ਇਹ ਜਾਣਦੇ ਹੋਏ ਵੀ ਕਿ ਜੋ ਗੱਲ ਮੈਂ ਕਹਿਣ ਜਾ ਰਿਹਾਂ, ਉਸ ਨਾਲ ਬਹੁਗਿਣਤੀ ਸਹਿਮਤ ਨਹੀਂ ਹੋਵੇਗੀ; ਮੈਂ ਉਹ ਗੱਲ ਕਹਿਣ ਜਾ ਰਿਹਾਂ......ਮੌਜੂਦਾ ਸਥਿਤੀ ਵਿਚ ਸਭ ‘ਤੋਂ ਵੱਧ ਔਖੀ ਡਿਊਟੀ ਡਾਕਟਰਾਂ, ਪੁਲਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਨਿਭਾਈ ਜਾ ਰਹੀ ਹੈ। ਇਹਨਾਂ ਮਹਿਕਮਿਆਂ ਨਾਲ ਸਬੰਧਤ ਸਟਾਫ ਦਿਨ-ਰਾਤ ਇਕ ਕਰਕੇ, ਬਿਨ੍ਹਾਂ ਕਿਸੇ ਓਵਰ-ਟਾਇਮ ਭੱਤੇ ਅਤੇ ਵਾਧੂ ਤਨਖਾਹ ‘ਤੋਂ ਵੀ, ਆਪਣਾ ਨਿੱਜੀ ਸੁੱਖ-ਆਰਾਮ ਛੱਡਕੇ ਸਾਡੀ ਹਿਫਾਜ਼ਤ ਲਈ ਯਤਨਸ਼ੀਲ ਹੈ। ਮੈਂ ਉਸ ਲਈ ਦਿਲੋਂ ਇਹਨਾਂ ਮਹਿਕਮਿਆਂ ਦੇ ਮੁਲਾਜ਼ਮਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਦਾ ਹਾਂ ਪਰ, ਪੁਲਿਸ ਮਹਿਕਮੇ ਦੇ ਕੁਝ ਕੁ ਮੁਲਾਜ਼ਮਾਂ ਵੱਲੋਂ ਆਮ ਲੋਕਾਂ ਨੂੰ ਜ਼ਲੀਲ ਕਰਨ ਦੀਆਂ ਵੀਡੀਓਜ਼ ਦਾ ਵਾਇਰਲ ਹੋਣਾ, ਜੋ ਕਿ ਸਾਡੇ ਲਈ ਮਨਪ੍ਰਚਾਵੇ ਦਾ ਸਾਧਨ ਬਣੀਆਂ ਹੋਈਆਂ ਹਨ, ਕਿਸੇ ਵੀ ਪੱਖੋਂ ਸਲਾਹੁਣਯੋਗ ਵਰਤਾਰਾ ਨਹੀਂ ਕਿਹਾ ਜਾ ਸਕਦਾ। ਬੇਸ਼ੱਕ ਇਹ ਗਿਣਤੀ ਦੀਆਂ ਕੁਝ ਕੁ ਹੀ ਵੀਡੀਓਜ਼ ਹਨ, ਅਤੇ ਮੇਰਾ ਯਕੀਨ ਹੈ ਕਿ ਬਹੁਗਿਣਤੀ ਕੇਸਾਂ ਵਿਚ ਪੁਲਸ ਵੱਲੋਂ ਲੋਕਾਂ ‘ਤੋਂ ਉਹਨਾਂ ਦੀ ਮੂਵਮੈਂਟ ਬਾਰੇ ਕਾਰਨ ਪੁੱਛਕੇ, ਸਥਿਤੀ ਅਨੁਸਾਰ ਉਹਨਾਂ ਨਾਲ ਨਰਮ ਵਤੀਰਾ ਵੀ ਰੱਖਿਆ ਜਾ ਰਿਹਾ ਹੋਵੇਗਾ ਪਰ ਇਹਨਾਂ ਕੁਝ ਕੁ ਵੀਡੀਓਜ਼ ਦਾ ਵਾਇਰਲ ਹੋਣਾ ਵੀ ਪੁਲਿਸ ਵਿਭਾਗ ਦੀ ਸਾਖ ਨੂੰ ਦਹਿਸ਼ਤੀ ਰੰਗਤ ਹੀ ਦੇ ਰਿਹਾ ਹੈ। ਖਾੜਕੂਵਾਦ ਦੇ ਦੌਰ ਦੌਰਾਨ ਪੁਲਿਸ ਦੀ ਬਣੀ ਇਸ ਨੈਗਿਟਿਵ ਇਮੇਜ ਨੂੰ ਨਵੀਂ ਭਰਤੀ ਨੇ ਪਾਜ਼ੇਟਿਵ ਕਰਨ ਦੀ ਕੋਸ਼ਿਸ਼ ਕਰਦਿਆਂ ਇਸ ਨੂੰ ਸਤਿਕਾਰਯੋਗ ਬਣਾਉਣ ਦੀ ਸਫਲ ਕੋਸ਼ਿਸ਼ ਕੀਤੀ ਸੀ, ਪਰ ਹੁਣ ਫਿਰ ਇਹ ਪੁਰਾਣੇ ਰੰਗ ਵਿਚ ਵਾਪਸ ਆਉਂਦੀ ਜਾ ਰਹੀ ਹੈ....... ਹਾਂ, ਇਹ ਤਰਕ ਠੀਕ ਹੈ ਕਿ ਜਾਗਰੂਕ ਨਾ ਹੋਣ ਕਾਰਨ ਜਾਂ ਜਾਣ-ਬੁਝਕੇ ਵੀ ਕੁਝ ਲੋਕ ਗੈਰ-ਜ਼ਰੂਰੀ ਮੂਵਮੈਂਟ ‘ਤੋਂ ਬਾਜ਼ ਨਹੀਂ ਆ ਰਹੇ, ਅਤੇ ਕਈਆਂ ਨੂੰ ਸਿਰਫ ਡੰਡੇ ਦੀ ਭਾਸ਼ਾ ਹੀ ਸਮਝ ਆਉਂਦੀ ਹੈ, ਪਰ ਉਸ ਸਥਿਤੀ ਵਿਚ ਵੀ ਇੰਟਰਨੈੱਟ ‘ਤੇ ਵੀਡੀਓ ਵਾਇਰਲ ਕਰਕੇ ਉਸਨੂੰ ਸਦੀਵੀ ਜ਼ਲਾਲਤ ਦੇ ਦੇਣੀ ਵੀ ਕਿੱਥੋਂ ਤੱਕ ਜਾਇਜ਼ ਹੈ??? ਕਿਉਂਕਿ ਸਾਰੇ ਰੰਗ-ਤਮਾਸ਼ੇ ਲਈ ਘਰੋਂ ਬਾਹਰ ਨਹੀਂ ਨਾ ਨਿਕਲੇ ਹੁੰਦੇ। ਇਹ ਵੀ ਗੌਰ ਕਰੋ, ਕਿ ਜਿਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਨੇ, ਉਹਨਾਂ ‘ਚੋਂ ਜ਼ਿਆਦਾ ਮਜ਼ਦੂਰੀ ਤੇ ਦਿਹਾੜੀ-ਦੱਪਾ ਕਰਨ ਵਾਲੇ ਲੋਕ ਹਨ, ਜਿਹਨਾਂ ਨੂੰ ਸਾਡੇ ਸਮਾਜਿਕ ਹਾਲਾਤਾਂ ਨੇ ਸਾਰੀ ਉਮਰ ਸਿਰਫ ਇੱਕੋ ਈ ਟਰੇਨਿੰਗ ਦਿੱਤੀ ਹੁੰਦੀ ਹੈ ਕਿ ਸ਼ਾਮ ਨੂੰ ਘਰੇ ਕੁਝ ਕਮਾ ਕੇ ਲਿਆਏਂਗਾ ਤਾਂ ਖਾਏਂਗਾ ? ਉਹ ਫੇਸਬੁੱਕ ਸਟੇਟਸ ਸਟੋਰੀਆਂ ਦੇਖਕੇ ਘਰੋਂ ਨਹੀਂ ਨਿਕਲਦੇ ਤੇ ਨਾ ਹੀ ਟਿਕ-ਟਾਕ ਵੀਡੀਓ ਬਣਾਉਣ ਲਈ ਨਿਕਲਦੇ ਹਨ। ਉਹ ਤਾਂ ਘਰੋਂ ਆਟੇ ਦਾ ਖਾਲੀ ਪੀਪਾ ਅਤੇ ਨਿਆਣਿਆਂ ਦੀਆਂ ਭੁੱਖ ਨਾਲ ਵਿਲਕਦੀਆਂ ਆਂਦਰਾਂ ਵੇਖਕੇ ਨਿਕਲਦੇ ਨੇ......ਮੇਰੀ ਰਸੋਈ ਵਿਚ ਇਕ ਐਕਸਟਰਾ ਸਿਲੰਡਰ, ਆਟੇ-ਰਾਸ਼ਨ ਦਾ ਪੰਦਰਾਂ ਦਿਨਾਂ ਦਾ ਸਟਾਕ ਤੇ ਫਲਾਂ-ਸਬਜ਼ੀਆਂ ਭਰੀ ਹੋਈ ਫਰਿੱਜ ਹੈ, ਇਸ ਕਰਕੇ ਮੇਰੇ ਲਈ ਇਹ ਕਹਿਣਾ ਬਹੁਤ ਆਸਾਨ ਹੈ ਕਿ ਇਹ ਲੋਕ ਵੀ ਨਾ ਯਾਰ ਸਮਝਦੇ ਈ ਨਈਂ, ਟਿਕ ਕੇ ਬਹਿੰਦੇ ਈ ਨਹੀਂ ਪਰ ਜਿਸਦੇ ਘਰ ਵਿਚ ਏਦਾਂ ਨਹੀਂ ਹੈ, ਉਹ ਇਹ ਕਿੰਝ ਸਮਝ ਸਕਦਾ ਹੈ ਕਿ ਭੁੱਖ ਨਾਲ ਮਰਨਾ ਠੀਕ ਰਹੇਗਾ ਕਿ ਬਿਮਾਰੀ ਨਾਲ ?
ਸਰਕਾਰ ਨੂੰ ਬੇਨਤੀ ਹੈ ਕਿ ਲੋਕਾਂ ਨੂੰ ਡਰਾਕੇ ਨਹੀਂ ਇਹ ਤਸੱਲੀ ਦੇ ਕੇ ਘਰੇ ਬਿਠਾਓ ਕਿ ਬੇਫਿਕਰ ਰਹੋ, ਜੇ ਦਿਹਾੜੀ ਨਹੀਂ ਵੀ ਲੱਗੇਗੀ ਤਾਂ ਸਰਕਾਰ ਤੁਹਾਨੂੰ ਭੁੱਖੇ ਨਹੀਂ ਮਰਨ ਦੇਵੇਗੀ। ਸਰਕਾਰ ਦੀ ਹੋਂਦ ਪ੍ਰਤੀ ਲੋਕਾਂ ਵਿਚ ਭਰੋਸਾ ਜਗਾਉਣ ਦੀ ਲੋੜ ਹੈ.......
ਬਾਬਾ ਬੇਲੀ
ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਮਾਮਲੇ ਸਾਹਮਣੇ ਆਏ
NEXT STORY