ਜਲੰਧਰ (ਜਸਬੀਰ ਸਿੰਘ)— ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਤੱਕ ਪੂਰਾ ਦੇਸ਼ ਲਾਕ ਡਾਊਨ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਾਰੇ ਜ਼ਿਲਿਆਂ ਦੇ ਡੀ. ਸੀਜ਼ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲੋੜਵੰਦ ਚੀਜ਼ਾਂ ਘਰਾਂ 'ਚ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਰੇਹੜੀ ਵਾਲਿਆਂ ਦੇ ਪਾਸ ਬਣਾਏ ਜਾ ਰਹੇ ਹਨ ਤਾਂਕਿ ਉਹ ਘਰਾਂ 'ਚ ਜਾ ਕੇ ਸਬਜ਼ੀ ਮੁਹੱਈਆ ਕਰਵਾ ਸਕਣ। ਉਥੇ ਹੀ ਚੱਲ ਰਹੇ ਕਰਫਿਊ ਨੂੰ ਲੈ ਕੇ ਅੱਜ ਵੀ ਜਲੰਧਰ ਸ਼ਹਿਰ ਦੀਆਂ ਸੜਕਾਂ ਅਤੇ ਹਾਈਵੇਅ ਸੁੰਨਸਾਨ ਪਏ ਰਹੇ ਜਦਕਿ ਕੁਝ ਥਾਵਾਂ 'ਤੇ ਘਰਾਂ 'ਚੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਪੁਲਸ ਨੇ ਨਕੇਲ ਵੀ ਕੱਸੀ।
ਕਰਫਿਊ ਲੱਗਣ ਤੋਂ ਬਾਅਦ ਜਲੰਧਰ ਦੀ ਪੁਲਸ ਪੂਰੀ ਤਰ੍ਹਾਂ ਸਖਤੀ ਵਰਤ ਰਹੀ ਹੈ। ਕਰਫਿਊ ਲੱਗਣ ਦੇ ਬਾਵਜੂਦ ਵੀ ਜਿਹੜੇ ਲੋਕ ਬਿਨਾਂ ਕਿਸੇ ਵਜ੍ਹਾ ਤੋਂ ਘਰੋਂ ਨਿਕਲ ਰਹੇ ਹਨ, ਉਨ੍ਹਾਂ ਨੂੰ ਪੁਲਸ ਸਖਤੀ ਨਾਲ ਰਸਤਿਆਂ 'ਚੋਂ ਆਪਣੇ ਘਰਾਂ 'ਚ ਵਾਪਸ ਭੇਜ ਰਹੀ ਹੈ।
ਇਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 33 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 5, ਹੁਸ਼ਿਆਰਪੁਰ ਦੇ 3, ਜਲੰਧਰ ਦੇ 4, ਲੁਧਿਆਣਾ 1 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ।
ਪੰਜਾਬ 'ਚ ਹੁਣ ਤੱਕ 488 ਸ਼ੱਕੀ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ 'ਚੋਂ 228 ਦੀ ਰਿਪੋਰਟ ਨੈਗੇਟਿਵ ਆਈ ਹੈ, 229 ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਸਪਤਾਲਾਂ 'ਚ ਭਰਤੀ ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਵੀ ਸਥਿਰ ਹੈ।
ਜਲੰਧਰ ਸ਼ਹਿਰ ਦੇ ਬੱਸ ਸਟੈਂਡ 'ਤੇ ਹਮੇਸ਼ਾ ਹੀ ਚਹਿਲ-ਪਹਿਲ ਰਹਿੰਦੀ ਹੈ ਪਰ ਕਰਫਿਊ ਕਰਕੇ ਜਲੰਧਰ ਦਾ ਬੱਸ ਸਟੈਂਡ ਪੂਰੀ ਤਰ੍ਹਾਂ ਸੁੰਨਾ ਪਿਆ ਹੋਇਆ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਸ਼ਹਿਰ ਦੇ ਹਾਲਾਤ ਕਿਹੋ ਜਿਹੇ ਬਣੇ ਹੋਏ ਹਨ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕਰਫਿਊ ਲਗਾਉਣਾ ਸਮੇਂ ਦੀ ਜ਼ਰੂਰਤ ਸੀ ਪਰ ਆਮ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਕਰਫਿਊ ਦੇ ਹੁਕਮਾਂ 'ਚ ਕੁਝ ਸੋਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਨਵੇਂ ਹੁਕਮ ਜਾਰੀ ਕਰਦੇ ਹੋਏ ਦੱਸਿਆ ਕਿ ਕਰਫਿਊ ਦੌਰਾਨ ਕੁਝ ਵਾਹਨਾਂ ਨੂੰ ਸੜਕਾਂ 'ਤੇ ਉਤਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਰਫਿਊ 'ਚ ਛੋਟ ਦਿੱਤੇ ਗਏ ਹਰੇਕ ਵਾਹਨ 'ਚ ਸੈਨੇਟਾਈਜ਼ਰ ਹੋਣਾ ਜ਼ਰੂਰੀ ਹੋਵੇਗਾ ਅਤੇ ਹਰੇਕ ਵਿਅਕਤੀ ਵੱਲੋਂ ਆਪਣੇ ਮੂੰਹ 'ਤੇ ਮਾਸਕ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਵਾਹਨ ਚਾਲਕ ਅਤੇ ਹੋਰ ਲੋਕਾਂ ਵੱਲੋਂ ਕੋਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਗੱਡੀਆਂ ਨੂੰ ਕਰਫਿਊ ਦੌਰਾਨ ਰੋਕਿਆ ਨਹੀਂ ਜਾਵੇਗਾ ਅਤੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਉਦੋਂ ਤੱਕ ਲਾਗੂ ਹੋਣਗੇ ਜਦੋਂ ਤੱਕ ਇਸ ਸਬੰਧੀ ਕੋਈ ਨਵੇਂ ਹੁਕਮ ਨਹੀਂ ਆਉਂਦੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਨਾਲ ਸਬੰਧਤ ਆਨ ਡਿਊਟੀ ਗੱਡੀਆਂ ਤੋਂ ਇਲਾਵਾ ਕਿਸੇ ਵੀ ਵਾਹਨ ਵਿਚ 3 ਤੋਂ ਜ਼ਿਆਦਾ ਵਿਅਕਤੀ ਨਹੀਂ ਬੈਠਣਗੇ।
ਇਨ੍ਹਾਂ ਵਾਹਨਾਂ ਨੂੰ ਕਰਫਿਊ ਦੌਰਾਨ ਸੜਕਾਂ 'ਤੇ ਉਤਰਨ ਦੀ ਮਿਲੀ ਛੋਟ
1. ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੀਆਂ ਸਾਰੀਆਂ ਆਨ ਡਿਊਟੀ ਗੱਡੀਆਂ
2. ਦੁੱਧ ਦੀਆਂ ਗੱਡੀਆਂ/ਸਾਈਕਲ/ਮੋਟਰਸਾਈਕਲ/ਰੇਹੜਾ
3. ਅਨਾਜ/ਕਣਕ/ਚੌਲ/ਦਾਲਾਂ/ਖਾਣ-ਪੀਣ ਦੇ ਸਾਮਾਨ ਦੀਆਂ ਗੱਡੀਆਂ
4. ਸਬਜ਼ੀਆਂ/ਫਲ ਦੀਆਂ ਗੱਡੀਆਂ/ਰੇਹੜੀਆਂ/ਰਿਕਸ਼ਾ/ਥ੍ਰੀ ਵ੍ਹੀਲਰ
5. ਬ੍ਰੈੱਡ/ਬੇਕਰੀ/ਰਸ/ਬਿਸਕੁੱਟ ਦੀਆਂ ਗੱਡੀਆਂ
6. ਐੱਲ. ਪੀ. ਜੀ. ਗੈਸ ਦੀ ਸਪਲਾਈ ਕਰਨ ਵਾਲੀਆਂ ਗੱਡੀਆਂ
7. ਪੈਟਰੋਲ/ਡੀਜ਼ਲ ਸਪਲਾਈ ਕਰਨ ਵਾਲੀਆਂ ਗੱਡੀਆਂ
8. ਪਸ਼ੂਆਂ ਦੇ ਚਾਰੇ/ਕੈਟਲ ਫੀਡ ਵਾਲੇ ਵਾਹਨ
9. ਪੋਲਟਰੀ ਮੁਰਗੀਆਂ/ਮੁਰਗਿਆਂ ਦੀ ਫੀਡ/ਆਂਡਿਆਂ ਦੇ ਕਿਸੇ ਵੀ ਕਿਸਮ ਦੇ ਵ੍ਹੀਕਲ
ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਨੌਜਵਾਨ ਦੀ ਪੁਲਸ ਵਲੋਂ ਕੁੱਟ-ਮਾਰ (ਵੀਡੀਓ)
NEXT STORY