ਬਠਿੰਡਾ(ਸੁਖਵਿੰਦਰ)-ਪੰਜਾਬ 'ਚ ਪੰਜਾਬੀ ਮਾਂ ਬੋਲੀ ਨੂੰ ਪਹਿਲਾ ਸਥਾਨ ਦਿਵਾਉਣ ਲਈ ਗੈਰ-ਪੰਜਾਬੀ ਦੇ ਬੋਰਡਾਂ 'ਤੇ ਕਾਲਖ ਮਲਣ ਵਾਲੇ ਨਾਮਜ਼ਦ ਆਗੂਆਂ ਵੱਲੋਂ ਜ਼ਮਾਨਤਾਂ ਨਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਆਗੂਆਂ ਦੀ ਪ੍ਰੈੱਸ ਕਾਨਫਰੰਸ ਮਾਲਵਾ ਯੂਥ ਫੈੱਡਰੇਸ਼ਨ ਦੇ ਆਗੂ ਲੱਖਾ ਸਿਧਾਣਾ ਅਤੇ ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ਹੇਠ ਪ੍ਰੈੱਸ ਕਲੱਬ ਵਿਖੇ ਹੋਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਸਿਧਾਣਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਵਿਚ ਪੰਜਾਬੀ ਨੂੰ ਮਾਣ-ਸਤਿਕਾਰ ਦਿਵਾਉਣ ਲਈ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਵੱਖ-ਵੱਖ ਆਗੂਆਂ ਵੱਲੋਂ ਬਠਿੰਡਾ-ਫਰੀਦਕੋਟ ਸੜਕ 'ਤੇ ਲੱਗੇ ਗੈਰ-ਪੰਜਾਬੀ ਬੋਰਡਾਂ 'ਤੇ ਕਾਲਖ ਮਲੀ ਗਈ ਸੀ। ਇਸ ਤੋਂ ਇਲਾਵਾ ਪ੍ਰਸ਼ਾਸਨ ਕੋਲੋਂ ਗੈਰ-ਪੰਜਾਬੀ ਭਾਸ਼ਾ ਦੀ ਜਗ੍ਹਾ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਲਿਖਣ ਦੀ ਮੰਗ ਕੀਤੀ ਗਈ ਸੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਅਣਗੌਲਿਆ ਕਰਦਿਆਂ ਕਾਲਖ ਮਲਣ ਵਾਲੇ ਆਗੂਆਂ 'ਤੇ ਝੂਠੇ ਪਰਚੇ ਦਰਜ ਕਰ ਦਿੱਤੇ। ਉਨ੍ਹਾਂ ਐਲਾਨ ਕੀਤਾ ਕਿ ਨਾਮਜ਼ਦ ਆਗੂ ਜ਼ਮਾਨਤਾਂ ਕਰਵਾਉਣ ਦੀ ਜਗ੍ਹਾ ਜੇਲ 'ਚ ਜਾਣ ਨੂੰ ਤਰਜੀਹ ਦੇਣਗੇ। ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬ 'ਚੋਂ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਨਾ ਦੇ ਕੇ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਪੰਜਾਬ 'ਚ ਮਾਣ-ਸਤਿਕਾਰ ਦੇਣਾ ਕੋਈ ਭੁੱਲ ਨਹੀਂ ਬਲਕਿ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਨੂੰ ਹਿੰਦੂ-ਸਿੱਖ ਦਾ ਮਸਲਾ ਨਾ ਬਣਾਇਆ ਜਾਵੇ ਕਿਉਂਕਿ ਮਾਂ ਬੋਲੀ ਪੰਜਾਬੀ ਸਾਰੇ ਧਰਮਾਂ ਲਈ ਇਕ ਸਮਾਨ ਹੈ ਤੇ ਹਰ ਪੰਜਾਬੀ ਨੂੰ ਇਸ ਦਾ ਮਾਣ-ਸਤਿਕਾਰ ਦਿਵਾਉਣ ਲਈ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ਫੈੱਡਰੇਸ਼ਨ ਦੇ ਗੁਰਦੀਪ ਸਿੰਘ, ਅਮਨ ਸਿੰਘ ਕੋਟਭਾਰਾ, ਦਲ ਖਾਲਸਾ ਦੇ ਜ਼ਿਲਾ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ ਤੇ ਬਾਬਾ ਭਗਵਾਨ ਸਿੰਘ ਵਰਕਿੰਗ ਕਮੇਟੀ ਮੌਜੂਦ ਸਨ।
ਪੰਜਾਂ ਲੁਟੇਰਿਆਂ ਤੋਂ ਬਰਾਮਦ 90 ਹਜ਼ਾਰ ਤੇ ਕੀਮਤੀ ਸਾਮਾਨ
NEXT STORY