ਜਲੰਧਰ (ਚੋਪੜਾ)–ਕਾਂਗਰਸ ਦੇ ਯੁਵਰਾਜ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਸੁਫਨੇ ਨੇ ਯੂਥ ਕਾਂਗਰਸ ਨੂੰ ਹਾਸ਼ੀਏ ’ਤੇ ਪਹੁੰਚਾ ਦਿੱਤਾ ਹੈ ਅਤੇ ਅੱਜ ਯੂਥ ਕਾਂਗਰਸ ’ਚ ਹਰੇਕ ਪੱਧਰ ’ਤੇ ਇੰਨੀ ਅਨੁਸ਼ਾਸਨਹੀਣਤਾ ਪੈਦਾ ਹੋ ਚੁੱਕੀ ਹੈ ਕਿ ਵਰਕਰ ਤਾਂ ਦੂਰ ਯੂਥ ਕਾਂਗਰਸ ਦੇ ਸੂਬਾਈ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਤਕ ਪਾਰਟੀ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਨ ਅਤੇ ਅਨੁਸ਼ਾਸਨ ਦੀਆਂ ਧੱਜੀਆਂ ਉਡਾਉਣ ’ਚ ਜੁਟੇ ਹੋਏ ਹਨ।
ਪੰਜਾਬ ’ਚ ਸੂਬਾਈ ਯੂਥ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ ਦੀ ਕਮਜ਼ੋਰ ਪਕੜ ਅਤੇ ਢਿੱਲੀ ਕਾਰਗੁਜ਼ਾਰੀ ਉਸ ਸਮੇਂ ਪ੍ਰਮਾਣਿਤ ਹੋ ਗਈ, ਜਦੋਂ ਖ਼ੁਦ ਆਲ ਇੰਡੀਆ ਯੂਥ ਕਾਂਗਰਸ (ਏ. ਆਈ. ਵਾਈ. ਸੀ.) ਦੇ ਪ੍ਰਧਾਨ ਉਦੈ ਭਾਨੂ ਚਿਬ ਦਾ ਸੂਬਾ ਪੱਧਰੀ ਪ੍ਰੋਗਰਾਮ ਹੋ ਰਿਹਾ ਹੋਵੇ ਅਤੇ ਸੈਂਕੜੇ ਅਹੁਦੇਦਾਰ ਰਾਸ਼ਟਰੀ ਪ੍ਰਧਾਨ ਦੇ ਹੀ ਪ੍ਰੋਗਰਾਮ ਨੂੰ ਤਾਰਪੀਡੋ ਕਰ ਗਏ।
ਜ਼ਿਕਰਯੋਗ ਹੈ ਕਿ ਬੀਤੀ 20 ਫਰਵਰੀ ਨੂੰ ਚੰਡੀਗੜ੍ਹ ’ਚ ਪੰਜਾਬ ਯੂਥ ਕਾਂਗਰਸ ਵੱਲੋਂ ਉਦੈ ਭਾਨੂ ਚਿਬ ਦੀ ਪਹਿਲੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਆਯੋਜਿਤ ਕੀਤੀ ਗਈ ਸੀ ਪਰ ਪੰਜਾਬ ’ਚ ਸੂਬਾਈ ਯੂਥ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ ਦੀ ਕਮਜ਼ੋਰ ਲੀਡਰਸ਼ਿਪ ਅਤੇ ਲਗਭਗ ਡੁੱਬ ਚੁੱਕੀ ਯੂਥ ਕਾਂਗਰਸ ਦੀ ਬੇੜੀ ਨੇ ਪਹਿਲੀ ਕਾਰਜਕਾਰਨੀ ਮੀਟਿੰਗ ’ਚ ਅਹੁਦੇਦਾਰਾਂ ਦੀ ਗੈਰ-ਹਾਜ਼ਰੀ ਨੇ ਕਮਜ਼ੋਰ ਲੀਡਰਸ਼ਿਪ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲਣ ਵਾਲੀ ਇਹ ਮੁਫ਼ਤ ਬੱਸ ਸੇਵਾ ਅੱਜ ਤੋਂ ਅਗਲੇ ਹੁਕਮਾਂ ਤੱਕ ਬੰਦ, ਝੱਲਣੀ ਪਵੇਗੀ ਪਰੇਸ਼ਾਨੀ
ਉਦੈ ਭਾਨੂੰ ਚਿਬ ਦੀ ਪਹਿਲੀ ਕਾਰਜਕਾਰਨੀ ਮੀਟਿੰਗ ’ਚ ਅਹੁਦੇਦਾਰਾਂ ਦੀ ਘੱਟ ਹਾਜ਼ਰੀ ਨੂੰ ਵੇਖ ਆਲ ਇੰਡੀਆ ਯੂਥ ਕਾਂਗਰਸ ਦੇ ਹੱਥ-ਪੈਰ ਫੁੱਲ ਗਏ ਹਨ। ਹੁਣ ਯੂਥ ਕਾਂਗਰਸ ’ਚ ਹਰ ਵਾਰ ਵਾਂਗ ਸੱਪ ਨਿਕਲਣ ਤੋਂ ਬਾਅਦ ਲਕੀਰ ਕੁੱਟਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਰਿਸ਼ੇਂਦਰ ਸਿੰਘ ਮਹਾਰ ਨੇ ਪਹਿਲੀ ਕਾਰਜਕਾਰਨੀ ਮੀਟਿੰਗ ’ਚ ਗੈਰ-ਹਾਜ਼ਰ ਰਹੇ ਅਹੁਦੇਦਾਰਾਂ ਨੂੰ ਧੜਾਧੜ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ 24 ਘੰਟਿਆਂ ’ਚ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਮਹਾਰ ਨੇ ਨੋਟਿਸ ’ਚ ਕਿਹਾ ਕਿ ਜੇਕਰ ਕੋਈ ਅਹੁਦੇਦਾਰ 24 ਘੰਟਿਆਂ ਅੰਦਰ ਆਪਣੀ ਗੈਰ-ਹਾਜ਼ਰੀ ਦਾ ਕੋਈ ਜਾਇਜ਼ ਕਾਰਨ ਸਾਡੇ ਨਾਲ ਸਾਂਝਾ ਨਹੀਂ ਕਰਦਾ ਹੈ ਤਾਂ ਪਾਰਟੀ ਦੇ ਸਿਧਾਂਤਾਂ ਅਨੁਸਾਰ ਉਸ ਵਿਰੁੱਧ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ।
ਸੂਬਾਈ ਇੰਚਾਰਜ ਨੇ ਬੀਤੇ ਦਿਨੀਂ ਹੀ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚੋਂ ਮੀਟਿੰਗ ’ਚ ਗੈਰ-ਹਾਜ਼ਰ ਰਹਿਣ ਵਾਲੇ 65 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਅੱਜ ਆਲ ਇੰਡੀਆ ਯੂਥ ਕਾਂਗਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਸੂਬਾਈ ਯੂਥ ਕਾਂਗਰਸ ਦੇ 5 ਜ਼ਿਲ੍ਹਾ ਪ੍ਰਧਾਨਾਂ, ਇਕ ਮੀਤ ਪ੍ਰਧਾਨ, 15 ਸੂਬਾਈ ਜਨਰਲ ਸਕੱਤਰਾਂ ਅਤੇ 16 ਸਕੱਤਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਨੋਟਿਸਾਂ ’ਚ ਯੂਥ ਕਾਂਗਰਸ ਵੱਲੋਂ ਸੂਬਾਈ ਜਨਰਲ ਸਕੱਤਰ ਤੋਸ਼ਿਤ ਮਹਾਜਨ ਅਤੇ ਸੂਬਾਈ ਯੂਥ ਕਾਂਗਰਸ ਸਕੱਤਰ ਹਨੀ ਜੋਸ਼ੀ ਵਰਗੇ ਚਿਹਰੇ ਵੀ ਸ਼ਾਮਲ ਹਨ, ਜੋਕਿ ਲੰਮੇ ਸਮੇਂ ਤੋਂ ਯੂਥ ਕਾਂਗਰਸ ਨਾਲ ਜੁੜੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ
ਇਨ੍ਹਾਂ ਜ਼ਿਲ੍ਹਾ ਪ੍ਰਧਾਨਾਂ ਅਤੇ ਸੂਬਾਈ ਅਹੁਦੇਦਾਰਾਂ ਨੂੰ ਜਾਰੀ ਹੋਏ ਕਾਰਨ ਦੱਸੋ ਨੋਟਿਸ
