ਜਲੰਧਰ(ਰਵਿੰਦਰ ਸ਼ਰਮਾ)— ਸੂਬੇ ਵਿਚ ਸਰਕਾਰ ਬਦਲ ਗਈ ਪਰ ਬਦਲਿਆ ਕੁਝ ਵੀ ਨਹੀਂ। ਮਾਮਲਾ ਭਾਵੇਂ ਡਰੱਗ ਮਾਫੀਆ ਦਾ ਹੋਵੇ ਜਾਂ ਫਿਰ ਸੱਟਾ ਮਾਫੀਆ ਦਾ, ਖੁੱਲ੍ਹ ਕੇ ਖੇਡ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਵੀ ਚੱਲਦੀ ਸੀ ਅਤੇ ਹੁਣ ਕਾਂਗਰਸ ਦਾ ਰਾਜ ਆਉਣ ਤੋਂ ਬਾਅਦ ਵੀ ਨਸ਼ੇ ਦੇ ਸੱਟੇ ਦਾ ਵਪਾਰ ਉਸੇ ਤਰ੍ਹਾਂ ਚੱਲ ਰਿਹਾ ਹੈ। ਕਾਂਗਰਸ ਲਈ ਪ੍ਰੇਸ਼ਾਨੀ ਦਾ ਕਾਰਨ ਇਹ ਹੈ ਕਿ ਉਹ ਨਸ਼ੇ ਦੇ ਸੱਟੇ ਦੇ ਖਿਲਾਫ ਆਵਾਜ਼ ਉਠਾ ਕੇ ਹੀ ਸੱਤਾ ਵਿਚ ਆਈ ਹੈ। ਹੁਣ ਜੇਕਰ ਇਹ ਗੰਦੀ ਖੇਡ ਇੰਝ ਹੀ ਚੱਲਦੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਜਨਤਾ ਦਾ ਗੁੱਸਾ ਕਾਂਗਰਸ ਦੇ ਖਿਲਾਫ ਫੁਟ ਸਕਦਾ ਹੈ।
ਸੱਤਾ ਵਿਚ ਆਉਂਦਿਆਂ ਹੀ ਸ਼ਹਿਰ ਦੇ ਚਾਰੇ ਵਿਧਾਇਕ ਪਰਗਟ ਸਿੰਘ, ਸੁਸ਼ੀਲ ਰਿੰਕੂ, ਬਾਵਾ ਹੈਨਰੀ ਅਤੇ ਰਾਜਿੰਦਰ ਬੇਰੀ ਨੇ ਨਸ਼ਿਆਂ ਖਿਲਾਫ ਜ਼ਬਰਦਸਤ ਮੁਹਿੰਮ ਚਲਾਈ ਸੀ। ਵਿਧਾਇਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਨਸ਼ਾ ਨਹੀਂ ਵਿਕਣ ਦੇਣਗੇ। ਕਾਂਗਰਸ ਦੇ ਸੱਤਾ ਵਿਚ ਆਉਂਦਿਆਂ ਹੀ ਪੁਲਸ ਵੀ ਐਕਟਿਵ ਨਜ਼ਰ ਆਈ ਅਤੇ ਨਸ਼ਾ ਸਮੱਗਲਰ ਤੇ ਸੱਟਾ ਮਾਫੀਆ ਨੂੰ ਕਾਬੂ ਕਰਕੇ ਜੇਲਾਂ ਵਿਚ ਡੱਕਿਆ ਗਿਆ ਪਰ ਸਮੇਂ ਦੇ ਨਾਲ-ਨਾਲ ਨਸ਼ੇ ਦਾ ਵਪਾਰ ਫਿਰ ਤੋਂ ਆਪਣਾ ਰੰਗ ਦਿਖਾਉਣ ਲੱਗਾ ਹੈ। ਨਸ਼ੇ ਦੇ ਨਾਲ-ਨਾਲ ਸੱਟਾ ਮਾਫੀਆ ਨੇ ਵੀ ਪੂਰੇ ਸ਼ਹਿਰ ਨੂੰ ਆਪਣੇ ਲਪੇਟੇ ਵਿਚ ਲਿਆ ਹੋਇਆ ਹੈ। ਸ਼ਹਿਰ ਦਾ ਅਜਿਹਾ ਕੋਈ ਇਲਾਕਾ ਨਹੀਂ, ਜਿੱਥੇ ਸੱਟੇ ਦਾ ਕੰਮ ਨਹੀਂ ਹੁੰਦਾ। ਸਰਕਾਰੀ ਲਾਟਰੀ ਦੀ ਆੜ ਵਿਚ ਸੱਟੇ ਦੀ ਖੇਡ ਖੇਡੀ ਜਾ ਰਹੀ ਹੈ। ਕਈ ਦੁਕਾਨਾਂ 'ਤੇ ਤਾਂ ਕੰਪਿਊਟਰ ਤੱਕ ਨਹੀਂ ਲੱਗੇ ਤੇ ਸਿਰਫ ਦੜੇ ਸੱਟੇ ਦੀ ਪਰਚੀ ਲਾਈ ਜਾਂਦੀ ਹੈ। ਹਜ਼ਾਰਾਂ ਘਰ ਸੱਟੇ ਦੀ ਖੇਡ ਵਿਚ ਬਰਬਾਦ ਹੋ ਚੁੱਕੇ ਹਨ ਪਰ ਪੁਲਸ ਦਾ ਜ਼ਮੀਰ ਨਹੀਂ ਜਾਗ ਰਿਹਾ। ਪੁਲਸ ਕਦੇ ਕਦਾਈਂ ਹੀ ਜਾਗਦੀ ਹੈ ਤੇ ਪਿਕ ਐਂਡ ਚੂਜ਼ ਦੀ ਪਾਲਿਸੀ 'ਤੇ ਕੰਮ ਕਰਦੀ ਹੈ। ਆਪਣੀ ਮਰਜ਼ੀ ਨਾਲ ਕਿਸੇ ਨੂੰ ਚੁੱਕ ਲਿਆ ਤੇ ਮਰਜ਼ੀ ਨਾਲ ਕਿਸੇ ਵੀ ਨੂੰ ਛੱਡ ਦਿੱਤਾ ਜਾਂਦਾ ਹੈ।
ਪੁਲਸ ਦੀ ਗੱਲ ਕਰੀਏ ਤਾਂ ਉਹ ਸਾਫ ਤੌਰ 'ਤੇ ਕਹਿੰਦੀ ਹੈ ਕਿ ਸਿਆਸੀ ਸਰਪ੍ਰਸਤੀ ਹੇਠ ਸਭ ਖੇਡ ਚੱਲ ਰਹੀ ਹੈ, ਅਸੀਂ ਕੁਝ ਨਹੀਂ ਕਰ ਸਕਦੇ। ਉਥੇ ਵਿਧਾਇਕਾਂ ਦਾ ਕਹਿਣਾ ਹੈ ਕਿ ਸੱਟੇਬਾਜ਼ਾਂ ਦੀ ਖੇਡ ਖਤਮ ਕਰਨਾ ਪੁਲਸ ਦਾ ਕੰਮ ਹੈ ਅਤੇ ਪੁਲਸ 'ਤੇ ਕੋਈ ਸਿਆਸੀ ਦਬਾਅ ਨਹੀਂ ਹੈ। ਸੱਟੇਬਾਜ਼ਾਂ ਦੀ ਖੇਡ ਖਤਮ ਕਰਨ ਲਈ ਹੁਣ ਚਾਰੇ ਵਿਧਾਇਕਾਂ ਨੇ ਅੱਗੇ ਆਉਣ ਦਾ ਤਹੱਈਆ ਕੀਤਾ ਹੈ। ਵਿਧਾਇਕਾਂ ਦਾ ਕਹਿਣਾ ਹੈ ਕਿ ਜਨਤਾ ਨੇ ਉਨ੍ਹਾਂ ਨੂੰ ਜਿਤਾ ਕੇ ਭੇਜਿਆ ਹੈ ਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਇਲਾਕੇ ਵਿਚ ਡਰੱਗ ਮਾਫੀਆ ਤੇ ਸੱਟਾ ਮਾਫੀਆ ਦਾ ਸਫਾਇਆ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਪੁਲਸ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਸ਼ਹਿਰ ਵਿਚ ਸੱਟੇ ਦੀ ਖੇਡ ਨਾ ਖੇਡੀ ਜਾਵੇ। ਜੇਕਰ ਪੁਲਸ ਨੇ ਇਸ ਧੰਦੇ ਨੂੰ ਬੰਦ ਕਰਵਾਉਣ ਵਿਚ ਸਾਥ ਨਾ ਦਿੱਤਾ ਤਾਂ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇਗੀ।
ਕਿੱਥੇ-ਕਿੱਥੇ ਚੱਲਦੈ ਸੱਟਾ
| ਹਲਕਾ |
ਏਰੀਆ |
| ਜਲੰਧਰ ਨਾਰਥ |
ਢੰਨ ਮੁਹੱਲਾ, ਕਿਸ਼ਨਪੁਰਾ, ਪਠਾਨਕੋਟ ਬਾਈਪਾਸ |
| ਜਲੰਧਰ ਵੈਸਟ |
ਬਸਤੀਆਂ ਇਲਾਕਾ |
| ਜਲੰਧਰ ਕੈਂਟ |
ਮਿੱਠਾਪੁਰ ਚੌਕ, ਮਿੱਠਾਪੁਰ ਰੋਡ ਤੇ ਆਲੇ-ਦੁਆਲੇ ਦਾ ਇਲਾਕਾ |
| ਜਲੰਧਰ ਸੈਂਟਰਲ |
ਰਾਮਾ ਮੰਡੀ, ਕਾਜ਼ੀ ਮੰਡੀ ਤੇ ਆਲੇ-ਦੁਆਲੇ ਦਾ ਇਲਾਕਾ |
ਪਰਾਲੀ ਸਾੜਨ ਦੇ ਮਾਮਲੇ 'ਤੇ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ, ਦਿੱਤਾ 10 ਦਿਨਾਂ ਦਾ ਸਮਾਂ
NEXT STORY