ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਦੇ ਖੌਫ ਕਾਰਣ ਸੂਬੇ ਦੇ ਸਾਰੇ ਸਕੂਲਾਂ 'ਚ 31 ਮਾਰਚ ਤੱਕ ਛੁੱਟੀਆਂ ਕਰਨ ਦੇ ਸਰਕਾਰੀ ਐਲਾਨ ਤੋਂ ਬਾਅਦ ਨਿੱਜੀ ਸਕੂਲਾਂ ਨੇ ਹੁਣ ਵਿਦਿਆਰਥੀਆਂ ਦੇ ਰਿਜ਼ਲਟ ਆਨਲਾਈਨ ਜਾਂ ਵਟਸਐਪ 'ਤੇ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਕਿਉਂÎਕਿ ਕਈ ਸਕੂਲਾਂ 'ਚ ਇਸ ਹਫਤੇ ਰਿਜ਼ਲਟ ਅਨਾਊਂਸਮੈਂਟ ਤੋਂ ਇਲਾਵਾ ਵਿਦਿਆਰਥੀਆਂ ਦੀ ਅਨਸਰ ਸ਼ੀਟ ਦਿਖਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਸੀ। ਕੋਰੋਨਾ ਵਾਇਰਸ ਸਬੰਧੀ ਗਾਈਡਲਾਈਨਜ਼ ਨੂੰ ਧਿਆਨ 'ਚ ਰੱਖਦੇ ਹੋਏ ਕਈ ਸਕੂਲਾਂ 'ਚ ਨਤੀਜੇ ਆਨਲਾਈਨ ਐਲਾਨਣ ਦੀਆਂ ਤਿਆਰੀਆਂ ਨਾਲ ਪੇਪਰ ਦਿਖਾਉਣ ਸਮੇਂ ਹੋਣ ਵਾਲੇ ਇਕੱਠ ਨੂੰ ਇਕ ਤਿਹਾਈ ਤੱਕ ਸੀਮਤ ਕਰ ਦਿੱਤਾ ਹੈ। ਇਸ ਦੇ ਨਾਲ ਜਿਨ੍ਹਾਂ ਸਕੂਲਾਂ ਨੇ ਵਿਦਿਆਰਥੀਆਂ ਨੂੰ ਪਹਿਲਾਂ ਅਨਸਰ ਸ਼ੀਟ ਦਿਖਾ ਦਿੱਤੀ ਹੈ, ਉਹ ਸੈਸ਼ਨ ਸ਼ੁਰੂ ਹੋਣ ਸਮੇਂ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਿਪੋਰਟ ਕਾਰਡ ਸੌਂਪਣਗੇ।
ਕਈ ਸਕੂਲਾਂ 'ਚ ਇਸ ਹਫਤੇ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ 'ਤੇ ਵੀ ਕੋਰੋਨਾ ਵਾਇਰਸ ਦਾ ਗ੍ਰਹਿਣ ਲੱਗ ਗਿਆ ਹੈ। ਜਾਣਕਾਰੀ ਮੁਤਾਬਕ ਕੁਝ ਨਿੱਜੀ ਸਕੂਲਾਂ 'ਚ ਨਵਾਂ ਸੈਸ਼ਨ 16 ਮਾਰਚ ਤੋਂ ਅਤੇ ਕਈਆਂ 'ਚ 19 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਛੁੱਟੀਆਂ ਦੇ ਐਲਾਨ ਦੇ ਨਾਲ ਹੀ ਕਲਾਸਾਂ ਦੀ ਸ਼ੁਰੂਆਤ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਬੀ. ਸੀ. ਐੱਮ. ਆਰੀਆ ਸਕੂਲ ਸ਼ਾਸਤਰੀ ਨਗਰ 'ਚ ਨਰਸਰੀ ਕਲਾਸ ਦੇ ਵਿਦਿਆਰਥੀਆਂ ਲਈ ਹੋਣ ਵਾਲੀ ਵੈਲਕਮ ਸੈਰਾਮਨੀ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਿੰਸੀਪਲ ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਇਸ ਵੈਲਕਮ ਸੈਰਾਮਨੀ 'ਚ 400 ਦੇ ਕਰੀਬ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਿਆ ਜਾਣਾ ਸੀ ਪਰ ਜ਼ਿਆਦਾ ਇਕੱਠ ਨੂੰ ਰੋਕਣ ਲਈ ਉਕਤ ਕਦਮ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪੀ. ਜੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!
