ਜਲੰਧਰ(ਚੋਪੜਾ, ਖੁਰਾਣਾ)— ਨਗਰ ਨਿਗਮ ਦਾ ਬਜਟ ਪਾਸ ਨਾ ਹੋਣ ਕਾਰਨ ਠੱਪ ਹੋਏ ਵਿਕਾਸ ਕਾਰਜਾਂ ਦੌਰਾਨ ਸ਼ਹਿਰ ਨਾਲ ਸੰਬੰਧਤ ਚਾਰੇ ਵਿਧਾਇਕਾਂ ਪਰਗਟ ਸਿੰਘ, ਜੂਨੀਅਰ ਅਵਤਾਰ ਹੈਨਰੀ, ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਨੇ ਸ਼ਨੀਵਾਰ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਨਗਰ ਨਿਗਮ ਦੀ ਕਮਾਨ ਸੰਭਾਲ ਲਈ ਹੈ। ਕਾਂਗਰਸੀ ਵਿਧਾਇਕਾਂ ਨੇ ਇਸ ਸੰਦਰਭ ਵਿਚ ਸ਼ਨੀਵਾਰ ਨੂੰ ਸਥਾਨਕ ਸਰਕਟ ਹਾਊਸ ਵਿਚ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਅਤੇ ਹੋਰ ਅਧਿਕਾਰੀਆਂ ਨਾਲ ਬੰਦ ਕਮਰੇ ਵਿਚ ਇਕ ਲੰਬੀ ਬੈਠਕ ਕੀਤੀ। ਇਸ ਦੌਰਾਨ ਨਗਰ ਨਿਗਮ ਦੇ ਵੱਖ-ਵੱਖ ਐਸ. ਈਜ਼, ਐਕਸੀਅਨ ਤੇ ਹੋਰ ਅਧਿਕਾਰੀਆਂ ਨਾਲ ਪਿਛਲੀ ਬੈਠਕ ਵਿਚ ਮੰਗੀ ਪ੍ਰਾਜੈਕਟ ਰਿਪੋਰਟ ਦੀ ਸਮੀਖਿਆ ਵੀ ਕੀਤੀ।
ਮੀਟਿੰਗ ਦੌਰਾਨ ਵਰਿਆਣਾ ਡੰਪ, ਸਾਫ ਪੀਣ ਵਾਲੇ ਪਾਣੀ, ਫੋਲੜੀਵਾਲ ਅਤੇ ਬਸਤੀ ਪੀਰਦਾਦ ਸੀਵਰੇਜ ਟਰੀਟਮੈਂਟ ਪਲਾਂਟ, ਫੌਗਿੰਗ, ਸਵੱਛਤਾ ਮੁਹਿੰਮ, ਵਾਤਾਵਰਨ ਸਣੇ ਹੋਰ ਪ੍ਰਾਜੈਕਟਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ। ਜਿਸ ਤੋਂ ਬਾਅਦ ਸਾਰੇ ਵਿਧਾਇਕਾਂ ਨੇ ਵਰਿਆਣਾ ਡੰਪ ਦਾ ਦੌਰਾ ਵੀ ਕੀਤਾ ਤੇ ਉਥੇ ਮੌਜੂਦਾ ਹਾਲਾਤ ਦਾ ਜਾਇਜ਼ਾ ਵੀ ਲਿਆ। ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਨਿਗਮ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੈ। ਕਾਂਗਰਸੀ ਵਿਧਾਇਕਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ ਤੇ ਹਰੇਕ ਨਵੇਂ ਪ੍ਰਾਜੈਕਟ ਨੂੰ ਸ਼ਹਿਰ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇ। ਇਸ ਦੌਰਾਨ ਵਿਧਾਇਕਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।
ਵਰਿਆਣਾ ਡੰਪ 'ਤੇ ਵਰਕ ਆਊਟ ਕਰਨ ਅਧਿਕਾਰੀ
