ਜਲੰਧਰ (ਚੋਪੜਾ)— ਕੋਰੋਨਾ ਵਾਇਰਸ ਦੇ ਦੇਸ਼ 'ਚ ਦਸਤਕ ਦੇਣ ਤੋਂ ਬਾਅਦ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਾਸੀ ਸਰਗਰਮ ਹੋਈ ਹੈ। ਇਸ ਦੇ ਤਹਿਤ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਅਨੁਸਾਰ ਸੂਬਾ ਸਰਕਾਰ ਨੇ ਜਨਤਾ ਨੂੰ ਅਨੇਕਾਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਕੋਰੋਨਾ ਵਾਇਰਸ ਦੇ ਸੰਭਾਵਿਤ ਵਧਦੇ ਪ੍ਰਭਾਵ ਨੂੰ ਸਮਾਂ ਰਹਿੰਦਿਆਂ ਰੋਕਿਆ ਜਾ ਸਕੇ। ਇਸ ਸਬੰਧ 'ਚ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਸਕੂਲਾਂ-ਕਾਲਜਾਂ ਤੋਂ ਇਲਾਵਾ ਜਿਮ, ਸਵਿਮਿੰਗ ਪੂਲ, ਕੋਚਿੰਗ ਸੈਂਟਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਦਿਸੇ ਲਾਪਰਵਾਹ
ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਿਲਾ ਲੈਵਲ ਉੱਤੇ ਬਣੀ ਕਮੇਟੀ ਜਨਤਾ ਨੂੰ ਭੀੜ-ਭਾੜ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਤੋਂ ਇਲਾਵਾ ਮਾਸਕ ਪਹਿਨਣ, ਸੈਨੇਟਾਈਜ਼ਰ ਯੂਜ਼ ਕਰਨ ਸਣੇ ਅਨੇਕਾਂ ਹਦਾਇਤਾਂ ਪ੍ਰਤੀ ਜਾਗਰੂਕ ਕਰ ਰਹੀ ਹੈ ਪਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਸਰਕਾਰ ਦੀਆਂ ਗਾਈਡਲਾਈਨਜ਼ ਅਤੇ ਡਿਪਟੀ ਕਮਿਸ਼ਨਰ ਦੇ ਹੁਕਮ ਅਤੇ ਹਦਾਇਤਾਂ ਪੂਰੀ ਤਰ੍ਹਾਂ ਬੇਅਸਰ ਹਨ। ਜਿੱਥੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਲਾਪਰਵਾਹ ਹਨ, ਉਥੇ ਜਨਤਾ ਵੀ ਖੂਬ ਲਾਪ੍ਰਵਾਹੀ ਵਰਤ ਰਹੀ ਹੈ।
30 ਦੇ ਕਰੀਬ ਵਫਦ ਨੂੰ ਦੇਖ ਕੇ ਡੀ. ਸੀ. ਨੇ ਪਾਈ ਝਾੜ
ਉਂਝ ਤਾਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ ਮਿਲਣ ਆਏ ਇਕ ਵਫਦ ਨੂੰ ਇਸ ਕਾਰਨ ਚੰਗੀ ਝਾੜ ਪਾਈ ਕਿਉਂਕਿ ਉਕਤ ਵਫਦ 'ਚ ਕਰੀਬ 20-25 ਲੋਕ ਉਨ੍ਹਾਂ ਨੂੰ ਮੰਗ ਪੱਤਰ ਦੇਣ ਆ ਗਏ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਉਕਤ ਲੋਕਾਂ ਨੂੰ ਕਿਹਾ ਕਿ ਕੀ ਤੁਹਾਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੇ ਹੁਕਮਾਂ ਦੀ ਜਾਣਕਾਰੀ ਨਹੀਂ ਹੈ, ਜੋ ਤੁਸੀਂ ਇੰਨੀ ਭੀੜ ਇਕੱਠੀ ਕਰਕੇ ਲੈ ਆਏ।