ਕਈਆਂ ਨੇ ਮੁਲਤਵੀ ਅਤੇ ਕਈਆਂ ਨੇ ਐਡਵਾਂਸ ਕੀਤੀਆਂ ਨਤੀਜਿਆਂ ਦੀਆਂ ਤਰੀਕਾਂ
ਹੁਣ ਜੇਕਰ ਪ੍ਰੀਖਿਆਵਾਂ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਕਈ ਨਿੱਜੀ ਸਕੂਲਾਂ ਦੀਆਂ ਪ੍ਰੀਖਿਆਵਾਂ ਸੰਪੰਨ ਹੋ ਚੁੱਕੀਆਂ ਹਨ, ਜਦੋਂਕਿ ਕਈਆਂ 'ਚ ਅਜੇ ਚੱਲ ਰਹੀਆਂ ਹਨ ਅਤੇ ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਦੇ ਨਤੀਜੇ ਐਲਾਨਣ ਦੀਆਂ ਤਰੀਕਾਂ ਨੂੰ ਸਕੂਲ ਪ੍ਰਬੰਧਕਾਂ ਨੇ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਗ੍ਰੀਨਲੈਂਡ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ 'ਚ ਨਤੀਜਿਆਂ ਦਾ ਐਲਾਨ 25-26 ਮਾਰਚ ਨੂੰ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਣ 18 ਤੋਂ ਲੈ ਕੇ 31 ਮਾਰਚ ਤੱਕ ਕਲਾਸ ਵਾਈਜ਼ ਨਵੀਆਂ ਤਰੀਕਾਂ ਤਹਿ ਕੀਤੀਆਂ ਗਈਆਂ ਹਨ। ਚੇਅਰਮੈਨ ਡਾ. ਰਾਜੇਸ਼ ਰੁਦਰਾ ਨੇ ਦੱਸਿਆ ਕਿ ਕਲਾਸ ਵਾਈਜ਼ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਗਿਣਤੀ ਵਾਲੇ ਗਰੁੱਪਾਂ 'ਚ ਵੰਡ ਕੇ ਰਿਜ਼ਲਟ ਦੱਸਿਆ ਜਾਵੇਗਾ ਤਾਂ ਕਿ ਭੀੜ ਵਾਲੀ ਸਥਿਤੀ ਪੈਦਾ ਨਾ ਹੋਵੇ। ਡੀ. ਏ. ਵੀ. ਸਕੂਲ ਪੱਖੋਵਾਲ ਰੋਡ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਦੱਸਿਆ ਕਿ ਬੱਚਿਆਂ ਨੂੰ ਉਨ੍ਹਾਂ ਦੀ ਅਨਸਰਸ਼ੀਟ ਪਹਿਲਾਂ ਹੀ ਦਿਖਾਈ ਜਾ ਚੁੱਕੀ ਹੈ। ਹੁਣ ਸਕੂਲ 'ਚ ਨਵਾਂ ਸੈਸ਼ਨ ਸ਼ੁਰੂ ਹੋਣ 'ਤੇ ਹੀ ਵਿਦਿਆਰਥੀਆਂ ਦਾ ਰਿਪੋਰਟ ਕਾਰਡ ਦਿੱਤਾ ਜਾਵੇਗਾ।
10ਵੀਂ ਤੇ 12ਵੀਂ ਦੀਆਂ ਕਲਾਸਾਂ 'ਤੇ ਵੀ ਪਿਆ ਅਸਰ
ਸ਼ਹਿਰ ਦੇ ਜ਼ਿਆਦਾਤਰ ਸਕੂਲ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੇ ਬੋਰਡ ਦੀਆਂ ਕਲਾਸਾਂ ਜਿਵੇਂ 10ਵੀਂ ਅਤੇ 12ਵੀਂ ਮਾਰਚ ਮਹੀਨੇ ਦੇ ਅੱਧ 'ਚ ਸ਼ੁਰੂ ਕਰ ਦਿੰਦੇ ਹਨ। ਸਕੂਲ 'ਚ ਇਕਦਮ ਛੁੱਟੀਆਂ ਦੇ ਐਲਾਨ ਤੋਂ ਬਾਅਦ ਸਕੂਲਾਂ ਨੇ ਵਿਦਿਆਰਥੀਆਂ ਦਾ ਸਲੇਬਸ ਕਵਰ ਕਰਵਾਉਣ ਲਈ ਆਨਲਾਈਨ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਵੀ ਤਿਆਰ ਕਰ ਦਿੱਤੀ ਹੈ ਤਾਂ ਕਿ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ।
ਕਾਲਜਾਂ ਦੇ ਹੋਸਟਲ ਵੀ ਹੋਏ ਖਾਲੀ
ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਜਾਰੀ ਹੁਕਮਾਂ ਕਾਰਣ ਕਾਲਜਾਂ ਦੇ ਹੋਸਟਲ ਵੀ ਖਾਲੀ ਹੋ ਗਏ ਹਨ। ਉੱਚ ਸਿੱਖਿਆ ਵਿਭਾਗ ਵੱਲੋਂ ਕਾਲਜਾਂ 'ਚ ਪੱਤਰ ਭੇਜੇ ਜਾਣ ਤੋਂ ਬਾਅਦ ਕਾਲਜਾਂ ਦੇ ਹੋਸਟਲਾਂ 'ਚ ਰਹਿ ਰਹੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਸਕੂਲ 'ਚ ਨਵਾਂ ਸੈਸ਼ਨ 7 ਅਪ੍ਰੈਲ ਤੋਂ ਸ਼ੁਰੂ ਹੋਣਾ ਹੈ, ਜਦੋਂਕਿ ਵਿਦਿਆਰਥੀਆਂ ਦਾ ਨਤੀਜਾ 19 ਮਾਰਚ ਤੋਂ ਐਲਾਨਣ ਦੀ ਤਰੀਕ ਤੈਅ ਕੀਤੀ ਗਈ ਸੀ। ਹੁਣ ਛੁੱਟੀਆਂ ਦੇ ਐਲਾਨ ਕਾਰਣ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਤੀਜੇ ਆਨਲਾਈਨ ਮੁਹੱਈਆ ਕਰਵਾਏ ਜਾਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਇਸ ਬਾਰੇ ਕੋਈ ਵੀ ਅਗਲਾ ਫੈਸਲਾ ਲੈ ਕੇ ਪੇਰੈਂਟਸ ਨੂੰ ਸੂਚਿਤ ਕਰ ਦਿੱਤਾ ਜਾਵੇਗਾ।- ਨਵਿਤਾ ਪੁਰੀ ਪ੍ਰਿੰਸੀਪਲ, ਕੇ. ਵੀ. ਐੱਮ. ਸਿਵਲ ਲਾਈਨਜ਼
11ਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਪਰ ਪ੍ਰੈਕਟੀਕਲ ਪ੍ਰੀਖਿਆਵਾਂ ਦੌਰਾਨ ਦਿਖਾ ਦਿੱਤੇ ਜਾਣਗੇ। 8ਵੀਂ ਨੂੰ ਛੱਡ ਕੇ ਬਾਕੀ ਕਲਾਸਾਂ ਦੇ ਰਿਜ਼ਲਟ ਵਿਦਿਆਰਥੀਆਂ ਨੂੰ ਦਿਖਾ ਦਿੱਤੇ ਗਏ ਹਨ। ਅਸੀਂ 19 ਮਾਰਚ ਨੂੰ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਕਰਵਾਉਣੀਆਂ ਸਨ ਪਰ ਹੁਣ ਅਗਲੇ ਹੁਕਮਾਂ ਤੋਂ ਬਾਅਦ ਨਵਾਂ ਸੈਸ਼ਨ ਸ਼ੁਰੂ ਹੋਵੇਗਾ ਅਤੇ 3 ਪੀਰੀਅਡ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਕਲਾਸਾਂ ਦੇ ਰਿਪੋਰਟ ਕਾਰਡ ਦੇਣ ਤੋਂ ਬਾਅਦ ਨਵੇਂ ਸੈਸ਼ਨ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ।- ਡਾ. ਸਤਵੰਤ ਕੌਰ ਭੁੱਲਰ, ਪ੍ਰਿੰਸੀਪਲ ਡੀ. ਏ. ਵੀ. ਸਕੂਲ ਪੱਖੋਵਾਲ ਰੋਡ
ਇਹ ਵੀ ਪੜ੍ਹੋ : ਪੱਠੇ ਕੁਤਰਦਿਆਂ ਟੋਕੇ ਦੀ ਲਪੇਟ 'ਚ ਆਈ ਔਰਤ
ਇਹ ਵੀ ਪੜ੍ਹੋ : ਬਠਿੰਡਾ : ਬੱਚੀ ਦਾ ਗਲ ਘੁੱਟ ਕੇ ਕਤਲ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ
ਮੋਗਾ ਪੁਲਸ ਦੀ ਵੱਡੀ ਕਾਰਵਾਈ, ਹੋਟਲ 'ਚ ਛਾਪਾ ਮਾਰ ਇਤਰਾਜ਼ਯੋਗ ਹਾਲਤ ਫੜੇ ਕੁੜੀਆਂ-ਮੁੰਡੇ
NEXT STORY