ਜਲੰਧਰ : ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਇਕ ਵਾਰ ਫਿਰ ਬੇਕਦਰੀ ਦਾ ਘੁੱਟ ਭਰਨਾ ਪਿਆ ਹੈ ਅਤੇ ਕਾਰਨ ਹਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬਣਾਈਆਂ ਗਈਆਂ ਕਮੇਟੀਆਂ। ਜਿਨ੍ਹਾਂ ਵਿਚ ਸਿੱਧੂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਗਿਆ ਹੈ। ਦਰਅਸਲ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਪੰਜਾਬ ਕਾਂਗਰਸ ਦੀ ਕਾਰਜਸ਼ੈਲੀ 'ਚ ਤਾਲਮੇਲ ਬਿਠਾਉਣ ਅਤੇ ਗਤੀਸ਼ੀਲਤਾ ਲਿਆਉਣ ਲਈ ਪੰਜਾਬ ਬੁਲਾਰਿਆਂ ਦੀ ਕਮੇਟੀ, ਕੋਆਰਡੀਨੇਸ਼ਨ ਕਮੇਟੀ ਤੇ ਮੋਨੀਟਰਿੰਗ ਕਮੇਟੀ ਬਣਾਈ ਗਈ ਹੈ ਪਰ ਇਨ੍ਹਾਂ ਕਮੇਟੀਆਂ 'ਚੋਂ ਸਿੱਧੂ ਦਾ ਨਾਂ ਗਾਇਬ ਹੈ।
ਕੋਆਰਡੀਨੇਸ਼ਨ ਕਮੇਟੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ 15 ਆਗੂਆਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਮੰਤਰੀ ਅਤੇ ਵਿਧਾਇਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੋਆਰਡੀਨੇਸ਼ਨ ਕਮੇਟੀ 'ਚ ਅੰਬਿਕਾ ਸੋਨੀ, ਹਰੀਸ਼ ਚੌਧਰੀ, ਰਜਿੰਦਰ ਕੌਰ ਭੱਠਲ, ਕਿਸ਼ੋਰੀ ਲਾਲ ਸ਼ਰਮਾ, ਲਾਲ ਸਿੰਘ, ਬ੍ਰਹਮ ਮਹਿੰਦਰਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਚੌਧਰੀ ਸੰਤੋਖ ਸਿੰਘ, ਰਾਜ ਕੁਮਾਰ ਵੇਰਕਾ ਕੁਲਜੀਤ ਸਿੰਘ ਨਾਗਰਾ ਅਤੇ ਸੰਦੀਪ ਸਿੰਘ ਸੰਧੂ ਦੇ ਨਾਂ ਸ਼ਾਮਲ ਹਨ।
ਦੂਜੇ ਪਾਸੇ ਮੋਨੀਟਰਿੰਗ ਕਮੇਟੀ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਪਰ ਨਵਜੋਤ ਸਿੱਧੂ ਨੂੰ ਇੱਥੇ ਵੀ ਸ਼ਾਮਲ ਨਹੀਂ ਕੀਤਾ ਗਿਆ। ਇਸ ਸੂਚੀ 'ਚ ਕੁੱਲ 20 ਆਗੂ ਸ਼ਾਮਲ ਹਨ ਪਰ ਸਿੱਧੂ ਇਨ੍ਹਾਂ ਸਾਰੀਆਂ ਸੂਚੀਆਂ 'ਚੋਂ ਆਊਟ ਹਨ। ਇੱਥੋਂ ਤੱਕ ਕਿ ਹਮੇਸ਼ਾ ਹਰ ਥਾਂ ਕਾਂਗਰਸ ਲਈ ਬੋਲਣ ਵਾਲੇ ਸਿੱਧੂ ਨੂੰ ਪੰਜਾਬ ਕਾਂਗਰਸ ਬੁਲਾਰਿਆਂ ਦੀ ਸੂਚੀ 'ਚੋਂ ਵੀ ਬਾਹਰ ਰੱਖਿਆ ਗਿਆ ਹੈ।
ਮੰਨਿਆ ਇਹ ਵੀ ਜਾ ਰਿਹਾ ਹੈ ਕਿ ਰੋਡ-ਰੇਜ ਮਾਮਲੇ 'ਚ ਸਿੱਧੂ ਖਿਲਾਫ ਅਦਾਲਤ ਦਾ ਫੈਸਲਾ ਆਉਣ ਵਾਲਾ ਹੈ ਜਿਸ ਦੇ ਮੱਦੇਨਜ਼ਰ ਸ਼ਾਇਦ ਅਜਿਹਾ ਕੀਤਾ ਗਿਆ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਧੂ ਨਾਲ ਵਿਤਕਰਾ ਕੀਤਾ ਗਿਆ ਹੋਵੇ। ਭਾਜਪਾ ਛੱਡ ਕਾਂਗਰਸ 'ਚ ਸ਼ਾਮਲ ਹੋਏ ਸਿੱਧੂ ਨੂੰ ਕਈ ਵਾਰ ਅਜਿਹੀ ਬੇਕਦਰੀ ਦਾ ਸਾਹਮਣਾ ਕਰਨਾ ਪਿਆ ਹੈ।
18 ਸਾਲ ਬਾਅਦ ਬਿਹਾਰ ਦੀ ਟੀਮ ਸਾਰੇ ਟੂਰਨਾਮੈਂਟਾਂ 'ਚ ਹਿੱਸਾ ਲਵੇਗੀ
NEXT STORY