ਜਲੰਧਰ (ਅਨਿਲ ਪਾਹਵਾ)– ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਦੇ ਗੁਰਦੁਆਰਿਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਦਿਵਾਉਣ ਲਈ ਲੰਮੀ ਲੜਾਈ ਲੜਨ ਵਾਲੇ ਦੀਦਾਰ ਸਿੰਘ ਨਲਵੀ ਨੇ ਹਰਿਆਣਾ ਸਰਕਾਰ ਸਬੰਧੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ ਅਤੇ ਐੱਚ. ਐੱਸ. ਜੀ. ਪੀ. ਸੀ. ਦੇ ਗਠਨ ਲਈ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਵਿਸ਼ੇਸ਼ ਗੱਲਬਾਤ ’ਚ ਉਨ੍ਹਾਂ ਕਿਹਾ ਕਿ 22 ਸਤੰਬਰ ਨੂੰ ਅਦਾਲਤ ਨੇ ਹੁਕਮ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਪੂਰੇ ਮਾਮਲੇ ’ਤੇ ਉਨ੍ਹਾਂ ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ–
ਅਦਾਲਤ ਦੇ ਹੁਕਮ ਪਿੱਛੋਂ ਕੀ ਹੈ ਸਥਿਤੀ?
ਅਦਾਲਤ ਦੇ ਹੁਕਮ ਨੂੰ ਹੁਣ ਸਰਕਾਰ ਨੇ ਲਾਗੂ ਕਰਨਾ ਹੈ। ਇਸ ਦੇ ਲਈ ਇਕ ਪ੍ਰਕਿਰਿਆ ਹੈ, ਜਿਸ ’ਤੇ ਕੰਮ ਹੋਣਾ ਜ਼ਰੂਰੀ ਹੈ। ਵੱਡੀ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਨੂੰ ਪੂਰਾ ਹੋਣ ’ਚ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਅਸੀਂ ਸਰਕਾਰ ਨੂੰ ਲਗਾਤਾਰ ਚਿੱਠੀਆਂ ਲਿਖ ਕੇ ਇਸ ਬਾਰੇ ਅੱਗੇ ਦੀ ਪ੍ਰਕਿਰਿਆ ਲਈ ਅਪੀਲ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਅਜੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਅਦਾਲਤ ਦਾ ਹੁਕਮ ਹੈ ਤਾਂ ਇਸ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 28 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਪਿਉ-ਪੁੱਤ ਗ੍ਰਿਫ਼ਤਾਰ
ਉਸ ਵੇਲੇ ਤਕ ਗੁਰਦੁਆਰਿਆਂ ਦੀ ਸੰਭਾਲ ਕਿਵੇਂ ਹੋਵੇਗੀ?
ਇਹ ਕੇਸ ਅਦਾਲਤ ’ਚ ਲਗਭਗ 8 ਸਾਲ ਚੱਲਿਆ ਹੈ, ਜਿਸ ਦੌਰਾਨ ਵੀ ਹਰਿਆਣਾ ਦੇ 52 ਗੁਰਦੁਆਰਿਆਂ ਦੀ ਸੰਭਾਲ ਕੀਤੀ ਜਾ ਰਹੀ ਸੀ। 48 ਗੁਰਦੁਆਰਿਆਂ ਨੂੰ ਐੱਸ. ਜੀ. ਪੀ. ਸੀ. ਵੇਖ ਰਹੀ ਸੀ, ਜਦੋਂਕਿ 4 ਨੂੰ ਐੱਚ. ਐੱਸ. ਜੀ. ਪੀ. ਸੀ. ਵੱਲੋਂ ਵੇਖਿਆ ਜਾ ਰਿਹਾ ਹੈ। ਇਸ ਦੀ ਜ਼ਿੰਮੇਵਰੀ ਬਲਜੀਤ ਸਿੰਘ ਦਾਦੂਵਾਲ ਕੋਲ ਹੈ। ਹੁਣ ਸਰਕਾਰ ਦੇ ਹੁਕਮ ਨੂੰ ਤੁਰੰਤ ਲਾਗੂ ਕਰਵਾਇਆ ਜਾਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦੀ ਸੰਭਾਲ ਲਈ ਨਵੀਂ ਵਿਵਸਥਾ ਕੀਤੀ ਜਾਣੀ ਜ਼ਰੂਰੀ ਹੈ।
ਐੱਚ. ਐੱਸ. ਜੀ. ਪੀ. ਸੀ. ਪ੍ਰਧਾਨ ਲਈ ਤੁਹਾਡੀ ਦਾਅਵੇਦਾਰੀ ਕਿੰਨੀ ਹੈ?
