ਗੜ੍ਹਸ਼ੰਕਰ,(ਪਾਠਕ)- ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬੇਘਰੇ ਅਤੇ ਬੇਜ਼ਮੀਨੇ ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ, ਰੱਦ ਹੋਏ ਨੀਲੇ ਕਾਰਡ ਬਹਾਲ ਕਰਵਾਉਣ, ਨਵੇਂ ਨੀਲੇ ਕਾਰਡ ਬਣਾਉਣ ਅਤੇ ਪਲਾਟਾਂ ਸਬੰਧੀ ਅਰਜ਼ੀਆਂ ਲੈਣ ਦੀ ਮਿਤੀ ਵਧਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਐੱਸ. ਡੀ. ਐੱਮ. ਦਫ਼ਤਰ ਕੰਪਲੈਕਸ ਅੰਦਰ ਧਰਨਾ ਦੇਣ ਉਪਰੰਤ ਐੱਸ. ਡੀ. ਐੱਮ. ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਨਾਇਬ ਤਹਿਸੀਲਦਾਰ ਗੜ੍ਹਸ਼ੰਕਰ ਕੁਲਵੰਤ ਸਿੰਘ ਸਿੱਧੂ ਨੂੰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਮਹਿੰਦਰ ਸਿੰਘ ਖੈਰੜ ਅਤੇ ਬਗੀਚਾ ਸਿੰਘ ਨੇ ਮੰਗ ਕੀਤੀ ਕਿ ਬੇਜ਼ਮੀਨੇ ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਲੈਣ ਲਈ ਅਰਜ਼ੀਆਂ ਦੇਣ ਦੀ ਮਿਤੀ 'ਚ ਵਾਧਾ ਕੀਤਾ ਜਾਵੇ ਕਿਉਂਕਿ ਰਿਹਾਇਸ਼ੀ ਪਲਾਟਾਂ ਦੀਆਂ ਅਰਜ਼ੀਆਂ ਲੈਣ ਸਬੰਧੀ ਲੋਕਾਂ ਨੂੰ ਸਰਕਾਰ ਵੱਲੋਂ ਸਮੇਂ-ਸਿਰ ਸੂਚਿਤ ਨਹੀਂ ਕੀਤਾ ਗਿਆ, ਜਿਸ ਕਾਰਨ ਲੋੜਵੰਦ ਪਰਿਵਾਰ ਇਸ ਸਕੀਮ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸਮੇਂ-ਸਿਰ ਸੂਚਿਤ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਲਾਟਾਂ ਸਬੰਧੀ ਲਾਭਪਾਤਰੀਆਂ ਦੀ ਚੋਣ ਕਰਨ ਸਬੰਧੀ ਅਧਿਕਾਰ ਨੌਕਰਸ਼ਾਹੀ ਤੋਂ ਖੋਹ ਕੇ ਗਰਾਮ ਸਭਾਵਾਂ ਨੂੰ ਦਿੱਤਾ ਜਾਵੇ, ਅਲਾਟ ਹੋ ਚੁੱਕੇ ਪਲਾਟਾਂ ਦੇ ਕਬਜ਼ੇ ਤੁਰੰਤ ਕਿਰਤੀਆਂ ਨੂੰ ਦਿੱਤੇ ਜਾਣ, ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ ਅਤੇ ਨਵੇਂ ਬਣਾਏ ਜਾਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਮਹਿੰਦਰ ਸਿੰਘ ਖੈਰੜ, ਬਗੀਚਾ ਸਿੰਘ, ਕੁਲਵਿੰਦਰ ਚਾਹਲ, ਰਾਜਾ ਬੀਰਮਪੁਰ, ਕੁਲਵਿੰਦਰ ਕੌਰ, ਸੀਮਾ ਰਾਣੀ, ਬਲਵੀਰ ਬੱਦੋਵਾਲ, ਨਰਾਇਣ ਦਾਸ ਅਤੇ ਪਰਮਜੀਤ ਕਾਹਮਾ, ਬਲਬੀਰ ਸਿੰਘ ਖਾਨਪੁਰੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਜ਼ਿਲਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ
NEXT STORY