ਫਿਲੌਰ(ਭਾਖਡ਼ੀ)-ਜ਼ਮੀਨ ’ਤੇ ਕਬਜ਼ਾ ਕਰਨ ਆਏ ਦੋ ਦਰਜਨ ਦੇ ਕਰੀਬ ਹਮਲਾਵਰਾਂ ਨੇ ਪਰਿਵਾਰ ਦੇ ਚਾਰ ਵਿਅਕਤੀਅਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਨੇਡ਼ਲੇ ਪਿੰਡ ਮੌ ਸਾਹਿਬ ਦੇ ਸਤਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ 1 ਵਜੇ ਦੇ ਕਰੀਬ ਜਦੋਂ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਉਸੇ ਸਮੇਂ ਦੋ ਦਰਜਨ ਦੇ ਕਰੀਬ ਹਮਲਾਵਰ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਅਤੇ ਲਾਠੀਆਂ ਫਡ਼ੀਆਂ ਹੋਈਅਾਂ ਸਨ, ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਆ ਧਮਕੇ। ਪਹਿਲਾਂ ਹਮਲਾਵਰਾਂ ਨੇ ਟ੍ਰੈਕਟਰ ਨਾਲ ਖੇਤਾਂ ਵਿਚ ਖਡ਼੍ਹੀ ਉਸ ਦੀ ਪੂਰੀ ਫਸਲ ਤਬਾਹ ਕਰ ਦਿੱਤੀ। ਰੋਕਣ ’ਤੇ ਉਕਤ ਹਮਲਾਵਰਾਂ ਨੇ ਸਮੇਤ ਉਸ ਦੇ ਪਰਿਵਾਰ ਵਾਲਿਆਂ ’ਤੇ ਵੀ ਲਾਠੀਆਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਉਸ ਦੀ ਪਤਨੀ ਕਮਲਜੀਤ ਕੌਰ ਉਮਰ (54), ਮਨਜੀਤ ਸਿੰਘ (24) ਪੁੱਤਰ ਸਤਨਾਮ ਸਿੰਘ, ਹਰਦੀਪ ਕੌਰ ਪਤਨੀ ਦਵਿੰਦਰ ਸਿੰਘ ਅਤੇ ਸਤਪਾਲ ਸਿੰਘ ਨੂੰ ਉਨ੍ਹਾਂ ਨੇ ਬੁਰੀ ਤਰ੍ਹਾਂ ਲਾਠੀਆਂ ਨਾਲ ਕੁੱਟਿਆ। ਉਹ ਉਨ੍ਹਾਂ ਸਾਰਿਆਂ ਨੂੰ ਉਦੋਂ ਤੱਕ ਕੁੱਟਦੇ ਰਹੇ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਏ। ਉਸ ਤੋਂ ਬਾਅਦ ਹਮਲਾਵਰ ਉੱਥੋਂ ਭੱਜ ਗਏ। ਪਿੰਡ ਦੇ ਕੁੱਝ ਲੋਕਾਂ ਨੇ ਮਦਦ ਕਰ ਕੇ ਇਲਾਜ ਲਈ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਲੈ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਿਆ ’ਚ ਮੱਛੀਅਾਂ ਫਡ਼ਨ ਗਏ 4 ਦੋਸਤਾਂ ’ਚੋਂ ਇਕ ਡੁੱਬਿਅਾ
NEXT STORY