ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਨਰਿੰਦਰ, ਬਖਤਾਵਰ)-ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਰਾਂਹੀ ਪਸ਼ੂ ਪਾਲਕ ਅਤੇ ਫਾਰਮਰਾਂ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਸਹਾਇਕ ਕਿੱਤੇ ਵੱਲ ਮੋੜਨ ਦੇ ਮਨਸ਼ੇ ਨਾਲ ਡਿਪਟੀ ਡਾਇਰੈਕਟਰ ਜ਼ਿਲਾ ਪਸ਼ੂ ਪਾਲਣ ਵਿਭਾਗ ਤਰਨ ਤਾਰਨ ਪਵਨ ਕੁਮਾਰ ਮਲਹੋਤਰਾ ਦੀ ਦੇਖ ਰੇਖ ਹੇਠ ਬਾਬਾ ਬੁੱਢਾ ਜੀ ਕਾਲਜ ਦੀ ਗਰਾਊਂਡ 'ਚ ਕਰਵਾਇਆ ਗਿਆ ਦੋ ਰੋਜ਼ਾ ਸਲਾਨਾ ਜ਼ਿਲਾ ਪੱਧਰੀ ਪਸ਼ੂ ਧਨ ਚੈਂਪੀਅਨਸ਼ਿਪ ਮੇਲਾ ਐਤਵਾਰ ਨੂੰ ਸ਼ਾਨੋ-ਸ਼ੋਕਤ ਨਾਲ ਸੰਪਨ ਹੋ ਗਿਆ। ਮੇਲੇ ਦੇ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨਾਂ ਵਜੋਂ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਵੱਖ- ਵੱਖ ਵਰਗਾਂ ਦੇ ਮੁਕਾਬਲਿਆਂ ਚੋਂ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ ਨੂੰ ਵਿਸ਼ੇਸ਼ ਇਨਾਮ ਤਕਸ਼ੀਮ ਕੀਤੇ ਗਏ। ਇਸ ਮੌਕੇ ਬੋਲਦਿਆਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਉਥੇ ਹੀ ਇਨ੍ਹਾਂ ਮੇਲਿਆਂ ਵਿਚੋਂ ਕਿਸਾਨੀ ਕਿੱਤੇ ਦਾ ਬਦਲਵਾਂ ਹੱਲ ਵੀ ਕਿਸਾਨਾਂ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨ ਮੁਨਾਫੇ 'ਚ ਹਨ ਅਤੇ ਹੁਣ ਤੱਕ ਇਸ ਖਿੱਤੇ ਦੇ ਕਿਸੇ ਵੀ ਕਿਸਾਨ ਵੱਲੋਂ ਆਤਮ ਹੱਤਿਆ ਵਰਗੀ ਘਨੌਣੀ ਹਰਕਤ ਨੂੰ ਨਹੀਂ ਅਪਨਾਇਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ, ਪਸ਼ੂ, ਮੱਛੀ ਅਤੇ ਨਸ਼ਲੀ ਜਾਨਵਰ ਪਾਲਣ ਨੂੰ ਸਹਾਇਕ ਨਹੀਂ ਮੁੱਖ ਧੰਦੇ ਵਜੋਂ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਮੱਝ ਚੁਆਈ ਮੁਕਾਬਲੇ 'ਚ ਪਹਿਲਾ ਇਨਾਮ ਸਤਿੰਦਰ ਸਿੰਘ ਵਾਸੀ ਪਿੰਡ ਦੋਦੇ ਅਤੇ ਬਲਜਿੰਦਰ ਸਿੰਘ ਵਾਸੀ ਲਾਲੂਘੁੰਮਣ ਨੂੰ ਦਿੱਤਾ ਗਿਆ, ਜਦ ਕਿ ਐੱਚ.