ਡਿਪਟੀ ਕਮਿਸ਼ਨਰ ਨੇ ਸਿਰਫ ਦੋ-ਤਿੰਨ ਲੋਕਾਂ ਨੂੰ ਹੀ ਉਨ੍ਹਾਂ ਨੂੰ ਮੰਗ-ਪੱਤਰ ਦੇਣ ਲਈ ਅੰਦਰ ਆਉਣ ਨੂੰ ਕਿਹਾ। ਹਾਲਾਂਕਿ ਡਿਪਟੀ ਕਮਿਸ਼ਨਰ ਖੁਦ ਤਾਂ ਕਾਫੀ ਸਾਵਧਾਨੀ ਵਰਤ ਰਹੇ ਸਨ ਪਰ ਉਨ੍ਹਾਂ ਦੇ ਹੇਠਾਂ ਕੰਮ ਕਰਦੇ ਵਿਭਾਗਾਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਖੂਬ ਲਾਪਰਵਾਹੀ ਵਰਤੀ ਜਾਂਦੀ ਵੇਖੀ ਗਈ। ਵਿਭਾਗਾਂ ਦੇ ਅਧਿਕਾਰੀਆਂ ਨੇ ਨਾ ਤਾਂ ਮਾਸਕ ਪਾਏ ਹੋਏ ਸਨ ਅਤੇ ਨਾ ਹੀ ਕਿਸੇ ਵੀ ਵਿਭਾਗ 'ਚ ਹੈਂਡ ਸੈਨੇਟਾਈਜ਼ਰ ਦਾ ਕੋਈ ਪ੍ਰਬੰਧ ਕੀਤਾ ਗਿਆ ਸੀ। ਹਰੇਕ ਦਫਤਰ 'ਚ ਲੋਕਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਸੀ। ਇਸ ਦੌਰਾਨ ਨਾ ਭੀੜ ਦੀ ਛਾਂਟੀ ਕਰਨ ਨੂੰ ਅਤੇ ਨਾ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਈ ਅਧਿਕਾਰੀ ਜਹਿਮਤ ਉਠਾ ਰਿਹਾ ਸੀ।
ਸਬ-ਰਜਿਸਟਰਾਰ-1, ਸਬ-ਰਜਿਸਟਰਾਰ-2, ਆਰ. ਟੀ. ਓ., ਤਹਿਸੀਲਦਾਰ ਦਫਤਰ, ਸੇਵਾ ਕੇਂਦਰ, ਫਰਦ ਕੇਂਦਰ ਤੋਂ ਇਲਾਵਾ ਆਟੋਮੇਟਿਡ ਡਰਾਈਵਿੰਗ ਸੈਂਟਰ ਸਣੇ ਹੋਰ ਦਫਤਰਾਂ ਵਿਚ ਆਪਣੇ ਕੰਮ ਕਰਵਾਉਣ ਆਏ ਲੋਕ ਵੱਡੀ ਭੀੜ ਦਾ ਹਿੱਸਾ ਬਣ ਗਏ ਸਨ। ਲੋਕਾਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਦਹਿਸ਼ਤ ਤਾਂ ਸੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਮਜਬੂਰੀ ਹੈ ਕਿਉਂਕਿ ਸਰਕਾਰੀ ਕੰਮ ਕਰਵਾਉਣਾ ਵੀ ਬੇਹੱਦ ਜ਼ਰੂਰੀ ਹੈ, ਇੱਥੋਂ ਦੇ ਸਮੁੱਚੇ ਪ੍ਰਬੰਧ ਦੀ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਜੋ ਵੀ ਹੋਵੇ ਡਿਪਟੀ ਕਮਿਸ਼ਨਰ ਦਫਤਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਵਰਤੀ ਜਾ ਰਹੀ ਲਾਪ੍ਰਵਾਹੀ ਕਿਸੇ ਵੀ ਸਮੇਂ ਸਾਰਿਆਂ ਨੂੰ ਭਾਰੀ ਪੈ ਸਕਦੀ ਹੈ।
ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਟਲਿਆ ਵੱਡਾ ਹਾਦਸਾ
NEXT STORY