ਮੋਗਾ, (ਸੰਦੀਪ)- ਮੋਗਾ-ਕੋਟਕਪੂਰਾ ਹਾਈਵੇ 'ਤੇ ਸਥਿਤ ਪਿੰਡ ਸਿੰਘਾਂਵਾਲਾ ਵਿਖੇ ਬੁੱਧਵਾਰ ਨੂੰ ਬੇਕਾਬੂ ਪੀ. ਆਰ. ਟੀ. ਸੀ. ਦੀ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਕ 6 ਸਾਲਾ ਬੱਚਾ ਅਤੇ ਇਕ ਹੋਰ ਪਿੰਡ ਵਾਸੀ ਔਰਤ ਵੀ ਗੰਭੀਰ ਜ਼ਖ਼ਮੀ ਹੋ ਗਈ ਸੀ, ਜਿਸ ਨੂੰ ਡਾਕਟਰਾਂ ਵੱਲੋਂ ਉਸਦੀ ਗੰਭੀਰ ਹਾਲਤ ਵੇਖਦੇ ਹੋਏ ਚੰਡੀਗੜ੍ਹ ਦੇ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ। ਇਸ ਮੰਦਭਾਗੀ ਘਟਨਾ 'ਚ ਗੰਭੀਰ ਜ਼ਖ਼ਮੀ ਪਿੰਡ ਸਿੰਘਾਂਵਾਲਾ ਨਿਵਾਸੀ ਔਰਤ ਕਿਰਨਦੀਪ ਕੌਰ ਦੀ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਬੁੱਧਵਾਰ ਨੂੰ ਦੇਰ ਸ਼ਾਮ ਮੌਤ ਹੋ ਗਈ ਸੀ, ਜਿਸਦੀ ਮ੍ਰਿਤਕ ਦੇਹ ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਪਿੰਡ ਲਿਆਂਦੀ ਗਈ।
ਜ਼ਿਲਾ ਪ੍ਰਸ਼ਾਸਨ ਦੇ ਮੁਆਵਜ਼ੇ ਪੱਖੋਂ ਨਜ਼ਰਅੰਦਾਜ਼ੀ ਦੇ ਰਵੱਈਏ ਦੇ ਰੋਸ ਵਜੋਂ ਦੁਪਹਿਰ 2.30 ਤੋਂ 3 ਵਜੇ ਦੇ ਵਿਚਾਲੇ ਮ੍ਰਿਤਕਾ ਦੀ ਲਾਸ਼ ਨੂੰ ਹਾਈਵੇ 'ਤੇ ਰੱਖ ਕੇ ਜਾਮ ਲਾਇਆ ਗਿਆ ਅਤੇ ਸੁਰੱਖਿਆ ਲਈ ਮੌਕੇ 'ਤੇ ਪੁੱਜੇ ਪੁਲਸ ਦੇ ਉੱਚ ਅਧਿਕਾਰੀਆਂ ਦੇ ਸਮਝਾਉਣ ਦੇ ਬਾਵਜੂਦ ਵੀ ਧਰਨਾਕਾਰੀ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਘੋਸ਼ਣਾ ਹੋਣ ਤੱਕ ਜਾਮ ਨਾ ਹਟਾਉਣ ਦੀ ਜ਼ਿੱਦ 'ਤੇ ਅੜੇ ਰਹੇ।
ਧਰਨਾ ਸਥਾਨ 'ਤੇ ਸੁਰੱਖਿਆ ਪ੍ਰਬੰਧਾਂ ਲਈ ਭਾਰੀ ਪੁਲਸ ਸਮੇਤ ਪੁੱਜੇ ਉੱਚ ਪੁਲਸ ਅਧਿਕਾਰੀ
ਇਸ ਮੌਕੇ ਡੀ. ਐੱਸ. ਪੀ. ਕੇਸਰ ਸਿੰਘ ਸਿਟੀ ਮੋਗਾ, ਡੀ. ਐੱਸ. ਪੀ. ਸਰਬਜੀਤ ਸਿੰਘ ਬਾਹੀਆ ਇਨਵੈਸਟੀਗੇਸ਼ਨ, ਥਾਣਾ ਚੜਿੱਕ ਦੇ ਸਬ-ਇੰਸਪੈਕਟਰ ਜਸਵਿੰਦਰ ਸਿੰਘ, ਸਪੈਸ਼ਲ ਬ੍ਰਾਂਚ ਦੇ ਐੱਸ. ਐੱਚ. ਓ. ਕਿੱਕਰ ਸਿੰਘ, ਨਾਰਕੋਟਿਕ ਸੈੱਲ ਦੇ ਐੱਸ. ਐੱਚ. ਓ. ਰਮੇਸ਼ਪਾਲ ਸਿੰਘ, ਥਾਣਾ ਮਹਿਣਾ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਲਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਆ ਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਏ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਮ੍ਰਿਤਕਾਂ ਦੇ ਪਰਿਵਾਰਾਂ ਲਈ 5 ਲੱਖ ਤੇ ਸਰਕਾਰੀ ਨੌਕਰੀ ਅਤੇ ਜ਼ਖ਼ਮੀਆਂ ਦੇ ਇਲਾਜ ਦੀ ਕੀਤੀ ਮੰਗ
