ਧੂਰੀ(ਸੰਜੀਵ ਜੈਨ)-ਲੰਘੀ ਰਾਤ ਚੋਰਾਂ ਨੇ ਨਵੀਂ ਅਨਾਜ ਮੰਡੀ ਵਿਖੇ ਕਈ ਦੁਕਾਨਾਂ 'ਤੇ ਧਾਵਾ ਬੋਲ ਦਿੱਤਾ। ਇਹ ਚੋਰ ਗੈਸ ਕਟਰ ਸਣੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਜਿਨ੍ਹਾਂ ਨੇ ਉਕਤ ਦੁਕਾਨਾਂ 'ਚ ਚੋਰੀ ਕਰਨ ਲਈ ਤੋੜ-ਭੰਨ ਕਰਨ 'ਚ ਕੋਈ ਕਸਰ ਨਹੀਂ ਛੱਡੀ ਪਰ ਫਸਲੀ ਸੀਜ਼ਨ ਨਾ ਹੋਣ ਕਾਰਨ ਆੜ੍ਹਤੀਆਂ ਦੀਆਂ ਉਕਤ ਦੁਕਾਨਾਂ 'ਚ ਜ਼ਿਆਦਾ ਕੈਸ਼ ਜਾਂ ਹੋਰ ਸਾਮਾਨ ਨਹੀਂ ਸੀ।
ਚੋਰਾਂ ਨੇ ਇਕ ਦੁਕਾਨ 'ਚ ਦਾਖਲ ਹੋਣ ਲਈ ਛੱਤ 'ਤੇ ਲੱਗਾ ਹੋਇਆ ਜਾਲ ਪੁੱਟ ਸੁੱਟਿਆ ਜਦੋਂਕਿ ਦੂਜੀ ਦੇ ਅੰਦਰ ਜਾਣ ਲਈ ਕੰਧ ਤੋੜ ਕੇ ਦਰਵਾਜ਼ੇ ਦੇ ਕੁੰਡੇ ਨੂੰ ਹੀ ਪੁੱਟ ਦਿੱਤਾ। ਆੜ੍ਹਤ ਦੀ ਫਰਮ ਜਗਦੀਸ਼ ਚੰਦ ਰਾਕੇਸ਼ ਕੁਮਾਰ ਦੇ ਮਾਲਕ ਵਿਪਨ ਕਾਂਝਲਾ ਪ੍ਰਧਾਨ ਧੂਰੀ ਇੰਡਸਟਰੀ ਚੈਂਬਰ ਨੇ ਦੱਸਿਆ ਕਿ ਚੋਰ ਛੱਤ ਰਾਹੀਂ ਉਨ੍ਹਾਂ ਦੀ ਦੁਕਾਨ 'ਚ ਦਾਖਲ ਹੋਏ ਅਤੇ ਅੰਦਰ ਪਈ ਉਨ੍ਹਾਂ ਦੀ ਮਜ਼ਬੂਤ ਸੇਫ ਨੂੰ ਗੈਸ ਕਟਰ ਨਾਲ ਤੋੜ ਕੇ ਉਸ 'ਚੋਂ ਕਰੀਬ 7 ਹਜ਼ਾਰ ਰੁਪਏ ਅਤੇ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਫਸਲੀ ਸੀਜ਼ਨ ਨਾ ਹੋਣ ਕਾਰਨ ਦੁਕਾਨ 'ਚ ਕੈਸ਼ ਜਾਂ ਹੋਰ ਸਾਮਾਨ ਜ਼ਿਆਦਾ ਨਹੀਂ ਸੀ, ਜਿਸ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸੇ ਤਰ੍ਹਾਂ ਚੋਰ ਫਰਮ ਰੌਣਕ ਰਾਮ ਹਰੀ ਚੰਦ ਸਣੇ ਹੋਰ ਦੁਕਾਨਾਂ 'ਚ ਦਾਖਲ ਹੋਣ ਦੇ ਬਾਵਜੂਦ ਉਥੋਂ ਕੁਝ ਖਾਸ ਚੋਰੀ ਕਰਨ 'ਚ ਨਾਕਾਮ ਰਹੇ। ਫਸਲੀ ਸੀਜ਼ਨ ਨਾ ਹੋਣ ਕਾਰਨ ਆੜ੍ਹਤੀਆਂ ਦਾ ਨੁਕਸਾਨ ਹੋਣ ਤੋਂ ਭਾਵੇਂ ਬਚਾਅ ਹੋ ਗਿਆ ਪਰ ਜਿਸ ਤਰ੍ਹਾਂ ਚੋਰਾਂ ਵੱਲੋਂ ਗੈਸ ਕਟਰ ਅਤੇ ਹੋਰ ਹਥਿਆਰਾਂ ਸਣੇ ਪੂਰਾ ਸਮਾਂ ਲਾ ਕੇ ਇਥੇ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਹੈ, ਤੋਂ ਉਨ੍ਹਾਂ ਦੇ ਬੁਲੰਦ ਹੌਸਲਿਆਂ ਦਾ ਪਤਾ ਲੱਗਦਾ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸ਼ਹਿਰ ਵਿਚਕਾਰੋਂ ਲੰਘਦੇ ਰਜਬਾਹੇ ਦੇ ਕੰਢੇ ਸਥਿਤ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਨੂੰ ਵੀ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਕਤਲ ਦੇ ਮਾਮਲੇ 'ਚ 3 ਵਿਅਕਤੀ ਗ੍ਰਿਫ਼ਤਾਰ
NEXT STORY