ਲਹਿਰਾਗਾਗਾ(ਜਿੰਦਲ, ਗਰਗ)—ਲਹਿਰਾ-ਜਾਖਲ ਮੇਨ ਰੋਡ ਤੋਂ ਪਿੰਡ ਅਲੀਸ਼ੇਰ ਨੂੰ ਜਾਂਦੇ ਬਰੇਟਾ ਲਿੰਕ ਰੋਡ 'ਤੇ ਬਣੇ ਡਰੇਨ ਦੇ ਪੁਲ 'ਤੇ ਰੇਲਿੰਗ ਨਾ ਹੋਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਹੋ ਸਕਦਾ ਹੈ । ਇਸ ਬਾਰੇ ਪਿੰਡ ਦੇ ਵਸਨੀਕ ਪ੍ਰੇਮ ਪਾਲ ਐਡਵੋਕੇਟ, ਕਾ. ਲਛਮਣ ਅਲੀਸ਼ੇਰ, ਰਵਿੰਦਰ ਬੱਬੂ, ਰਮਿਤ ਸ਼ਰਮਾ ਆਦਿ ਨੇ ਦੱਸਿਆ ਕਿ ਇਸ ਪੁਲ 'ਤੇ ਕੋਈ ਵੀ ਰੇਲਿੰਗ ਨਾ ਹੋਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਡਰੇਨ ਤੋਂ ਸਕੂਲ ਵੈਨਾਂ ਸਣੇ ਰੋਜ਼ਾਨਾ ਸੈਂਕੜੇ ਵਾਹਨ ਗੁਜ਼ਰਦੇ ਹਨ ਅਤੇ ਰੇਲਿੰਗ ਨਾ ਹੋਣ ਕਰ ਕੇ ਇਹ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਅੱਜਕਲ ਧੁੰਦ ਦਾ ਮੌਸਮ ਹੋਣ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ, ਜਿਸ ਕਰ ਕੇ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਕਈ ਵਾਰ ਕਹਿਣ ਦੇ ਬਾਵਜੂਦ ਵਿਭਾਗ ਨੇ ਨਹੀਂ ਕੀਤਾ ਮਸਲੇ ਦਾ ਹੱਲ : ਪਿੰਡ ਵਾਸੀ ਇਸ ਡਰੇਨ ਦੇ ਪੁਲ 'ਤੇ ਰੇਲਿੰਗ ਲਾਉਣ ਬਾਰੇ ਸਬੰਧਤ ਮਹਿਕਮੇ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਪਿੰਡ ਵਾਸੀਆਂ ਨੇ ਡਰੇਨ ਵਿਭਾਗ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਪੁਲ 'ਤੇ ਰੇਲਿੰਗ ਲਾਈ ਜਾਵੇ । ਪੁਲ ਚੌੜਾ ਕਰਨ ਲਈ ਅਧਿਕਾਰੀਆਂ ਨੂੰ ਲਿਖਿਐ : ਅਧਿਕਾਰੀ : ਇਸ ਸਬੰਧੀ ਡਰੇਨ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪੁਲ ਚੌੜਾ ਕਰਨ ਵਾਲਾ ਹੈ, ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੋਇਆ ਹੈ । ਇਸ ਤੋਂ ਬਾਅਦ ਹੀ ਰੇਲਿੰਗ ਲਾਈ ਜਾਵੇਗੀ ।
ਸਿੰਬਲ ਚੌਕ ਵਿਚ ਕਾਰ-ਟਰੱਕ ਦੀ ਮਾਮੂਲੀ ਟੱਕਰ ਨਾਲ ਲੱਗਾ ਜਾਮ
NEXT STORY