ਕੋਟਕਪੂਰਾ (ਨਰਿੰਦਰ ਬੈੜ੍ਹ) : ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਅਤੇ ਵੱਖ-ਵੱਖ ਸੂਬਿਆਂ ਤੋਂ ਆਏ ਮਜ਼ਦੂਰਾਂ ਆਦਿ ਦੇ ਕੋਵਿਡ-19 ਤਹਿਤ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਆਉਣ ਦਾ ਸਿਲਸਿਲਾ ਜਾਰੀ ਹੈ। ਅੱਜ ਸਿਹਤ ਵਿਭਾਗ ਕੋਲ 347 ਲੋਕਾਂ ਦੀ ਰਿਪੋਰਟ ਆਈ ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਜਦਕਿ 346 ਰਿਪੋਰਟਾਂ ਨੈਗੇਟਿਵ ਆਈਆਂ ਹਨ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲੇ ਦੇ ਪਿੰਡ ਮਚਾਕੀ ਦੀ ਉਕਤ ਔਰਤ ਜੋ ਕਿ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੀ ਹੈ, ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਆਈਸੋਲੇਸ਼ਨ ਵਾਰਡ ਵਿਚ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ੍ਰੀ ਨਾਂਦੇੜ ਸਾਹਿਬ ਦੇ ਸ਼ਰਧਾਲੂਆਂ ਤੇ ਹੋਰ ਸੂਬਿਆਂ ਤੋਂ ਵਾਪਸ ਆਏ 966 ਦੇ ਕਰੀਬ ਵਿਅਕਤੀਆਂ ਦੀਆਂ ਰਿਪੋਰਟਾਂ ਅਜੇ ਬਾਕੀ ਹਨ। ਅੱਜ ਇਕ ਪਾਜ਼ੇਟਿਵ ਰਿਪੋਰਟ ਆਉਣ ਨਾਲ ਜ਼ਿਲਾ ਫਰੀਦਕੋਟ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 45 ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਤਿੰਨ ਵਿਅਕਤੀਆਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ 'ਚ 42 ਐਕਟਿਵ ਕੇਸਾਂ ਦਾ ਇਲਾਜ ਚੱਲ ਰਿਹਾ ਹੈ।
ਏਕਾਂਤਵਾਸ 'ਚੋਂ ਭੱਜਿਆ ਵਿਅਕਤੀ ਸਹੁਰਾ ਘਰੋਂ ਕਾਬੂ
NEXT STORY