ਕਿਸ਼ਨਗੜ੍ਹ(ਬੈਂਸ, ਰਾਣਾ)-ਬੀਤੀ ਅੱਧੀ ਰਾਤ ਨੂੰ ਇਕ ਟਰੱਕ ਡਰਾਈਵਰ ਨੂੰ ਧੋਖੇ ਨਾਲ ਰੋਕ ਕੇ ਗੱਡੀ ਦੇ ਕਾਗਜ਼ ਚੈੱਕ ਕਰਨ ਦੇ ਬਹਾਨੇ ਕਾਰ ਸਵਾਰ ਤਿੰਨ ਹਥਿਆਰਬੰਦ ਲੁਟੇਰੇ ਟਰੱਕ ਸਮੇਤ ਉਸ 'ਚ ਲੱਦੇ 2 ਟਰੈਕਟਰ ਲੁੱਟ ਕੇ ਫਰਾਰ ਹੋ ਗਏ। ਟਰੱਕ ਡਰਾਈਵਰ ਮੁਕੇਸ਼ ਕੁਮਾਰ ਪੁੱਤਰ ਭਾਰਤ ਸਿੰਘ ਵਾਸੀ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ ਟਰੱਕ 'ਚ ਬੀਤੀ ਰਾਤ ਐੱਸ. ਏ. ਐੱਸ. ਨਗਰ ਮੋਹਾਲੀ ਤੋਂ 2 ਟਰੈਕਟਰ ਲੱਦ ਕੇ ਜੰਮੂ ਜਾ ਰਿਹਾ ਸੀ। ਬੀਤੀ ਰਾਤ 12 ਕੁ ਵਜੇ ਗੋਪਾਲਪੁਰ ਪਿੰਡ ਵਾਲੇ ਮੋੜ ਕੋਲ ਇਕ ਚਿੱਟੇ ਰੰਗ ਦੀ ਨੀਲੀ ਬੱਤੀ ਲੱਗੀ ਕਾਰ ਨਜ਼ਦੀਕ ਤਿੰਨ ਵਿਅਕਤੀ ਖੜ੍ਹੇ ਸਨ। ਉਕਤ ਵਿਅਕਤੀਆਂ ਨੇ ਉਸ ਨੂੰ ਬੈਟਰੀ ਮਾਰ ਕੇ ਟਰੱਕ ਨੂੰ ਇਕ ਸਾਈਡ 'ਤੇ ਰੋਕਣ ਦਾ ਇਸ਼ਾਰਾ ਕੀਤਾ। ਟਰੱਕ ਡਰਾਈਵਰ ਨੇ ਦੱਸਿਆ ਕਿ ਉਸ ਨੇ ਸਮਝਿਆ ਕਿ ਕੋਈ ਸਰਕਾਰੀ ਚੈਕਿੰਗ ਪਾਰਟੀ ਹੈ। ਮੁਲਜ਼ਮਾਂ ਨੇ ਉਸ ਕੋਲੋਂ ਟਰੈਕਟਰਾਂ ਦੇ ਬਿੱਲ ਮੰਗੇ। ਜਦੋਂ ਉਹ ਟਰੱਕ 'ਚੋਂ ਉੱਤਰ ਕੇ ਬਿੱਲ ਲੈ ਕੇ ਕਾਰ ਨਜ਼ਦੀਕ ਗਿਆ ਤਾਂ ਇਕ ਮੁਲਜ਼ਮ ਨੇ ਉਸ ਨੂੰ ਧੱਕਾ ਮਾਰ ਕੇ ਕਾਰ 'ਚ ਸੁੱਟ ਲਿਆ ਤੇ ਕਾਰ ਭੋਗਪੁਰ ਵੱਲ ਨੂੰ ਭਜਾ ਕੇ ਲੈ ਗਏ। ਉਨ੍ਹਾਂ ਨੇ ਉਸ ਨੂੰ ਇਕ ਦਰੱਖਤ ਨਾਲ ਲੋਹੇ ਦੀ ਜ਼ੰਜੀਰ ਨਾਲ ਬੰਨ੍ਹ ਦਿੱਤਾ ਤੇ ਆਪ ਮੌਕੇ ਤੋਂ ਫਰਾਰ ਹੋ ਗਏ। ਕਿਸੇ ਤਰ੍ਹਾਂ ਉਹ ਦੁਬਾਰਾ ਉਕਤ ਜਗ੍ਹਾ ਪਹੁੰਚਿਆ, ਜਿਥੇ ਟਰੱਕ ਰੋਕਿਆ ਗਿਆ ਸੀ ਪਰ ਟਰੱਕ ਤੇ ਟਰੱਕ 'ਚ ਲੱਦੇ ਟਰੈਕਟਰ ਉੁਥੋਂ ਗਾਇਬ ਸਨ। ਉਸ ਨੇ ਸੂਚਨਾ ਸਥਾਨਕ ਪੁਲਸ ਚੌਕੀ ਕਿਸ਼ਨਗੜ੍ਹ ਨੂੰ ਦਿੱਤੀ। ਚੌਕੀ ਇੰਚਾਰਜ ਏ. ਐੱਸ. ਆਈ. ਸੁਖਜੀਤ ਸਿੰਘ ਬੈਂਸ ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ। ਪੁਲਸ ਪਾਰਟੀ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ। ਟਰੱਕ ਡਰਾਈਵਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਭੋਗਪੁਰ 'ਚ ਅਣਪਛਾਤੇ ਲੁਟੇਰਿਆਂ 'ਤੇ ਮਾਮਲਾ ਦਰਜ ਕਰਨ ਉਪਰੰਤ ਕਿਸ਼ਨਗੜ੍ਹ ਪੁਲਸ ਪਾਰਟੀ ਤੇ ਥਾਣਾ ਭੋਗਪੁਰ ਪੁਲਸ ਪਾਰਟੀ ਦੀ ਸਾਂਝੀ ਟੀਮ ਵੱਲੋਂ ਲੁਟੇਰਿਆਂ ਦੀ ਭਾਲ ਸ਼ਿਕਾਇਤਕਰਤਾ ਟਰੱਕ ਡਰਾਈਵਰ ਨੂੰ ਨਾਲ ਲੈ ਕੇ ਦੂਸਰੇ ਜ਼ਿਲਿਆਂ 'ਚ ਜੰਗੀ ਪੱਧਰ 'ਤੇ ਜਾਰੀ ਹੈ।
ਟਰਾਂਸਫਾਰਮਰ 'ਚ ਹੋਏ ਧਮਾਕੇ ਤੋਂ ਬਾਅਦ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦੀ ਕੋਠੀ 'ਚ ਲੱਗੀ ਅੱਗ
NEXT STORY