ਕਾਂਗਰਸੀ ਵਿਧਾਇਕਾਂ ਨੇ ਵਰਿਆਣਾ ਡੰਪ ਦਾ ਦੌਰਾ ਕਰਨ ਦੌਰਾਨ ਨਿਗਮ ਕਮਿਸ਼ਨਰ ਅਤੇ ਅਧਿਕਾਰੀਆਂ ਨੂੰ ਡੰਪ ਦੇ ਹਾਲਾਤ ਨੂੰ ਸੁਧਾਰਨ ਅਤੇ ਵਰਕ ਆਊਟ ਕਰਨ ਨੂੰ ਕਿਹਾ। ਵਿਧਾਇਕਾਂ ਨੇ ਕਿਹਾ ਕਿ ਵਰਿਆਣਾ ਵਿਚ ਲੱਗੇ ਕੂੜੇ ਦੇ ਅੰਬਾਰ ਇਕ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਇਕ ਮਹੀਨੇ ਵਿਚ ਸਮੁੱਚੀ ਰਿਪੋਰਟ ਤਿਆਰ ਕਰਨ ਕਿ ਇਸ ਡੰਪ ਨੂੰ ਕਿਵੇਂ ਡਿਸਪੋਜ਼ ਆਫ ਕੀਤਾ ਜਾਵੇ ਕਿਉਂਕਿ ਜੇਕਰ ਇਸ ਡੰਪ ਨੂੰ ਖਾਲੀ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ ਵਿਚ ਇਹ ਸ਼ਹਿਰ ਲਈ ਇਕ ਗੰਭੀਰ ਸਮੱਸਿਆ ਬਣ ਜਾਵੇਗਾ।
1 ਅਗਸਤ ਤੋਂ ਸ਼ੁਰੂ ਹੋਵੇਗੀ ਫੋਗਿੰਗ ਮੁਹਿੰਮ
ਪਰਗਟ ਸਿੰਘ, ਜੂਨੀਅਰ ਹੈਨਰੀ, ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਨੇ ਕਿਹਾ ਕਿ ਨਗਰ ਨਿਗਮ ਦੇ ਮੌਜੂਦਾ ਸਾਰੇ ਵਾਰਡਾਂ ਵਿਚ 1 ਅਗਸਤ ਤੋਂ ਫੋਗਿੰਗ ਨੂੰ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਡੇਂਗੂ, ਮਲੇਰੀਆ ਜਿਹੀਆਂ ਬੀਮਾਰੀਆਂ ਆਪਣੇ ਪੈਰ ਪਸਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਇਸ ਮੁਹਿੰਮ ਨੂੰ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਜਾਵੇ ਤਾਂ ਜੋ ਡੇਂਗੂ ਅਤੇ ਮਲੇਰੀਆ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ।
ਅਮਰੂਤ ਯੋਜਨਾ ਨੂੰ ਅਮਲ ਵਿਚ ਲਿਆ ਕੇ ਟੈਂਡਰ ਪ੍ਰਕਿਰਿਆ ਨੂੰ ਸ਼ੁਰੂ ਕਰਵਾਉਣ 'ਤੇ ਧਿਆਨ ਦੇਣ ਅਧਿਕਾਰੀ
ਵਿਧਾਇਕਾਂ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਪਾਣੀ ਦੀਆਂ ਪੁਰਾਣੀਆਂ ਤੇ ਖਸਤਾ ਹਾਲ ਪਾਈਪਾਂ ਕਾਰਨ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਰਿਹਾ ਹੈ, ਜਿਸ ਕਾਰਨ ਡਾਇਰੀਆ ਅਤੇ ਪੀਲੀਆ ਬੀਮਾਰੀਆਂ ਲਗਾਤਾਰ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਤੇ ਅਮਰੂਤ ਯੋਜਨਾ ਅਧੀਨ ਆਏ 85 ਕਰੋੜ ਰੁਪਿਆਂ ਦੀ ਟੈਂਡਰ ਪ੍ਰਕਿਰਿਆ ਨੂੰ ਸ਼ੁਰੂ ਕਰਵਾਉਣ 'ਤੇ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਜਿਨ੍ਹਾਂ ਵਾਰਡਾਂ ਵਿਚ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਉਥੇ ਨਵੀਆਂ ਪਾਈਪ ਲਾਈਨਾਂ ਪੁਆਈਆਂ ਜਾਣ।
