ਅੰਮ੍ਰਿਤਸਰ (ਨੀਰਜ)- ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਦੀਆਂ ਲੱਖਾਂ ਅਪੀਲਾਂ ਦੇ ਬਾਵਜੂਦ ਬਸੰਤ ਪੰਚਮੀ ਵਾਲੇ ਦਿਨ ਵੀ ਖ਼ੂਨੀ ਡੋਰ ਹਵਾ ’ਚ ਉੱਡਦੀ ਨਜ਼ਰ ਆਈ ਅਤੇ ਜ਼ਿਆਦਾਤਰ ਲੋਕਾਂ ਦੇ ਹੱਥਾਂ ਵਿਚ ਚਾਈਨਾ ਡੋਰ ਦੇ ਗੱਟੂ ਦੇਖੇ ਗਏ। ਖੂਨੀ ਡੋਰ ਦੀ ਲਪੇਟ ਵਿਚ ਆਉਣ ਕਾਰਨ ਕਈ ਲੋਕ ਜ਼ਖ਼ਮੀ ਵੀ ਹੋਏ ਕਿਉਂਕਿ ਇਸ ਵਾਰ ਪ੍ਰਸ਼ਾਸਨ ਜਾਂ ਪੁਲਸ ਵੱਲੋਂ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਕੋਈ ਖਾਸ ਉਪਰਾਲਾ ਨਹੀਂ ਕੀਤਾ ਗਿਆ। ਮੇਅਰ ਦੀ ਚੋਣ ਅਤੇ ਬਾਬਾ ਸਾਹਿਬ ਦਾ ਬੁੱਤ ਤੋੜਨ ਦੇ ਮਾਮਲੇ ਵਿਚ ਰੁੱਝੇ ਹੋਣ ਕਾਰਨ ਪ੍ਰਸ਼ਾਸਨ ਵੀ ਇਸ ਪਾਸੇ ਕੋਈ ਖਾਸ ਧਿਆਨ ਨਹੀਂ ਦੇ ਸਕਿਆ।
ਜਦੋਂਕਿ ਥਾਣਾ ਛਾਉਣੀ ਵੱਲੋਂ 25 ਦਸੰਬਰ 2024 ਨੂੰ ਫੜੇ ਗਏ 1020 ਚਾਈਨਾ ਡੋਰ ਗੱਟੂਆਂ ਦੇ ਮਾਮਲੇ ਵਿਚ ਪੁਲਸ ਦੀ ਕਾਰਵਾਈ ਪਤੰਗ ਵਿਕਰੇਤਾ ਦਵਿੰਦਰ ਸਿੰਘ ਉਰਫ਼ ਬੰਟੀ ਅਤੇ ਟਰੱਕ ਡਰਾਈਵਰ ਹੇਮਰਾਜ ਦੀ ਗ੍ਰਿਫ਼ਤਾਰੀ ਤੱਕ ਸੀਮਤ ਰਹੀ। ਜਦਕਿ ਇਸ ਮਾਮਲੇ ਵਿਚ ਚਾਈਨਾ ਡੋਰ ਦਾ ਮੁੱਖ ਸਪਲਾਇਰ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ। ਪੁਲਸ ਦੇ ਜਾਂਚ ਅਧਿਕਾਰੀ ਕੋਲ ਮੁੱਖ ਸਪਲਾਇਰ ਦੇ ਘਰ ਅਤੇ ਦੁਕਾਨ ਦਾ ਪੂਰਾ ਪਤਾ ਵੀ ਸੀ ਪਰ ਲੋਹੜੀ ਦਾ ਤਿਉਹਾਰ ਲੰਘਣ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਨੂੰ ਟਾਲ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
25 ਹਜ਼ਾਰ ਦਾ ਇਨਾਮ ਅਤੇ ਡਰੋਨ ਵੀ ਰਿਹੈ ਫੇਲ
ਇਸ ਵਾਰ ਸਰਕਾਰ ਨੇ ਚਾਈਨਾ ਡੋਰ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25,000 ਰੁਪਏ ਤੱਕ ਦਾ ਇਨਾਮ ਰੱਖਿਆ ਸੀ ਅਤੇ ਚਾਈਨਾ ਡੋਰ ਵੇਚਣ ਜਾਂ ਵਰਤਣ ਵਾਲਿਆਂ ’ਤੇ 10,000 ਤੋਂ 15 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਪਰ ਸਰਕਾਰ ਨੂੰ ਇਸ ਵਿਚ ਕੋਈ ਖਾਸ ਸਫ਼ਲਤਾ ਨਹੀਂ ਮਿਲੀ। ਦੂਜੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ’ਤੇ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਲਈ ਵਰਤਿਆ ਜਾਣ ਵਾਲਾ ਡਰੋਨ ਸਿਵਲ ਖੇਤਰ ’ਚ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ’ਤੇ ਨਜ਼ਰ ਰੱਖਣ ’ਚ ਪੂਰੀ ਤਰ੍ਹਾਂ ਨਾਲ ਨਾਕਾਮ ਸਾਬਤ ਹੋਇਆ ਹੈ। ਸਿਰਫ ਥਾਣ ਗੇਟ ਹਕੀਮਾ ਦੇ ਇਲਾਕੇ ਵਿਚ ਹੀ ਪੁਲਸ ਵਲੋਂ ਡਰੋਨ ਦੀ ਮਦਦ ਨਾਲ ਕੁਝ ਸਫਲਤਾ ਹਾਸਲ ਕੀਤੀ ਗਈ।
ਇਹ ਵੀ ਪੜ੍ਹੋ-ਇਨ੍ਹਾਂ ਮਰੀਜ਼ਾਂ ਨੂੰ ਮਿਲੇਗਾ 1000 ਰੁਪਏ ਪ੍ਰਤੀ ਮਹੀਨਾ, ਸਰਕਾਰ ਨੇ ਕਰ 'ਤਾ ਐਲਾਨ
ਪੀ. ਪੀ. ਸੀ. ਬੀ. ਨੇ ਹਰਿਆਣਾ ਸਰਕਾਰ ਨਾਲ ਸਾਧਿਆ ਸੰਪਰਕ
ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਅੰਮ੍ਰਿਤਸਰ ਦੇ ਸੁਰਜੀਤ ਟਰਾਂਸਪੋਰਟ ਦੇ ਗੋਦਾਮ ਵਿੱਚੋਂ 1200 ਚਾਈਨਾ ਡੋਰ ਗੱਟੂ ਬਰਾਮਦ ਕਰਨ ਸਬੰਧੀ ਹਰਿਆਣਾ ਸਰਕਾਰ ਨਾਲ ਸੰਪਰਕ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਟਰਾਂਸਪੋਰਟ ਕੰਪਨੀ ਦੇ ਗੋਦਾਮ ਤੋਂ ਜੋ ਖੇਪ ਜ਼ਬਤ ਕੀਤੀ ਗਈ ਸੀ, ਉਹ ਕਰਨਾਲ (ਹਰਿਆਣਾ) ਦੇ ਪਤੇ ਤੋਂ ਆਈ ਸੀ। ਪੀ. ਪੀ. ਸੀ. ਬੀ. ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਰਿਆਣਾ ਦੇ ਜ਼ਿਲਿਆਂ ਵਿਚ ਚਾਈਨਾ ਡੋਰ ਬਣਾਈ ਜਾ ਰਹੀ ਹੈ ਜਾਂ ਨਹੀਂ। ਜੇਕਰ ਅਜਿਹਾ ਹੈ ਤਾਂ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਇਸ ਬਾਰੇ ਗੱਲਬਾਤ ਕਰ ਸਕਦੀਆਂ ਹਨ ਅਤੇ ਕੋਈ ਸਖ਼ਤ ਕਦਮ ਚੁੱਕ ਸਕਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਮ੍ਰਿਤਕ ਰਾਜਨ ਦੇ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ
ਸਾਲ 2025 ਦੌਰਾਨ ਇਸ ਵਾਰ ਅੰਮ੍ਰਿਤਸਰ ਜ਼ਿਲੇ ’ਚ 4 ਮੌਤਾਂ ਆਨ ਰਿਕਾਰਡ ਦੇਖੀਆਂ ਗੀਆਂ, ਜਿਨ੍ਹਾਂ ’ਚ ਬਾਡੀ ਬਿਲਡਰ ਰਾਜਨ ਦੀ ਮੌਤ ਵੀ ਸ਼ਾਮਲ ਸੀ ਅਤੇ ਮ੍ਰਿਤਕ ਰਾਜਨ ਦੇ ਪਰਿਵਾਰ ਦੀ ਵੀ ਹੋਰ ਸਮਾਜ ਸੇਵੀ ਸੰਗਠਨਾਂ ਭਾਵ ਮੰਗ ਸੀ ਕਿ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ 1020 ਚਾਈਨਾ ਡੋਰ ਦੇ ਗੱਟੂਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਜ਼ਮਾਨਤੀ ਧਾਰਾ ਲਗਾ ਕੇ ਛੱਡ ਦਿੱਤਾ ਗਿਆ ਜਦਕਿ ਬੰਟੀ ਨਾਮਕ ਵਿਅਕਤੀ ਇਸ ਤੋਂ ਪਹਿਲਾਂ ਵੀ 100 ਚਾਈਨਾ ਡੋਰ ਦੇ ਗੱਟੂਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਅਜਨਾਲਾ ਰੋਡ ’ਤੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਗਲੇ ’ਚ ਚਾਈਨਾ ਫਿਰਨ ਨਾਲ ਮੌਤ ਹੋ ਗਈ ਅਤੇ ਮ੍ਰਿਤਕਾਂ ’ਚ 16 ਸਾਲਾ ਲੜਕੀ ਤੇ 6 ਸਾਲਾ ਲੜਕੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਸਖ਼ਤ ਕਾਨੂੰਨ ਬਣਾਉਣ ਦੀ ਲੋੜ
ਦਿ ਵਾਇਸ ਆਫ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਅਗਰਵਾਲ, ਬ੍ਰਾਹਮਣ ਕਲਿਆਣ ਮੰਚ ਦੇ ਮੁਖੀ ਨਰੇਸ਼ ਧਾਮੀ ਅਤੇ ਹੋਰ ਸਮਾਜ ਸੇਵੀਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਚਾਈਨਾ ਡੋਰ ਬਾਰੇ ਕੋਈ ਸਖ਼ਤ ਕਾਨੂੰਨ ਨਹੀਂ ਬਣਾਉਂਦੀ, ਉਦੋਂ ਤੱਕ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਬੰਦ ਨਹੀਂ ਹੋ ਸਕਦੀ ਕਿਉਂਕਿ ਜਦੋਂ ਵੀ ਕੋਈ ਫੜਿਆ ਜਾਂਦਾ ਹੈ ਤਾਂ ਚਾਈਨਾ ਡੋਰ ਵੇਚਣ ’ਤੇ ਉਸ ’ਤੇ ਜ਼ਮਾਨਤ ਦੀ ਧਾਰਾ ਲਗਾਈ ਜਾਂਦੀ ਹੈ। ਇਸ ਕਾਰਨ ਮੌਕੇ ’ਤੇ ਹੀ ਜ਼ਮਾਨਤ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਮੇਤ 3 ਲੋਕ ਗ੍ਰਿਫ਼ਤਾਰ
NEXT STORY