ਜਲੰਧਰ (ਧਵਨ) - ਗੁਜਰਾਤ 'ਚ ਭਾਵੇਂ ਕਾਂਗਰਸ ਸੱਤਾ 'ਚ ਆਉਣ ਤੋਂ ਵਾਂਝੀ ਰਹਿ ਗਈ ਹੈ ਪਰ ਸੂਬਾ ਵਿਧਾਨ ਸਭਾ ਦੀਆਂ ਸੰਪੰਨ ਹੋਈਆਂ ਚੋਣਾਂ 'ਚ 8 ਸੀਟਾਂ ਅਜਿਹੀਆਂ ਸਨ, ਜਿਥੇ ਕਾਂਗਰਸ ਦੇ 8 ਉਮੀਦਵਾਰ ਸਿਰਫ 200 ਤੋਂ 2000 ਵੋਟਾਂ ਦੇ ਫਰਕ ਨਾਲ ਹਾਰੇ। ਇਨ੍ਹਾਂ ਸੀਟਾਂ 'ਚ ਗੋਧਰਾ ਸੀਟ ਵੀ ਸ਼ਾਮਲ ਹੈ, ਜਿਥੇ ਭਾਜਪਾ ਉਮੀਦਵਾਰ ਸੀ. ਕੇ. ਰਾਊਜੀ ਨੇ ਸਿਰਫ 258 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ। ਗੋਧਰਾ 'ਚ ਨੋਟਾ ਵੋਟਾਂ ਦੀ ਗਿਣਤੀ 3050 ਰਹੀ ਅਤੇ ਇਕ ਆਜ਼ਾਦ ਉਮੀਦਵਾਰ ਨੇ 18000 ਵੋਟਾਂ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ, ਨਹੀਂ ਤਾਂ ਗੋਧਰਾ ਤੋਂ ਕਾਂਗਰਸ ਉਮੀਦਵਾਰ ਜਿੱਤ ਹਾਸਲ ਕਰ ਸਕਦਾ ਸੀ।
ਇਸੇ ਤਰ੍ਹਾਂ ਦੋਲਕਾ ਵਿਧਾਨ ਸਭਾ ਇਲਾਕੇ 'ਚ ਕਾਂਗਰਸ ਦੇ ਉਮੀਦਵਾਰ ਦੀ ਸਿਰਫ 327 ਵੋਟਾਂ ਦੇ ਵਕਫੇ ਨਾਲ ਹਾਰ ਹੋਈ। ਇਸ ਸੀਟ 'ਤੇ ਬਸਪਾ ਅਤੇ ਐੱਨ. ਸੀ. ਪੀ. ਦੇ ਉਮੀਦਵਾਰਾਂ ਨੇ ਕ੍ਰਮਵਾਰ 3139 ਅਤੇ 1198 ਵੋਟਾਂ ਹਾਸਲ ਕੀਤੀਆਂ। ਫਤਿਹਪੁਰਾ ਸੀਟ ਭਾਜਪਾ ਉਮੀਦਵਾਰ ਨੇ ਸਿਰਫ 2711 ਵੋਟਾਂ ਦੇ ਫਰਕ ਨਾਲ ਕਾਂਗਰਸ ਤੋਂ ਜਿੱਤੀ। ਇਥੇ ਐੱਨ. ਸੀ. ਪੀ. ਉਮੀਦਵਾਰ ਨੂੰ 2747 ਵੋਟਾਂ ਹਾਸਲ ਹੋਈਆਂ। ਕਾਂਗਰਸ ਨੇ ਬੋਤੜ ਵਿਧਾਨ ਸਭਾ ਸੀਟ ਵੀ 906 ਵੋਟਾਂ ਦੇ ਫਰਕ ਨਾਲ ਹਾਰੀ। ਇਸ ਸੀਟ 'ਤੇ ਬਸਪਾ ਉਮੀਦਵਾਰ ਨੂੰ 966 ਵੋਟਾਂ ਮਿਲੀਆਂ। 3 ਆਜ਼ਾਦ ਉਮੀਦਵਾਰਾਂ ਨੂੰ 7500 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਸੂਬਾ ਵਿਧਾਨ ਸਭਾ 'ਚ ਕਈ ਸੀਟਾਂ ਅਜਿਹੀਆਂ ਸਨ, ਜਿਥੇ ਹਾਰ-ਜਿੱਤ ਦਾ ਫਰਕ ਸਿਰਫ 10 ਫੀਸਦੀ ਰਿਹਾ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੁਜਰਾਤ 'ਚ ਚੋਣ ਮੁਕਾਬਲਾ ਕਿੰਨਾ ਕਰੀਬੀ ਸੀ। 1990 ਤੋਂ ਬਾਅਦ ਪਹਿਲੀ ਵਾਰ ਇੰਨਾ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਇਸੇ ਤਰ੍ਹਾਂ ਕਈ ਸੀਟਾਂ ਅਜਿਹੀਆਂ ਸਨ, ਜਿਥੇ ਕੁਲ ਪਾਈਆਂ ਵੋਟਾਂ ਦੀ ਤੁਲਨਾ 'ਚ ਹਾਰ-ਜਿੱਤ ਦਾ ਫਰਕ 5 ਫੀਸਦੀ ਰਿਹਾ। ਦਿਹਾਤੀ ਇਲਾਕਿਆਂ 'ਚ ਭਾਜਪਾ ਨੂੰ 2012 ਦੀ ਤੁਲਨਾ 'ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। 2012 ਦੀ ਤੁਲਨਾ 'ਚ ਇਸ ਵਾਰ ਭਾਜਪਾ ਉਮੀਦਵਾਰ ਵੱਧ ਵੋਟਾਂ ਦੇ ਫਰਕ ਨਾਲ ਹਾਰੇ। ਹਾਰ-ਜਿੱਤ ਦੇ ਇਸ ਫਰਕ ਨੂੰ ਦੇਖਦੇ ਹੋਏ ਦੇਸ਼ 'ਚ ਕਾਂਗਰਸੀਆਂ ਦਾ ਮਨੋਬਲ ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਡਿੱਗਾ ਨਹੀਂ, ਸਗੋਂ ਉਨ੍ਹਾਂ ਅੰਦਰ 2019 ਦੀਆਂ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਲੈ ਕੇ ਇਕ ਭਰੋਸਾ ਵੀ ਪੈਦਾ ਹੋਇਆ ਹੈ।
ਸੜਕ ਹਾਦਸੇ 'ਚ 2 ਦੀ ਮੌਤ, ਇਕ ਜ਼ਖਮੀ
NEXT STORY