋਲ ਬੀਤੇ ਦਿਨੀਂ 6 ਸਤੰਬਰ ਨੂੰ (ਘਟਨਾ ਵਾਲੇ ਸਥਾਨ ਤੋਂ) ਬਰਾਮਦ ਕਰ ਕੇ ਰੇਲਵੇ ਛੇਹਰਟਾ ਚੌਕੀ ਦੇ ਜੀ. ਆਰ. ਪੀ. ਦੇ ਇੰਚਾਰਜ ਸੁਖਬੀਰ ਸਿੰਘ ਤੇ ਪੁਲਸ ਚੌਕੀ ਟਾਊਨ ਛੇਹਰਟਾ ਦੇ ਪੁਲਸ ਕਰਮਚਾਰੀ ਆਜ਼ਾਦ ਸਿੰਘ ਤੇ ਨਾਲ ਆਏ ਪੁਲਸ ਕਰਮਚਾਰੀ ਦੇ ਸਪੁਰਦ ਕੀਤੇ ਹਨ ਅਤੇ ਇਕ ਹੋਰ ਖੋਲ ਅੱਜ ਉਕਤ ਸਥਾਨ ਦੇ ਨੇੜਿਓ ਹੀ ਬਰਾਮਦ ਕਰ ਕੇ ਉਕਤ ਪੁਲਸ ਟਾਊਨ ਦੇ ਇੰਚਾਰਜ ਰੂਪ ਲਾਲ ਨੂੰ ਸੌਂਪੇ ਹਨ।
ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਸਮੀਤ ਸਿੰਘ ਗੋਲਾ ਛੇਹਰਟਾ ਪੁਲਸ ਦੀ ਮਿਲੀਭੁਗਤ ਨਾਲ ਮੇਰੇ ਲੜਕੇ ਅੰਕੁਸ਼ ਅਤੇ ਉਸ ਦੇ ਸਾਥੀਆਂ ਨੂੰ ਨਾਜਾਇਜ਼ ਪਰਚਿਆਂ 'ਚ ਫਸਾ ਰਹੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਉਕਤ ਝਗੜੇ ਸਬੰਧੀ ਆਏ ਵਿਅਕਤੀਆਂ ਦੀ ਫੁਟੇਜ ਸੁਭਾਸ਼ ਰੋਡ 'ਤੇ ਲੱਗੇ ਕੈਮਰਿਆਂ 'ਚ ਮੌਜੂਦ ਹੈ, ਜਿਸ ਨੂੰ ਉਕਤ ਫੁਟੇਜ ਨੂੰ ਕਢਵਾਇਆ ਜਾਵੇ ਤਾਂ ਜੋ ਉਕਤ ਮੁਲਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਤੇ ਮੇਰੇ ਬੇਟੇ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਕੀਤੇ ਪਰਚਿਆਂ ਨੂੰ ਰੱਦ ਕੀਤਾ ਜਾਵੇ।
ਕੀ ਕਹਿੰਦੇ ਹਨ ਛੇਹਰਟਾ ਰੇਲਵੇ ਪੁਲਸ ਚੌਕੀ ਦੇ ਅਧਿਕਾਰੀ : ਇਸ ਸਬੰਧੀ ਜਦ ਰੇਲਵੇ ਸਟੇਸ਼ਨ ਛੇਹਰਟਾ ਸਥਿਤ ਜੀ. ਆਰ. ਪੀ. ਦੇ ਅਧਿਕਾਰੀ ਸੁਖਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਘਟਨਾ ਸਬੰਧੀ ਛਾਣਬੀਣ ਥਾਣਾ ਛੇਹਰਟਾ ਅਧੀਨ ਆਉਣ ਵਾਲੇ ਚੌਕੀ ਅਧਿਕਾਰੀ ਕਰ ਰਹੇ ਹਨ, ਜਿਸ ਸਬੰਧੀ ਮੇਰੇ ਵੱਲੋਂ ਆਪਣੇ ਵਿਭਾਗ ਦੇ ਸੰਬੰਧਿਤ ਐੱਸ. ਐੱਚ. ਓ. ਨਾਲ ਗੱਲ ਕਰ ਕੇ ਬਰਾਮਦ ਖਾਲੀ ਖੋਲਾਂ ਨੂੰ ਪੁਲਸ ਚੌਕੀ ਛੇਹਰਟਾ ਟਾਊਨ ਦੇ ਪੁਲਸ ਅਧਿਕਾਰੀ ਆਜ਼ਾਦ ਸਿੰਘ ਨੂੰ ਸੌਂਪ ਦਿੱਤੇ ਗਏ ਹਨ।
ਕੀ ਕਹਿੰਦੇ ਹਨ ਥਾਣਾ ਛੇਹਰਟਾ ਦੇ ਇੰਚਾਰਜ : ਇਸ ਸਬੰਧੀ ਜਦ ਥਾਣਾ ਦੇ ਇੰਚਾਰਜ ਸੁਖਵਿੰਦਰ ਸਿੰਘ ਕਲੇਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੰਕੁਸ਼ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੇ ਘਰ ਜਾ ਕੇ ਹਮਲਾ ਕੀਤਾ, ਜਿਸ ਦਾ ਅਸੀਂ ਪਰਚਾ ਦਰਜ ਕੀਤਾ ਹੈ। ਉਕਤ ਚੱਲੀਆਂ ਗੋਲੀਆਂ ਦੇ ਖਾਲੀ ਬਰਾਮਦ ਖੋਲ ਜੋ ਪੁਲਸ ਨੂੰ ਅੰਕੁਸ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਰਾਮਦ ਕਰਵਾ ਕੇ ਪੁਲਸ ਕਰਮਚਾਰੀਆਂ ਨੂੰ ਦਿੱਤੇ ਗਏ ਹਨ, ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪੁਲਸ ਕਾਰਵਾਈ ਕਰ ਰਹੀ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਮਾਹਲ ਦਾ ਸ਼ਮਸ਼ਾਨਘਾਟ ਬਣਿਆ ਨਸ਼ੇੜੀਆਂ ਦਾ ਅੱਡਾ
NEXT STORY