ਹਰਿਆਣਾ ਲਈ ਵੱਖਰੇ ਤੌਰ ’ਤੇ ਗੁਰਦੁਆਰਾ ਕਮੇਟੀ ਹੋਣੀ ਜ਼ਰੂਰੀ ਹੈ ਅਤੇ ਇਸ ਦੇ ਲਈ ਮੈਂ ਹੀ ਲੜਾਈ ਸ਼ੁਰੂ ਕੀਤੀ ਸੀ। ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਕਟ-22 ਤਹਿਤ ਸੂਬੇ ਦੀ ਵੱਖਰੇ ਤੌਰ ’ਤੇ ਕਮੇਟੀ ਹੋਣ ਦੀ ਵਿਵਸਥਾ ਹੈ, ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਹੀਂ ਸੀ। ਮੈਂ ਹੀ ਐਕਟ ਬਾਰੇ ਸਿੱਖ ਸਮਾਜ ਨੂੰ ਇਹ ਜਾਣਕਾਰੀ ਦਿੱਤੀ ਅਤੇ ਅਦਾਲਤ ਸਾਹਮਣੇ ਆਪਣੀ ਗੱਲ ਰੱਖੀ। ਉਂਝ ਵੀ ਹਰਿਆਣਾ ਦੇ ਸਿੱਖ ਵਰਗ ’ਚ ਮੇਰੇ ਲਈ ਉਤਸ਼ਾਹ ਹੈ ਅਤੇ ਉਹ ਚਾਹੁੰਦੇ ਹਨ ਕਿ ਸੂਬੇ ਦੇ ਗੁਰਦੁਆਰਿਆਂ ਦੀ ਦੇਖ-ਰੇਖ ਸਹੀ ਹੱਥਾਂ ’ਚ ਹੋਵੇ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਲੇਹ ਲੱਦਾਖ 'ਚ ਮੋਗਾ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ
ਦਾਦੂਵਾਲ ਵੀ ਦਾਅਵੇਦਾਰੀ ਦੱਸ ਰਹੇ ਹਨ, ਤੁਹਾਡਾ ਕੀ ਕਹਿਣਾ ਹੈ?
ਐੱਚ. ਐੱਸ. ਜੀ. ਪੀ. ਸੀ. ਸਿੱਖ ਵਰਗ ਦੀ ਕਮੇਟੀ ਹੈ, ਜੋ ਸਿੱਖਾਂ ਲਈ ਅਹਿਮ ਹੈ। ਬੇਸ਼ੱਕ ਬਲਜੀਤ ਸਿੰਘ ਦਾਦੂਵਾਲ ਆਪਣੀ ਦਾਅਵੇਦਾਰੀ ਦੱਸ ਰਹੇ ਹੋਣ ਪਰ ਇਹ ਗੱਲ ਤਾਂ ਸਪਸ਼ਟ ਹੈ ਕਿ ਉਹ ਸਿੱਖ ਗੁਰੂਆਂ ਦੀ ਬਜਾਏ ਡੇਰਾਵਾਦ ਨੂੰ ਅਹਿਮੀਅਤ ਦੇ ਰਹੇ ਹਨ, ਜਦੋਂਕਿ ਸਿੱਖ ਧਰਮ ’ਚ ਡੇਰਾਵਾਦ ਲਈ ਕੋਈ ਥਾਂ ਨਹੀਂ।
ਸਿੱਖ ਵਰਗ ਚਾਹੁੰਦਾ ਹੈ ਕਿ ਐੱਚ. ਐੱਸ. ਜੀ. ਪੀ. ਸੀ. ਡੇਰਾਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਮੁਤਾਬਕ ਹੀ ਸਿੱਖ ਸਮਾਜ ਦਾ ਉੱਥਾਨ ਹੋਵੇ। ਇਸ ਲਈ ਦਾਦੂਵਾਲ ਦੀ ਦਾਅਵੇਦਾਰੀ ’ਚ ਕੋਈ ਦਮ ਨਹੀਂ। ਉਹ ਤਾਂ ਖੁਦ ਚੇਲਿਆਂ ਨਾਲ ਘਿਰੇ ਰਹਿੰਦੇ ਹਨ ਅਤੇ ਤਾਨਾਸ਼ਾਹ ਵਾਂਗ ਕੰਮ ਕਰਦੇ ਹਨ, ਜਦੋਂਕਿ ਐੱਚ. ਐੱਸ. ਜੀ. ਪੀ. ਸੀ. ’ਚ ਲੋਕਤੰਤਰੀ ਢੰਗ ਨਾਲ ਕੰਮ ਹੋਣਾ ਜ਼ਰੂਰੀ ਹੈ।