ਸਾਲ ਭਰ 'ਚ 70-80 ਫੀਸਦੀ ਸੀਵਰੇਜ ਹੋਵੇਗਾ ਸਾਫ
ਵਿਧਾਇਕਾਂ ਨੇ ਕਿਹਾ ਕਿ ਸਾਉਣ ਦੇ ਮਹੀਨੇ ਹੋਣ ਕਾਰਨ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਨੂੰ ਰੋਕਣਾ ਪਿਆ ਹੈ। ਉਨ੍ਹਾਂ ਕਿਹਾ ਕਿ 24 ਬਾਏ 36 ਤੇ 54 ਇੰਚ ਦੇ ਸੀਵਰੇਜ ਨੂੰ ਮੈਨੂਅਲੀ ਸਾਫ ਕਰਨਾ ਸੰਭਵ ਨਹੀਂ ਹੈ ਪਰ ਨਿਗਮ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਮੌਸਮ ਵਿਚ ਬਦਲਾਅ ਹੁੰਦਿਆਂ ਹੀ ਸ਼ਹਿਰ ਭਰ ਦੇ ਸੀਵਰੇਜ ਨੂੰ ਸਾਫ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਅਗਲੇ ਸਾਉਣ ਦੇ ਮਹੀਨੇ ਤੋਂ ਪਹਿਲਾਂ 70 ਤੋਂ 80 ਫੀਸਦੀ ਸੀਵਰੇਜ ਨੂੰ ਸਾਫ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ, ਜਿਸ ਤਰ੍ਹਾਂ ਮੀਂਹ ਦੇ ਦਿਨਾਂ ਵਿਚ ਪਾਣੀ ਭਰ ਜਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਤੋਂ ਲੋਕਾਂ ਨੂੰ ਅਗਲੇ ਸਾਲ ਛੁੱਟਕਾਰਾ ਮਿਲ ਜਾਵੇਗਾ।
ਨਵੇਂ ਟਿਊਬਵੈੱਲਾਂ ਤੇ ਟੈਂਕੀਆਂ 'ਤੇ 15 ਦਿਨਾਂ 'ਚ ਮੰਗੀ ਪ੍ਰਾਜੈਕਟ ਰਿਪੋਰਟ
ਵਿਧਾਇਕਾਂ ਨੇ ਨਿਗਮ ਕਮਿਸ਼ਨਰ ਕੋਲੋਂ ਪਾਣੀ ਦੀ ਕਿੱਲਤ ਵਾਲੇ ਇਲਾਕਿਆਂ ਵਿਚ ਨਵੇਂ ਟਿਊਬਵੈੱਲ ਤੇ ਪਾਣੀ ਦੀਆਂ ਟੈਂਕੀਆਂ ਸਬੰਧੀ ਪ੍ਰਾਜੈਕਟ ਰਿਪੋਰਟ 15 ਦਿਨਾਂ ਅੰਦਰ ਤਿਆਰ ਕਰਨ ਨੂੰ ਕਿਹਾ ਹੈ। ਵਿਧਾਇਕਾਂ ਨੇ ਕਿਹਾ ਕਿ ਪਾਣੀ ਦੀਆਂ ਪੁਰਾਣੀਆਂ ਟੈਂਕੀਆਂ ਦੀ ਅਸੈਸਮੈਂਟ ਦਾ ਜ਼ਿੰਮਾ ਗੁਰੂ ਨਾਨਕ ਇੰਜੀਨੀਅਰ ਕਾਲਜ ਨੂੰ ਸੌਂਪਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਤਾਪ ਬਾਗ, ਦਾਦਾ ਕਾਲੋਨੀ, ਇੰਡਸਟਰੀਅਲ ਅਸਟੇਟ ਸਣੇ ਕੁਝ ਹੋਰ ਟੈਂਕੀਆਂ ਦੀ ਰਿਪੋਰਟ ਵਿਚ ਜੇਕਰ ਇਹ ਸੁਰੱਖਿਅਤ ਪਾਈਆਂ ਜਾਂਦੀਆਂ ਹਨ ਤਾਂ ਇਨ੍ਹਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇਗਾ, ਨਹੀਂ ਤਾਂ ਇਨ੍ਹਾਂ ਟੈਂਕੀਆਂ ਨੂੰ ਡੇਗ ਦਿੱਤਾ ਜਾਵੇਗਾ।
ਸੂਬੇ ਭਰ ਦੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ 'ਚ ਧਰਨਾ, ਕੋਠੀ ਦਾ ਵੀ ਕਰਨਗੇ ਘਿਰਾਓ
NEXT STORY