ਸ਼ੇਰਪੁਰ (ਅਨੀਸ਼) - ਧੂਰੀ-ਬਰਨਾਲਾ ਸੜਕ ਨਬਾਰਡ ਦੀ ਪਹਿਲੀ ਸੂਚੀ 'ਚ ਪੈ ਗਈ ਹੈ, ਜਿਸ ਦਾ 5.44 ਕਰੋੜ ਦੀ ਲਾਗਤ ਨਾਲ ਮੂਲੋਵਾਲ ਤੱਕ ਨਵ-ਨਿਰਮਾਣ ਹੋਵੇਗਾ, ਜਿਸ ਨਾਲ ਲੋਕਾਂ ਨਾਲ ਕੀਤਾ ਇਕ ਹੋਰ ਚੋਣ ਵਾਅਦਾ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸੜਕਾਂ ਦੀ ਮੁਰੰਮਤ ਲਈ ਸ਼ੇਰਪੁਰ ਨੂੰ 26 ਕਿਲੋਮੀਟਰ ਸੜਕਾਂ ਲਈ 3.28 ਕਰੋੜ ਤੇ ਧੂਰੀ ਨੂੰ 49.71 ਕਿਲੋਮੀਟਰ ਲਈ 5.24 ਕਰੋੜ ਮਨਜ਼ੂਰ ਹੋ ਚੁੱਕੇ ਹਨ। ਇਹ ਖੁਲਾਸਾ ਪ੍ਰੈੱਸ ਕਲੱਬ ਸ਼ੇਰਪੁਰ ਦੇ ਦਫਤਰ ਪਹੁੰਚੇ ਵਿਧਾਇਕ ਖੰਗੂੜਾ ਨੇ ਪ੍ਰੈੱਸ ਮਿਲਣੀ ਦੌਰਾਨ ਕੀਤਾ ਤੇ ਕੱਲਬ ਦੀ ਇਮਾਰਤ ਦੀਆਂ ਘਾਟਾਂ ਨੂੰ ਪੂਰਾ ਕਰਨ ਲਈ ਨੇੜਲੇ ਭਵਿੱਖ 'ਚ ਤਿਆਰ ਤਜਵੀਜ਼ ਦੇ ਮੱਦੇਨਜ਼ਰ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਦਰਜਨਾਂ ਪਿੰਡਾਂ ਦੇ ਕੇਂਦਰ ਬਿੰਦੂ ਸ਼ੇਰਪੁਰ ਹਸਪਤਾਲ 'ਚ ਸਿਹਤ ਸੇਵਾਵਾਂ ਨੂੰ ਲੀਹ 'ਤੇ ਲਿਆਉਣ ਸਬੰਧੀ ਖੰਗੂੜਾ ਨੇ ਕਿਹਾ ਕਿ ਉਹ ਪਹਿਲ ਦੇ ਆਧਾਰ 'ਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੁਲਾਕਾਤ ਕਰ ਕੇ ਹਸਪਤਾਲ ਦੀ ਇਮਾਰਤ ਸਿਹਤ ਵਿਭਾਗ ਦੇ ਸਪੁਰਦ ਕਰਵਾਏ ਜਾਣ ਲਈ ਚਾਰਾਜੋਈ ਕਰਨਗੇ ਤਾਂ ਜੋ ਸਪੁਰਦਗੀ ਮਗਰੋਂ ਹਸਪਤਾਲ 'ਚ ਸਟਾਫ ਦੀ ਘਾਟ ਪੂਰੀ ਕਰਨ ਤੇ ਐਮਰਜੈਂਸੀ ਸੇਵਾਵਾਂ ਬਹਾਲ ਕਰਵਾਉਣ ਵੱਲ ਪੂਰਾ ਧਿਆਨ ਕੇਂਦਰਿਤ ਕੀਤਾ ਜਾ ਸਕੇ। ਨਸ਼ਿਆਂ ਦੀ ਰੋਕਥਾਮ ਲਈ ਜਿਥੇ ਉਨ੍ਹਾਂ ਨਾਲ ਸਬੰਧਤ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਠੋਸ ਕਦਮ ਚੁੱਕਣ ਲਈ ਕਿਹਾ ਹੈ, ਉਥੇ ਉਨ੍ਹਾਂ ਪੌਣੇ ਘੰਟੇ ਦੀ ਇਕ ਫਿਲਮ ਸੀ. ਡੀ. ਤਿਆਰ ਕਰਵਾਈ ਹੈ ਜੋ ਨੇੜਲੇ ਭਵਿੱਖ 'ਚ ਸਕੂਲੀ ਬੱਚਿਆਂ ਨੂੰ ਵਿਖਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਨਿੱਜੀ ਸਹਾਇਕ ਇੰਦਰਜੀਤ ਸਿੰਘ ਕੱਕੜਵਾਲ, ਬਲਾਕ ਪੰਚਾਇਤ ਯੂਨੀਅਨ ਦੇ ਆਗੂ ਸਰਪੰਚ ਜਸਮੇਲ ਬੜੀ, ਕਾਂਗਰਸੀ ਆਗੂ ਹਨੀ ਬਨੀ ਆਦਿ ਹਾਜ਼ਰ ਸਨ।
ਜੁਗਾੜੂ ਵਾਹਨਾਂ ਦਾ ਸ਼ਹਿਰ ਬਣਦਾ ਜਾ ਰਿਹੈ ਲੁਧਿਆਣਾ
NEXT STORY