ਪੀੜਤ ਪਰਿਵਾਰਾਂ ਦੇ ਮੈਂਬਰਾਂ ਅਤੇ ਸਮੂਹ ਪਿੰਡ ਵਾਸੀਆਂ ਨੇ ਇਸ ਵੱਡੀ ਘਟਨਾ ਦੇ ਵਾਪਰਨ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਜਾਂ ਹਸਪਤਾਲ ਵਿਖੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪੁੱਜਣ ਦਾ ਰੋਸ ਜਤਾਉਂਦੇ ਹੋਏ ਲਾਏ ਜਾਮ ਨੂੰ ਵਾਜਬ ਮੁਆਵਜ਼ੇ ਦਾ ਐਲਾਨ ਕਰਨ 'ਤੇ ਹੀ ਖੋਲ੍ਹਣ ਦੀ ਗੱਲ ਕਹੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸਿੰਘਾਂਵਾਲਾ ਦੀ ਅਗਵਾਈ 'ਚ ਤਕਰੀਬਨ 4 ਘੰਟੇ ਜਾਮ ਲਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪੁੱਛ-ਪੜਤਾਲ ਲਈ ਕੋਈ ਵੀ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਅਤੇ ਪਰਿਵਾਰਾਂ ਲਈ ਮੁਆਵਜ਼ਾ ਤਾਂ ਦੂਰ, ਹਮਦਰਦੀ ਵੀ ਨਹੀਂ ਜਤਾਈ।
ਐੱਸ. ਡੀ. ਐੱਮ. ਦੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ
ਸਮੇਂ ਅਤੇ ਹਾਲਾਤ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਸੁਖਪ੍ਰੀਤ ਸਿੰਘ ਸਿੱਧੂ ਧਰਨੇ ਵਾਲੀ ਜਗ੍ਹਾ ਪੁੱਜੇ ਅਤੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਉਹ ਇਸ ਦੀ ਰਿਪੋਰਟ ਚੰਡੀਗੜ੍ਹ ਪੰਜਾਬ ਸਰਕਾਰ ਨੂੰ ਜਲਦ ਹੀ ਭੇਜ ਦੇਣਗੇ ਅਤੇ ਉਨ੍ਹਾਂ ਨੂੰ ਢੁੱਕਵੇਂ ਮੁਆਵਜ਼ੇ ਬਾਰੇ ਵੀ ਲਿਖ ਕੇ ਭੇਜ ਦਿੱਤਾ ਜਾਵੇਗਾ ਅਤੇ ਜੋ ਜ਼ਖ਼ਮੀ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ, ਉਨ੍ਹਾਂ ਨੂੰ ਵੀ ਇਲਾਜ ਲਈ ਵਿੱਤੀ ਮਦਦ ਦਿੱਤੀ ਜਾਵੇਗੀ। ਐੱਸ. ਡੀ. ਐੱਮ. ਸੁਖਪ੍ਰੀਤ ਸਿੰਘ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਚੁੱਕ ਦਿੱਤਾ।
ਲੋਕਾਂ ਨੂੰ ਹੋਣਾ ਪਿਆ ਖੱਜਲ-ਖੁਆਰ
ਜਾਮ ਦੌਰਾਨ ਜਿਥੇ ਪਿੰਡ ਸਿੰਘਾਂਵਾਲਾ ਨੂੰ ਆਉਣ ਵਾਲੇ ਰਸਤੇ ਨੂੰ ਦੋਹਾਂ ਪਾਸਿਆਂ ਤੋਂ ਰੋਕ ਕੇ ਰੱਖਿਆ ਗਿਆ, ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਅਤੇ ਰਾਹਗੀਰਾਂ ਵਿਚਾਲੇ ਇਸ ਨੂੰ ਲੈ ਕੇ ਝੜਪ ਹੋਣ ਦਾ ਖਤਰਾ ਵੇਖਦੇ ਹੋਏ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਜਾਮ ਨਾਲ ਲੋਕਾਂ ਨੂੰ ਵੀ ਕਾਫੀ ਖੱਜਲ-ਖੁਆਰ ਹੋਣਾ ਪਿਆ।
ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਵੱਲੋਂ ਟਾਵਰ ਕੰਪਨੀ ਬਣਾਉਣ ਦਾ ਵਿਰੋਧ
NEXT STORY