ਰਿਸ਼ੇਂਦਰ ਸਿੰਘ ਮਹਾਰ ਨੇ ਅੱਜ ਨਵਜੀਤ ਸਿੰਘ ਪ੍ਰਧਾਨ ਜ਼ਿਲਾ ਯੂਥ ਕਾਂਗਰਸ ਰੋਪੜ, ਰੁਪਿੰਦਰ ਸਿੰਘ ਪ੍ਰਧਾਨ ਖੰਨਾ, ਸੋਨਜੋਗਪ੍ਰੀਤ ਸਿੰਘ ਪ੍ਰਧਾਨ ਮਾਨਸਾ, ਸੁਰਜੀਤ ਸਿੰਘ ਪ੍ਰਧਾਨ ਫਾਜ਼ਿਲਕਾ, ਨਵਰਿੰਦਰਜੀਤ ਸਿੰਘ ਪ੍ਰਧਾਨ ਜ਼ਿਲਾ ਯੂਥ ਕਾਂਗਰਸ ਹੁਸ਼ਿਆਰਪੁਰ ਤੋਂ ਇਲਾਵਾ ਸੂਬਾਈ ਮੀਤ ਪ੍ਰਧਾਨ ਮਨਜਿੰਦਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਸੇ ਤਰ੍ਹਾਂ ਪ੍ਰਦੇਸ਼ ਯੂਥ ਕਾਂਗਰਸ ਦੇ ਜਨਰਲ ਸਕੱਤਰਾਂ ਵਿਚ ਅਮਨਦੀਪ ਸਿੰਘ ਸਲੈਚ, ਧਰਮ ਸਿੰਘ, ਗਗਨਜੀਤ ਕੌਰ, ਹਰਦੀਪ ਸਿੰਘ ਟਿਵਾਣਾ, ਹਿਮਾਂਸ਼ੂ ਗੋਸਾਈਂ, ਮਨਦੀਪ ਕੌਰ, ਮਨੀਸ਼ਾ ਮਿਸ਼ਰਾ, ਨਿਰਮਲਾ ਰਾਣੀ, ਰਾਹੁਲ ਕੁਮਾਰ ਜੈਤੋ, ਰਜਨੀ ਸ਼ਰਮਾ, ਰਮਨ ਰਮੇਸ਼, ਰਣਜੀਤ ਸਿੰਘ, ਰੂਪ ਕਮਲ ਚਾਵਲਾ ਟਿੱਬੀ, ਤੋਸ਼ਿਤ ਮਹਾਜਨ ਅਤੇ ਉਰਵਸ਼ੀ ਕਾਂਡਾ ਨੂੰ ਵੀ ਕਾਰਨ ਦੱਸੋ ਨੋਟਿਸ ਭੇਜੇ ਗਏ ਹਨ। ਜਦਕਿ ਸੂਬਾਈ ਸਕੱਤਰਾਂ ਵਿਚ ਸ਼ਾਮਲ ਹਨੀ ਜੋਸ਼ੀ (ਜਲੰਧਰ) ਤੋਂ ਇਲਾਵਾ ਬਲਪ੍ਰੀਤ ਸਿੰਘ ਰੋਜਰ, ਬਲਵੀਰ ਸਿੰਘ ਝੱਮਟ, ਗੁਰਦਾਸ ਸਿੰਘ ਦਾਹੋਤ, ਹਰਮਨਪ੍ਰੀਤ ਸਿੰਘ, ਜਗਜੋਤ ਸਿੰਘ, ਜਸਕੀਰਤ ਸਿੰਘ ਰਤੀਆ, ਜਤਿੰਦਰ ਕੁਮਾਰ ਗੋਰਾ, ਮਨਦੀਪ ਸਿੰਘ ਗਿੱਲ, ਨਵਦੀਪ ਸਿੰਘ ਸਿੱਧੂ, ਨਿਰਮਲ ਸਿੰਘ ਦੁੱਲਟ, ਪ੍ਰਦੀਪ ਸਿੰਘ, ਪ੍ਰਦੀਪ ਸਿੰਘ ਰਟੈਂਡਾ, ਸ਼ੋਭਿਤ ਬੱਬਰ, ਸੋਮ ਸਿੰਘ ਅਤੇ ਤੇਜਬੀਰ ਸਿੰਘ ਖਾਰਾ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਤੋਂ 24 ਘੰਟਿਆਂ ਅੰਦਰ ਜਵਾਬ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ : ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਮੰਤਰੀ ਵੱਲੋਂ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਿਧਾਨ ਸਭਾ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ, ਸਦਨ ਦੀ ਕਾਰਵਾਈ ਮੁਲਤਵੀ (ਵੀਡੀਓ)
NEXT STORY