ਬੀਬੀ ਜਗੀਰ ਕੌਰ ਦੀ ਬਗਾਵਤ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਐੱਸ. ਜੀ. ਪੀ. ਸੀ. ’ਚ ਲਿਫਾਫਾ ਕਲਚਰ ਨੂੰ ਖਤਮ ਕਰਨ ਲਈ ਬੀਬੀ ਜਗੀਰ ਕੌਰ ਸਾਹਮਣੇ ਆਈ ਹੈ। ਇਹ ਉਨ੍ਹਾਂ ਦਾ ਅਹਿਮ ਕਦਮ ਹੈ। ਬੀਬੀ ਜੇ ਹਰਿਆਣਾ ਦੇ ਸਿੱਖਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ’ਚ ਮਦਦ ਕਰੇਗੀ ਤਾਂ ਆਉਣ ਵਾਲੇ ਦਿਨਾਂ ’ਚ ਉਹ ਐੱਸ. ਜੀ. ਪੀ. ਸੀ. ’ਚ ਹੋਰ ਵੀ ਮਜ਼ਬੂਤ ਨੇਤਾ ਵਜੋਂ ਅੱਗੇ ਆ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜਿਸ ਤਰ੍ਹਾਂ ਬਾਦਲਾਂ ਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਉਠਾਈ ਹੈ, ਉਹ ਸਮੇਂ ਦੀ ਲੋੜ ਸੀ। ਬਾਦਲਾਂ ਨੇ ਲੋਕਤੰਤਰ ਦਾ ਪੂਰੀ ਤਰ੍ਹਾਂ ਬੁਰਾ ਹਾਲ ਕੀਤਾ ਹੋਇਆ ਹੈ ਪਰ ਇਸ ਵਾਰ ਦੀਆਂ ਐੱਸ. ਜੀ. ਪੀ. ਸੀ. ਚੋਣਾਂ ’ਚ ਲੋਕਤੰਤਰ ਨੂੰ ਲਾਗੂ ਕਰਨ ਦੀ ਜੋ ਕਵਾਇਦ ਹੋਈ ਹੈ, ਉਹ ਬਿਹਤਰ ਕਦਮ ਹੈ ਅਤੇ ਸਿੱਖ ਭਾਈਚਾਰੇ ਦੀ ਤਰੱਕੀ ਲਈ ਜ਼ਰੂਰੀ ਹੈ।
ਅਕਾਲੀ ਦਲ ’ਤੇ ਇਸ ਦਾ ਕੀ ਅਸਰ ਪਵੇਗਾ?
ਹੁਣੇ ਜਿਹੇ ਪੰਜਾਬ ’ਚ ਵਿਧਾਨ ਸਭਾ ਚੋਣਾਂ ’ਚ ਪੰਜਾਬ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਜੇ ਬੀਬੀ ਜਗੀਰ ਕੌਰ ਵਰਗੇ ਲੋਕ ਇਸ ਤਰ੍ਹਾਂ ਸਿੱਖ ਭਾਈਚਾਰੇ ਲਈ ਕੰਮ ਕਰਨ ਲਈ ਆਉਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਐੱਸ. ਜੀ. ਪੀ. ਸੀ. ’ਚ ਲੋਕਤੰਤਰ ਪੂਰੀ ਤਰ੍ਹਾਂ ਬਹਾਲ ਹੋਵੇਗਾ ਅਤੇ ਇਸ ਵਿਚੋਂ ਸਿਆਸੀ ਦਖਲਅੰਦਾਜ਼ੀ ਖ਼ਤਮ ਹੋ ਜਾਵੇਗੀ। ਜੇ ਸਭ ਇੰਝ ਹੀ ਚੱਲਦਾ ਰਿਹਾ ਤਾਂ ਸੰਭਵ ਹੈ ਕਿ ਇਕ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪੱਖ ’ਚ ਐੱਸ. ਜੀ. ਪੀ. ਸੀ. ਵਿਚ 2-3 ਮੈਂਬਰ ਹੀ ਰਹਿ ਜਾਣ।
ਇਹ ਵੀ ਪੜ੍ਹੋ : ਫਗਵਾੜਾ ਦੇ ਸਿਵਲ ਹਸਪਤਾਲ ’ਚ ਨੌਜਵਾਨ ਦੀ ਮੌਤ ਮਗਰੋਂ ਭੜਕਿਆ ਪਰਿਵਾਰ, ਡਾਕਟਰ ਦੀ ਕੀਤੀ ਕੁੱਟਮਾਰ
ਐੱਸ. ਜੀ. ਪੀ. ਸੀ. ਦੀਆਂ ਚੋਣਾਂ ਸਬੰਧੀ ਬਦਲੇ ਰੂਪ ’ਤੇ ਤੁਸੀਂ ਕੀ ਕਹੋਗੇ?
