ਪਟਿਆਲਾ (ਜੋਸਨ) - ਮੋਟਰ-ਗੱਡੀਆਂ ਵੱਲੋਂ ਫੈਲਾਏ ਜਾਂਦੇ ਸ਼ੋਰ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਤਕਰੀਬਨ 2000 ਬੱਸਾਂ ਤੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਪ੍ਰੈੱਸ਼ਰ ਹਾਰਨ ਅਤੇ ਬੱਸਾਂ ਅੰਦਰ ਵਜਦੇ ਗਾਣਿਆਂ ਦੇ ਸਿਸਟਮ ਲੁਹਾ ਦਿੱਤੇ ਹਨ। ਬੋਰਡ ਵੱਲੋਂ ਬਣਾਈਆਂ ਗਈਆਂ 100 ਟੀਮਾਂ ਨੇ ਟ੍ਰੈਫਿਕ ਪੁਲਸ ਨੂੰ ਨਾਲ ਲੈ ਕੇ ਸੂਬੇ ਦੀਆਂ ਪ੍ਰਮੁੱਖ ਸੜਕਾਂ 'ਤੇ ਨਾਕੇ ਲਾ ਕੇ ਸਰਕਾਰੀ, ਪ੍ਰਾਈਵੇਟ ਅਤੇ ਸਕੂਲ ਬੱਸਾਂ ਦੀ ਚੈਕਿੰਗ ਕਰ ਕੇ ਪ੍ਰੈੱਸ਼ਰ ਹਾਰਨ ਲੁਹਾਉਣ ਦੇ ਨਾਲ-ਨਾਲ ਮੋਟਰ ਵ੍ਹੀਕਲ ਐਕਟ ਅਧੀਨ ਡਰਾਈਵਰਾਂ ਦੇ ਚਲਾਨ ਵੀ ਕੀਤੇ। ਮੋਟਰ-ਗੱਡੀਆਂ ਖਾਸ ਕਰ ਕੇ ਬੱਸਾਂ ਦੇ ਕੰਨ-ਪਾੜਵੇਂ ਪ੍ਰੈੱਸ਼ਰ ਹਾਰਨਾਂ ਅਤੇ ਬੱਸਾਂ ਅੰਦਰ ਵਜਦੇ ਗਾਣਿਆਂ ਨਾਲ ਪੈਦਾ ਹੁੰਦਾ ਸ਼ੋਰ-ਪ੍ਰਦੂਸ਼ਣ ਨਾ ਸਿਰਫ਼ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ, ਸਗੋਂ ਇਸ ਨਾਲ ਇਨਸਾਨ ਬਲੱਡ ਪ੍ਰੈੱਸ਼ਰ ਅਤੇ ਬੋਲਾਪਣ ਵਰਗੀਆਂ ਅਨੇਕਾਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਵਾਹਨਾਂ ਦਾ ਇਹ ਸ਼ੋਰ ਪ੍ਰਦੂਸ਼ਣ ਕਈ ਵਾਰ ਗੰਭੀਰ ਐਕਸੀਡੈਂਟਾਂ ਦਾ ਕਾਰਨ ਵੀ ਬਣਦਾ ਹੈ। ਬੋਰਡ ਵੱਲੋਂ ਸ਼ੋਰ ਪ੍ਰਦੂਸ਼ਣ ਵਿਰੁੱਧ ਵਿੱਢੀ ਗਈ ਇਸ ਮੁਹਿੰਮ ਤਹਿਤ ਪ੍ਰਾਈਵੇਟ ਬੱਸ ਕੰਪਨੀਆਂ ਦੇ ਮਾਲਕਾਂ ਦੇ ਨਾਲ-ਨਾਲ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਸਾਰੇ ਡਰਾਈਵਰਾਂ ਨੂੰ ਪ੍ਰੈੱਸ਼ਰ ਹਾਰਨ ਅਤੇ ਗਾਣਿਆਂ ਦੇ ਸਪੀਕਰ ਵਰਤਣ ਵਿਰੁੱਧ ਹਦਾਇਤਾਂ ਜਾਰੀ ਕਰਵਾਈਆਂ ਗਈਆਂ। ਇਸੇ ਤਰਾਂ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਦੇ ਬੱਸ ਡਰਾਈਵਰਾਂ ਨੂੰ ਵੀ ਅਜਿਹੇ ਹੁਕਮ ਜਾਰੀ ਕਰਵਾਏ।
ਸ਼ੋਰ ਪ੍ਰਦੂਸ਼ਣ ਕਰਨ 'ਤੇ 6 ਸਾਲਾਂ ਦੀ ਕੈਦ ਅਤੇ ਜੁਰਮਾਨਾ ਹੋ ਸਕਦੈ
ਸ਼ੋਰ-ਪ੍ਰਦੂਸ਼ਣ ਦਾ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਧਿਆਨ ਵਿਚ ਰਖਦਿਆਂ ਕੇਂਦਰ ਸਰਕਾਰ ਨੇ ਸਾਲ 2000 ਵਿਚ ਵਾਤਾਵਰਣ ਸੁਰੱਖਿਆ ਕਾਨੂੰਨ-1986 ਤਹਿਤ ਸ਼ੋਰ ਪ੍ਰਦੂਸ਼ਣ ਕੰਟਰੋਲ ਨਿਯਮ ਬਣਾ ਦਿੱਤੇ ਸਨ। ਇਸ ਤਹਿਤ ਮਿਥੀ ਗਈ ਹੱਦ ਤੋਂ ਜ਼ਿਆਦਾ ਸ਼ੋਰ ਪੈਦਾ ਕਰਨਾ ਕਾਨੂੰਨੀ ਜੁਰਮ ਬਣਾ ਦਿੱਤਾ ਗਿਆ। ਅਜਿਹਾ ਸ਼ੋਰ ਪੈਦਾ ਕਰਨ ਵਾਲੇ ਵਿਅਕਤੀ ਨੂੰ 6 ਸਾਲਾਂ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸ਼ੋਰ ਪੈਦਾ ਕਰਨ ਵਾਲੀ ਮੋਟਰ-ਗੱਡੀ ਦੇ ਡਰਾਈਵਰ ਦਾ ਮੋਟਰ ਵ੍ਹੀਕਲ ਐਕਟ-1988 ਤਹਿਤ ਚਲਾਨ ਕੱਟਣ ਦਾ ਕਾਨੂੰਨ ਪਹਿਲਾਂ ਹੀ ਮੌਜੂਦ ਹੈ।
ਸਰਕਾਰੀ ਮਿਡਲ ਸਕੂਲ ਰੌਣੀ 'ਚ ਚੋਰੀ ਕਰਨ ਵਾਲਾ ਗ੍ਰਿਫਤਾਰ
NEXT STORY