ਜਲੰਧਰ (ਮ੍ਰਿਦੁਲ)— ਜ਼ਿਲਾ ਕਾਂਗਰਸ ਇਕੋਨਾਮਿਕਸ ਐਂਡ ਪੋਲੀਟੀਕਲ ਸੈੱਲ ਦੇ ਚੇਅਰਮੈਨ ਨੇਤਾ ਹਰਪ੍ਰੀਤ ਸਿੰਘ ਆਜ਼ਾਦ ਅਤੇ ਉਸ ਦਾ ਭਰਾ ਅਮਨਦੀਪ ਸਿੰਘ ਚੰਡੀਗੜ੍ਹ ਤੋਂ ਲਿਆਂਦੀ ਨਾਜਾਇਜ਼ ਸ਼ਰਾਬ ਅਤੇ ਬੀਅਰ ਪਰੋਸਣ ਅਤੇ ਨਾਜਾਇਜ਼ ਹੁੱਕਾ ਬਾਰ ਚਲਾਉਣ ਦੇ ਦੋਸ਼ 'ਚ ਦਰਜ ਮਾਮਲੇ 'ਚ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਦੂਜੇ ਪਾਸੇ ਰੈਸਟੋਰੈਂਟ ਵਿਚ ਕੰਮ ਕਰਦੇ ਵਰਕਰ ਰੋਹਿਤ ਅਤੇ ਆਦਿਲ ਨੂੰ ਪੁਲਸ ਨੇ ਕੋਰਟ 'ਚ ਪੇਸ਼ ਕਰ ਕੇ 14 ਦਿਨ ਦੀ ਜੁਡੀਸ਼ੀਅਲ ਕਸਟਡੀ ਵਿਚ ਭੇਜ ਦਿੱਤਾ ਹੈ।
ਸੂਤਰਾਂ ਦੀ ਮੰਨੀਏ ਤਾਂ ਹਰਪ੍ਰੀਤ ਸਿੰਘ ਆਪਣੇ ਸਮਰਥਕ ਕਾਂਗਰਸੀ ਵਿਧਾਇਕਾਂ ਦੀ ਸ਼ਰਨ ਵਿਚ ਪਹੁੰਚ ਕੇ ਪੁਲਸ ਅਧਿਕਾਰੀਆਂ 'ਤੇ ਦਬਾਅ ਬਣਾਉਣ ਦੇ ਯਤਨ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਉਸ ਦੇ ਅਤੇ ਉਸ ਦੇ ਭਰਾ ਦੇ ਖਿਲਾਫ ਦਰਜ ਕੇਸ ਨੂੰ ਰਫਾ-ਦਫਾ ਕੀਤਾ ਜਾ ਸਕੇ। ਹਾਲਾਂਕਿ ਪੁਲਸ ਦਾ ਦਾਅਵਾ ਹੈ ਕਿ ਰੇਸਤਰਾਂ ਤੋਂ ਮਿਲੀ ਸ਼ਰਾਬ ਨੂੰ ਚੰਡੀਗੜ੍ਹ ਤੋਂ ਖੁਦ ਹਰਪ੍ਰੀਤ ਸਿੰਘ ਬਲਕ ਵਿਚ ਲੈ ਕੇ ਆਉਂਦਾ ਹੈ, ਜਿਸ ਨੂੰ ਲੈ ਕੇ ਉਸ ਤੋਂ ਪੁੱਛਗਿਛ ਕਰਨਾ ਜ਼ਰੂਰੀ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਭਰਾਵਾਂ ਦੇ ਸ਼ਕਤੀ ਨਗਰ ਸਥਿਤ ਘਰ ਵਿਚ ਰੇਡ ਕੀਤੀ ਗਈ ਸੀ ਤਾਂ ਦੋਵੇਂ ਘਰ 'ਤੇ ਮੌਜੂਦ ਨਹੀਂ ਸਨ। ਉਸ ਦੇ ਕਈ ਹੋਰ ਟਿਕਾਣਿਆਂ 'ਤੇ ਵੀ ਰੇਡ ਕੀਤੀ ਗਈ ਪਰ ਉਹ ਨਹੀਂ ਮਿਲੇ। ਹਾਲਾਂਕਿ ਪੁਲਸ ਦਾ ਸਟੈਂਡ ਸਾਫ ਹੈ ਕਿ ਦੋਸ਼ੀਆਂ ਨੂੰ ਫੜਨ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਕੇਸ 'ਚ ਦਰਜ ਧਾਰਾਵਾਂ ਦੇ ਮੁਤਾਬਕ ਉਨ੍ਹਾਂ ਦੀ ਜਲਦੀ ਜ਼ਮਾਨਤ ਨਹੀਂ ਹੋ ਸਕਦੀ ਹੈ ਕਿਉਂਕਿ ਪੁਲਸ ਨੇ ਐਕਸਾਈਜ਼ ਐਕਟ 61-1-14, ਕੋਪਟਾ ਐਕਟ 4, 7 ਅਤੇ ਸੀ. ਆਰ. ਪੀ. ਸੀ. ਦੀ ਧਾਰਾ 188 ਦੇ ਤਹਿਤ 147 ਨੰ. ਐੱਫ. ਆਈ. ਆਰ. ਦਰਜ ਕੀਤੀ ਹੈ।
ਹਰਪ੍ਰੀਤ ਸਿੰਘ ਸਸਪੈਂਡ, 4 ਦਿਨਾਂ ਦਾ ਨੋਟਿਸ ਕੀਤਾ ਜਾਰੀ : ਦਲਜੀਤ ਆਹਲੂਵਾਲੀਆ
ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਇਕੋਨਾਮਿਕਸ ਐਂਡ ਪੋਲੀਟੀਕਲ ਸੈੱਲ ਦੇ ਜ਼ਿਲਾ ਚੇਅਰਮੈਨ ਹਰਪ੍ਰੀਤ ਸਿੰਘ ਆਜ਼ਾਦ ਨੂੰ ਹੁੱਕਾ ਬਾਰ ਤੇ ਬਿਨਾਂ ਲਾਇਸੈਂਸ ਸ਼ਰਾਬ ਪਰੋਸਣ 'ਤੇ ਦਰਜ ਹੋਏ ਕੇਸ ਨੂੰ ਲੈ ਕੇ ਪਾਰਟੀ ਦੇ ਅਹੁਦਿਆਂ ਤੋਂ ਸਸਪੈਂਡ ਕਰ ਦਿੱਤਾ ਹੈ। ਆਹਲੂਵਾਲੀਆ ਨੇ ਕਿਹਾ ਕਿ ਹਰਪ੍ਰੀਤ ਨੂੰ ਆਪਣਾ ਪੱਖ ਰੱਖਣ ਲਈ 4 ਦਿਨ ਦਾ ਨੋਟਿਸ ਦਿੱਤਾ ਗਿਆ ਹੈ, ਜੇ ਪਾਰਟੀ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਈ ਤਾਂ ਹਰਪ੍ਰੀਤ ਦੀ ਕਾਂਗਰਸ ਦੀ ਮੁੱਢਲੀ ਮੈਂਬਰੀ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।
ਪੁਲਸ ਨੇ ਮੰਗਿਆ ਐਕਸਾਈਜ਼ ਵਿਭਾਗ ਤੋਂ ਰਿਕਾਰਡ
ਹਾਲਾਂਕਿ ਕੇਸ ਵਿਚ 100 ਡਾਗਜ਼ ਰੈਸਟੋਰੈਂਟ ਚੈੱਕ ਕਰਨ ਲਈ ਪੁਲਸ ਨੇ ਐਕਸਾਈਜ਼ ਵਿਭਾਗ ਤੋਂਂ ਰਿਕਾਰਡ ਮੰਗਿਆ ਹੈ ਤਾਂ ਕਿ ਪੁਲਸ ਨੂੰ ਪਤਾ ਲੱਗ ਸਕੇ ਕਿ ਰੈਸਟੋਰੈਂਟ ਮਾਲਕ ਕਾਂਗਰਸੀ ਨੇਤਾ ਹਰਪ੍ਰੀਤ ਸਿੰਘ ਕੋਲ ਸ਼ਰਾਬ ਪਿਆਉਣ ਦਾ ਲਾਇਸੈਂਸ ਹੈ ਵੀ ਕਿ ਨਹੀਂ।
ਹੁੱਕਾ ਬਾਰ ਨੇ ਕਾਂਗਰਸੀ ਗਲਿਆਰਿਆਂ 'ਚ ਮਚਾਇਆ ਹੜਕੰਪ
ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਨਸ਼ਿਆਂ ਦੀ ਵਿਕਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਸਵਾਲਾਂ ਨਾਲ ਘਿਰੇ ਹੋਏ ਹਨ, ਜਦਕਿ ਮੁੱਖ ਮੰਤਰੀ ਇਸ ਬਾਰੇ ਕਿਹਾ ਕਿ ਕਿ ਇਸ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਥੇ ਕਾਂਗਰਸ ਦੇ ਇਕ ਫਰੰਟੀਅਰ ਸੈੱਲ ਦੇ ਜ਼ਿਲਾ ਚੇਅਰਮੈਨ 'ਤੇ ਹੁੱਕਾ ਬਾਰ ਅਤੇ ਬਿਨਾਂ ਲਾਇਸੈਂਸ ਚੰਡੀਗੜ੍ਹ ਤੋਂ ਲਿਆ ਕੇ ਸ਼ਰਾਬ ਪਰੋਸਣ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕੀਤਾ ਹੈ, ਜਿਸ ਨੂੰ ਲੈ ਕੇ ਬੀਤੇ ਦਿਨ ਸਾਰਾ ਦਿਨ ਕਾਂਗਰਸ ਦੇ ਗਲਿਆਰਿਆਂ 'ਚ ਹੜਕੰਪ ਮਚਿਆ ਰਿਹਾ। ਕਾਂਗਰਸੀ ਹੀ ਹਰਪ੍ਰੀਤ 'ਤੇ ਨਸ਼ਿਆਂ ਨੂੰ ਲੈ ਕੇ ਦਰਜ ਕੇਸ 'ਤੇ ਚਟਖਾਰੇ ਲੈ ਕੇ ਚਰਚਾ ਕਰਦੇ ਰਹੇ ਪਰ ਉਹ ਦੂਸਰਿਆਂ ਦੇ ਸਾਹਮਣੇ ਖੁੱਲ੍ਹ ਕੇ ਕੁਝ ਵੀ ਬੋਲਣ ਤੋਂ ਪ੍ਰਹੇਜ਼ ਕਰਦੇ ਰਹੇ।
ਇਕ ਸੀਨੀਅਰ ਕਾਂਗਰਸੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕਾਂਗਰਸ ਦਾ ਇਕ ਵਿਧਾਇਕ ਅਕਸਰ 100 ਡਾਗਜ਼ ਪੱਬ ਵਿਚ ਜਾਂਦਾ ਸੀ। ਉਕਤ ਵਿਧਾਇਕ ਨੇ ਹਰਪ੍ਰੀਤ ਦੇ ਪੱਬ ਦੇ ਬਾਹਰ ਲੰਗਰ ਦਾ ਉਦਘਾਟਨ ਕਰਨ ਦੇ ਨਾਲ-ਨਾਲ ਕਈ ਵਾਰ ਆਪਣੇ ਸਾਥੀਆਂ ਦੇ ਨਾਲ ਉਥੇ ਮੀਟਿੰਗਾਂ ਵੀ ਕੀਤੀਆਂ ਹਨ। ਹੁਣ ਹਰਪ੍ਰੀਤ 'ਤੇ ਦਰਜ ਹੋਏ ਕੇਸ ਤੋਂ ਬਾਅਦ ਉਕਤ ਵਿਧਾਇਕ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਹਰਪ੍ਰੀਤ ਖੁਦ ਕਰਦਾ ਸੀ ਸ਼ਰਾਬ ਦੀ ਸਮੱਗਲਿੰਗ ਜਾਂ ਕਿਸੇ ਸਮੱਗਲਰ ਨਾਲ ਹਨ ਸਬੰਧ!
ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਹਰਪ੍ਰੀਤ ਸਿੰਘ ਦੇ ਪੱਬ ਤੋਂ ਮਿਲੀ ਚੰਡੀਗੜ੍ਹ ਦੀ ਸ਼ਰਾਬ ਦੇ ਮਾਮਲੇ ਵਿਚ ਅਹਿਮ ਸਵਾਲ ਸਾਹਮਣੇ ਆਉਂਦੇ ਹਨ ਕਿ ਮੌਕੇ ਤੋਂ ਤਾਂ ਸਿਰਫ 15 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ ਪਰ ਪੱਬ ਵਿਚ ਆਉਣ ਵਾਲੇ ਗਾਹਕਾਂ ਨੂੰ ਕਿੰਨੇ ਸਮੇਂ ਤੋਂ ਚੰਡੀਗੜ੍ਹ ਦੀ ਸ਼ਰਾਬ ਪਰੋਸੀ ਜਾਂਦੀ ਰਹੀ ਸੀ, ਇਸ ਤੋਂ ਇਲਾਵਾ ਕੀ ਹਰਪ੍ਰੀਤ ਖੁਦ ਚੰਡੀਗੜ੍ਹ ਤੋਂ ਸ਼ਰਾਬ ਸਮੱਗਲਿੰਗ ਕਰਦਾ ਸੀ ਜਾਂ ਉਸ ਦੇ ਕਿਸੇ ਹੋਰ ਸਮੱਗਲਰ ਨਾਲ ਸਬੰਧ ਹਨ, ਜਿਸ ਦੇ ਜ਼ਰੀਏ ਉਹ ਸ਼ਰਾਬ ਜਲੰਧਰ ਲਿਆ ਕੇ ਵੇਚ ਰਿਹਾ ਸੀ, ਪੁਲਸ ਹਰਪ੍ਰੀਤ ਸਿੰਘ ਤੋਂ ਇਸ ਐਂਗਲ 'ਤੇ ਪੁੱਛਗਿਛ ਕਰੇਗੀ।
ਕਾਲਜ ਦੇ ਲੜਕੇ-ਲੜਕੀਆਂ ਸਨ ਰੈਸਟੋਰੈਂਟ ਦੇ ਗਾਹਕ
ਜ਼ਿਕਰਯੋਗ ਹੈ ਕਿ ਉਕਤ 100 ਡਾਗਜ਼ ਰੈਸਟੋਰੈਂਟ 'ਚ ਕਾਲਜ ਦੇ ਲੜਕੇ-ਲੜਕੀਆਂ ਹੀ ਮੁੱਖ ਗਾਹਕ ਸਨ, ਜਿਸ ਕਾਰਨ ਨੌਜਵਾਨਾਂ ਨੂੰ ਹੁੱਕਾ ਤੇ ਸ਼ਰਾਬ ਪੀਣ ਦੀ ਆਦਤ ਪੈ ਜਾਂਦੀ ਹੈ। ਇਸ ਨੂੰ ਲੈ ਕੇ ਆਏ ਦਿਨ ਕਈ ਵਾਰ ਰੈਸਟੋਰੈਂਟ ਵਿਚ ਲੜਾਈ-ਝਗੜੇ ਵੀ ਹੋ ਚੁੱਕੇ ਹਨ, ਜਿਸ ਦੀ ਪੁਸ਼ਟੀ ਪੁਲਸ ਨੇ ਵੀ ਕੀਤੀ ਹੈ।
ਅਣਪਛਾਤੇ ਵਾਹਨ ਦੀ ਫੇਟ ਨਾਲ ਸਾਈਕਲ ਸਵਾਰ ਦੀ ਮੌਤ
NEXT STORY