ਪੰਜਾਬ ’ਚ ਐੱਸ. ਜੀ. ਪੀ. ਸੀ. ਦੀਆਂ ਪਹਿਲੀ ਵਾਰ ਚੋਣਾਂ ਹੋਈਆਂ ਅਤੇ ਇਨ੍ਹਾਂ ਵਿਚ ਲੋਕਤੰਤਰ ਵੇਖਣ ਨੂੰ ਮਿਲਿਆ ਹੈ। ਜਿਸ ਤਰ੍ਹਾਂ 2 ਉਮੀਦਵਾਰ ਖੜ੍ਹੇ ਹੋਏ ਅਤੇ ਉਨ੍ਹਾਂ ਵਿਚੋਂ ਇਕ ਨੂੰ ਚੁਣਨ ਦਾ ਮੌਕਾ ਮੈਂਬਰਾਂ ਨੂੰ ਮਿਲਿਆ, ਇਹ ਬੜਾ ਅਹਿਮ ਸੀ। ਖਾਸ ਤੌਰ ’ਤੇ ਲਿਫਾਫਾ ਕਲਚਰ ਖਤਮ ਹੋਇਆ, ਜਿਸ ਨੂੰ ਕਈ ਸਾਲਾਂ ਤੋਂ ਬਾਦਲ ਪਰਿਵਾਰ ਚਲਾ ਰਿਹਾ ਸੀ। ਲਿਫਾਫਾ ਕਲਚਰ ਇਸ ਲਈ ਚਲਾਇਆ ਗਿਆ ਸੀ ਕਿ ਕਿਸੇ ਇਕ ਨੂੰ ਨਾਮੀਨੇਟ ਕਰਨ ਦੇ ਐਲਾਨ ਦੌਰਾਨ ਕੋਈ ਵਿਰੋਧ ਨਾ ਹੋਵੇ ਅਤੇ ਜਿਹੜਾ ਨਾਂ ਨਿਕਲੇ, ਉਸ ਨੂੰ ਸਾਰੇ ਖਾਮੋਸ਼ੀ ਨਾਲ ਸਵੀਕਾਰ ਕਰ ਲੈਣ ਪਰ ਜੋ ਤਬਦੀਲੀ ਆਈ ਹੈ, ਉਹ ਕਾਬਿਲੇ ਤਾਰੀਫ ਹੈ।
ਪੰਜਾਬ ’ਚ ਖਾਲਿਸਤਾਨ ਨੂੰ ਲੈ ਕੇ ਉੱਠ ਰਹੀ ਆਵਾਜ਼ ’ਤੇ ਤੁਸੀਂ ਕੀ ਕਹੋਗੇ?
ਅੱਜ ਤੋਂ 40-45 ਸਾਲ ਪਹਿਲਾਂ ਜਗਜੀਤ ਸਿੰਘ ਨਾਂ ਦੇ ਇਕ ਸ਼ਖਸ ਨੇ ਵਿਦੇਸ਼ ’ਚ ਜਾ ਕੇ ਖਾਲਿਸਤਾਨ ਮੂਵਮੈਂਟ ਸ਼ੁਰੂ ਕੀਤੀ ਸੀ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਪੰਜਾਬ ਦੇ ਲੋਕ ਅਮਨ ਪਸੰਦ ਹਨ ਅਤੇ ਇਥੇ ਅਮਨ-ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਥੇ ਖਾਲਿਸਤਾਨ ਨੂੰ ਅਹਿਮੀਅਤ ਨਹੀਂ ਮਿਲਣ ਵਾਲੀ।
ਇਹ ਵੀ ਪੜ੍ਹੋ : ਭੈਣ ਨਾਲ ਲਵ ਮੈਰਿਜ ਕਰਨ ਮਗਰੋਂ ਤਲਾਕ ਦੇਣ ਦੀ ਰਜਿੰਸ਼ ਦੀ ਕੱਢੀ ਖਾਰ, ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪਰਾਲੀ ਦੇ ਪ੍ਰਦੂਸ਼ਣ ਕਾਰਨ 'ਪੰਜਾਬ' ਬਦਹਾਲ, ਸੜਕਾਂ 'ਤੇ ਧੂੰਏਂ ਨਾਲ ਸੂਰਜ ਤੱਕ ਨਜ਼ਰ ਨਹੀਂ ਆਉਂਦਾ
NEXT STORY