ਐੱਫ. ਗਾਂ ਵੱਲੋਂ ਚਾਲੀ ਕਿੱਲੋ ਦੁੱਧ ਦੇਣ ਦਾ ਪਹਿਲਾ ਇਨਾਮ ਹਰਚੰਦ ਸਿੰਘ ਵਾਸੀ ਪਿੰਡ ਮੱਦਰ ਅਤੇ ਜਰਸੀ ਗਾਂ ਵੱਲੋਂ ਵੱਧ ਦੁੱਧ ਦੇਣ ਦਾ ਪਹਿਲਾ ਇਨਾਮ ਗੁਰਦਿਆਲ ਸਿੰਘ ਵਾਸੀ ਪਿੰਡ ਦਾਰਾਪੁਰ ਨੂੰ ਦਿੱਤਾ ਗਿਆ। ਵੱਧ ਦੁੱਧ ਦੇਣ 'ਚ ਬੱਕਰੀ ਦੇ ਮਾਲਕ ਮੰਗਾ ਸਿੰਘ ਵਾਸੀ ਪਿੰਡ ਚੇਲਾ ਨੂੰ ਪਹਿਲਾ ਇਨਾਮ ਅਤੇ ਨਸ਼ਲੀ ਦੇਸ਼ੀ ਮੁਰਗੇ ਦਾ ਪਹਿਲਾ ਇਨਾਮ ਤਰਸ਼ੇਮ ਸਿੰਘ ਵਾਸੀ ਪਿੰਡ ਕੱਦ ਗਿੱਲ ਨੂੰ ਦਿੱਤਾ ਗਿਆ। ਸ਼ਾਹੀਵਾਲ ਨਸ਼ਲੀ ਗਾਂ ਦਾ ਪਹਿਲਾ ਇਨਾਮ ਸਰਬਜੀਤ ਸਿੰਘ ਢਿੱਲੋਂ ਵਾਸੀ ਪਿੰਡ ਝਬਾਲ ਖੁਰਦ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਗਿੱਲ ਵੜੈਚ ਨੂੰ ਦਿੱਤਾ ਗਿਆ। ਮਾੜਵਾੜੀ ਵਧੀਆ ਨਸ਼ਲੀ ਘੋੜੇ ਦਾ ਪਹਿਲਾ ਇਨਾਮ ਹਰਮਨਜੀਤ ਸਿੰਘ ਵਾਸੀ ਪਿੰਡ ਰਾਣੀਵਲਾਹ 'ਤੇ ਨਸ਼ਲੀ ਸੂਰੀ ਦਾ ਪਹਿਲਾ ਇਨਾਮ ਸੁਖਦੇਵ ਸਿੰਘ ਵਾਸੀ ਪਿੰਡ ਜਹਾਂਗੀਰ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਮੋਹਰਾ ਨਸ਼ਲੀ ਝੋਟੇ ਦਾ ਪਹਿਲਾ ਇਨਾਮ ਤੇਜਪਾਲ ਸਿੰਘ ਵਾਸੀ ਮੁਗਲਾਨੀ, ਨੀਲੀ ਰਾਵੀ ਖੀਰੀ ਮੱਝ ਦਾ ਪਹਿਲਾ ਇਨਾਮ ਸਾਰਜ ਸਿੰਘ ਵਾਸੀ ਕਲਸੀਆਂ, ਨੀਲੀ ਰਾਵੀ ਵੱਛੀ ਦਾ ਪਹਿਲਾ ਇਨਾਮ ਹੀਰਾ ਸਿੰਘ ਵਾਸੀ ਘਰਿਆਲਾ ਨੂੰ ਦਿੱਤਾ ਗਿਆ। ਕੁਲਦੀਪ ਸਿੰਘ ਨੰਬਰਦਾਰ ਪਿੰਡ ਮੁਗਲਚੱਕ ਦੀ ਨੁਕਰੀ (ਉਮਰ 5 ਮਹੀਨੇ) ਨੂੰ ਤੀਜਾ ਇਨਾਮ, ਸੁਰਜਨ ਸਿੰਘ ਨਾਮਧਾਰੀ, ਬਲਜਿੰਦਰ ਸਿੰਘ ਨਾਮਧਾਰੀ ਵਾਸੀ ਪਿੰਡ ਵਾਂ ਦੀਆਂ ਸ਼ਾਹੀਵਾਲ ਵੱਛੀਆਂ ਨੂੰ ਕ੍ਰਮਵਾਰ ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਹੋਇਆ। ਹਰਜਿੰਦਰ ਸਿੰਘ ਵਾਸੀ ਪੰਡੋਰੀ ਹੱਸਣ ਦੀ ਸ਼ਾਹੀਵਾਲ ਗਾਂ ਨੂੰ ਤੀਜਾ ਇਨਾਮ ਅਤੇ ਰਵਿੰਦਰ ਸਿੰਘ 'ਤੇ ਗੁਰਬੀਰ ਸਿੰਘ ਵਾਸੀ ਚੀਮਾ ਦੀ ਨੀਲੀ ਰਾਵੀ ਮੱਝ ਨੂੰ ਵੀ ਦੂਜਾ ਇਨਾਮ ਦਿੱਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਗ ਜ਼ਿਲਾ ਤਰਨ ਤਾਰਨ ਪਵਨ ਕੁਮਾਰ ਮਲਹੋਤਰਾ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ 'ਤੇ ਦੱਸਿਆ ਕਿ ਇਸ ਪਸ਼ੂ ਧਨ ਚੈਂਪੀਅਨਸ਼ਿਪ ਮੇਲੇ 'ਚ 55 ਵਰਗਾਂ ਦੇ ਜੇਤੂ ਪਸ਼ੂ ਪਾਲਕਾਂ ਨੂੰ 7 ਲੱਖ ਰੁਪਏ ਦੇ ਇਨਾਮ ਤਕਸ਼ੀਮ ਕੀਤੇ ਗਏ ਹਨ। ਉਨ੍ਹਾਂ ਨੇ ਪਸ਼ੂ ਪਾਲਕਾਂ ਅਤੇ ਫਾਰਮਰਾਂ ਨੂੰ ਵਧੀਆ ਨਸ਼ਲਾਂ ਦੇ ਪਸ਼ੂ ਪਾਲਣ ਦੀ ਸਲਾਹ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਧੀਆ ਨਸ਼ਲੀ ਗਾਂਵਾਂ, ਘੋੜੇ, ਕੁੱਤਿਆਂ ਅਤੇ ਮੱਝਾਂ ਆਦਿ ਨੂੰ ਅਜਿਹੇ ਮੇਲਿਆਂ 'ਚ ਆਕਸ਼ਿਤ ਇਨਾਮ ਦੇ ਕੇ ਪਾਲਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵਿਧਾਇਕ ਡਾ. ਅਗਨੀਹੋਤਰੀ ਅਤੇ ਹਰਮਿੰਦਰ ਸਿੰਘ ਗਿੱਲ ਵੱਲੋਂ ਮੇਲੇ 'ਚ ਲੱਗੀਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਵਿਧਾਇਕਾਂ ਨੇ ਨਸ਼ਲੀ ਪਸ਼ੂ ਪਾਲਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਕੋਲੋਂ ਪਸ਼ੂ ਪਾਲਣ ਧੰਦੇ ਸਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ ਗਈ। ਇਸ ਮੌਕੇ ਪੁੱਜੇ ਸਫਲ ਕਿਸਾਨਾਂ ਸਰਬਜੀਤ ਸਿੰਘ ਢਿੱਲੋਂ, ਮਨਜਿੰਦਰ ਸਿੰਘ ਵਿਰਕ, ਸੁਖਮਿੰਦਰ ਸਿੰਘ ਨਾਮਧਾਰੀ, ਪ੍ਰਤਾਪ ਸਿੰਘ ਬਘਿਆੜੀ, ਸੁਖਦੇਵ ਸਿੰਘ ਮੁਗਲਚੱਕ, ਸੁਰਜੀਤ ਸਿੰਘ ਵੀ.ਆਈ. ਨਿਰਮਲ ਸਿੰਘ ਵਾਂ, ਨਵਦੀਪ ਸਿੰਘ ਪੰਡੋਰੀ, ਸੁਮੇਰ ਸਿੰਘ, ਹਰਮਿੰਦਰ ਸਿੰਘ, ਜੈਪਾਲ ਸਿੰਘ, ਰਣਧੀਰ ਸਿੰਘ, ਬਲਗੇਰ ਸਿੰਘ ਬਘਿਆੜੀ, ਨਿਰਵੈਲ ਸਿੰਘ ਬਘਿਆੜੀ, ਸੁਰਜੀਤ ਸਿੰਘ ਚੀਮਾ, ਪਰਮਜੀਤ ਸਿੰਘ, ਹਰਬੀਰ ਸਿੰਘ ਅਤੇ ਸਰਦੂਲ ਸਿੰਘ ਸੁਰਸਿੰਘ ਨੇ ਜ਼ਿਲਾ ਪ੍ਰਸ਼ਾਸਨ 'ਤੇ ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸਲਾਘਾ ਕੀਤੀ। ਇਸ ਮੌਕੇ ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲੇ, ਬਾਬਾ ਭੋਲਾ ਸਿੰਘ, ਕਾਂਗਰਸ ਦੇ ਸੂਬਾ ਸਕੱਤਰ ਰਣਜੀਤ ਸਿੰਘ ਰਾਣਾ ਗੰਡੀਵਿੰਡ, ਸਰਪੰਚ ਮੋਨੂੰ ਚੀਮਾ, ਚੇਅਰਮੈਨ ਖਜਾਨ ਸਿੰਘ ਸਾਹਪੁਰ, ਪਰਮਵੀਰ ਸਿੰਘ ਤਰਨਤਾਰਨ, ਦਰਸ਼ਨ ਸਿੰਘ ਬਘਿਆੜੀ, ਬੰਟੀ ਸ਼ਰਮਾ, ਡਾ. ਹਰੀਸ਼ ਸ਼ਰਮਾ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਰਾਮ ਸਿੰਘ ਨਾਮਧਾਰੀ, ਜੱਗਾ ਸਵਰਗਾਪੁਰੀ, ਰਮਨ ਕੁਮਾਰ ਅੱਡਾ ਝਬਾਲ, ਹੈਪੀ ਲੱਠਾ ਝਬਾਲ ਆਦਿ ਤੋਂ ਇਲਾਵਾ ਡਾ. ਹਰਵਿੰਦਰ ਸਿੰਘ ਸੰਧੂ, ਡਾ. ਤੇਜਬੀਰ ਸਿੰਘ ਸੰਧੂ, ਸੂਬਾ ਪ੍ਰਧਾਨ ਵੈਟਨਰੀ ਐਸੋਸੀਏਸ਼ਨ ਪੰਜਾਬ ਬਰਿੰਦਰਪਾਲ ਸਿੰਘ ਕੈਰੋਂ ਜ਼ਿਲਾ ਪ੍ਰਧਾਨ ਵੈਟਨਰੀ ਐਸੋਸੀਏਸ਼ਨ ਮਨਜੀਤ ਸਿੰਘ ਮੂਸੇ, ਡਾ. ਸੁਖਦੇਵ ਸਿੰਘ, ਮਨਜੀਤ ਸਿੰਘ ਮਰਹਾਣਾ, ਕਸ਼ਮੀਰ ਸਿੰਘ ਮਰਹਾਣਾ, ਸਾਹਬ ਸਿੰਘ ਸੁਰਸਿੰਘ, ਅਮਨਦੀਪ ਸਿੰਘ, ਦਲਜੀਤ ਸਿੰਘ, ਮੁਹਿੰਦਰ ਸਿੰਘ, ਰੁਪਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਡਾ. ਜੋਗਾ ਸਿੰਘ, ਡਾ. ਅਸ਼ਵਨੀ ਕੁਮਾਰ, ਡਾ. ਹਰਪ੍ਰੀਤ ਸਿੰਘ, ਡਾ. ਅਨੂਪ ਕੁਮਾਰ ਆਦਿ ਸਮੇਤ ਇਲਾਕੇ ਭਰ ਦੇ ਪਸ਼ੂ ਪਾਲਕ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਡਾ. ਹਰਵਿੰਦਰ ਸਿੰਘ ਸੰਧੂ ਅਤੇ ਡਾ. ਤੇਜਬੀਰ ਸਿੰਘ ਰੰਧਾਵਾ ਨੇ ਵਿਭਾਗ ਵੱਲੋਂ ਬਾਬਾ ਸੰਤੋਖ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਬੁੱਢਾ ਜੀ ਕਾਲਜ ਦੀ ਗਰਾਊਂਡ 'ਚ ਕਰਵਾਇਆ ਗਿਆ ਇਹ ਦੂਜਾ ਸਲਾਨਾ ਮੇਲਾ ਹੈ ਅਤੇ ਇਸ ਮੇਲੇ ਦੀ ਸਫ਼ਲਤਾ ਲਈ ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲੇ ਅਤੇ ਬਾਬਾ ਭੋਲਾ ਸਿੰਘ ਵੱਲੋਂ ਵੱਡਾ ਸਹਿਯੋਗ ਵਿਭਾਗ ਨੂੰ ਦਿੱਤਾ ਗਿਆ ਹੈ।
ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ
NEXT STORY