ਜਲੰਧਰ (ਵਿਸ਼ੇਸ਼)–ਆਨਲਾਈਨ ਬੈਟਿੰਗ ਐਪ ਮਹਾਦੇਵ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਮਾਮਲੇ ਦੀ ਜਾਂਚ ਕਰ ਰਹੀਆਂ ਕੇਂਦਰੀ ਏਜੰਸੀਆਂ ਵੱਲੋਂ ਇਸ ਮਾਮਲੇ ’ਚ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਜਾ ਰਹੇ ਹਨ। ਇਸ ਵਿਚ ਇਕ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ, ਜਿਸ ਦੇ ਅਨੁਸਾਰ ਮਹਾਦੇਵ ਐਪ ਨਾਲ ਸਬੰਧਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ 388 ਕਰੋੜ ਰੁਪਏ ਦੀਆਂ ਵਾਧੂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਈ. ਡੀ. ਮੁਤਾਬਕ ਇਸ ਮਾਮਲੇ ’ਚ ਛੱਤੀਸਗੜ੍ਹ ਦੇ ਕਈ ਉੱਚ ਅਹੁਦਿਆਂ ਵਾਲੇ ਆਗੂਆਂ ਤੇ ਨੌਕਰਸ਼ਾਹਾਂ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ। ਈ. ਡੀ. ਵੱਲੋਂ ਇਸ ਮਾਮਲੇ ’ਚ ਹੁਣ ਤਕ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਅਦਾਲਤ ਵਿਚ 4 ਦੋਸ਼-ਪੱਤਰ ਦਾਖਲ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮ ਦੇ ਹਮਲਾ
ਕੁਰਕ ਕੀਤੀਆਂ ਗਈਆਂ ਜਾਇਦਾਦਾਂ ’ਚ ਮਾਰੀਸ਼ਸ ਦੀ ਕੰਪਨੀ ਵੀ ਸ਼ਾਮਲ
ਈ. ਡੀ. ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਉਸ ਦੇ ਅਨੁਸਾਰ ਉਕਤ ਰਕਮ ਵਿਚ ਚੱਲ ਜਾਇਦਾਦਾਂ ਸ਼ਾਮਲ ਹਨ। ਇਨ੍ਹਾਂ ਚੱਲ ਜਾਇਦਾਦਾਂ ਵਿਚ ਮਾਰੀਸ਼ਸ ’ਚ ਸਥਿਤ ਤਾਨੋ ਇਨਵੈਸਟਮੈਂਟ ਫੰਡ ਦੀ ਚੱਲ ਜਾਇਦਾਦ ਵੀ ਸ਼ਾਮਲ ਹੈ। ਇਹ ਕੰਪਨੀ ਹਰੀ ਸ਼ੰਕਰ ਟਿਬਰੇਵਾਲ ਦੀ ਹੈ, ਜਿਸ ਵਿਚ ਟਿਬਰੇਵਾਲ ਨੇ ਐੱਫ. ਪੀ. ਆਈ. ਤੇ ਐੱਫ. ਡੀ. ਆਈ. ਦੇ ਮਾਧਿਅਮ ਰਾਹੀਂ ਨਿਵੇਸ਼ ਕੀਤਾ ਹੈ। ਇਨ੍ਹਾਂ ਕੰਪਨੀਆਂ ਦਾ ਨਿਵੇਸ਼ ਛੱਤੀਸਗੜ੍ਹ, ਮੁੰਬਈ ਤੇ ਮੱਧ ਪ੍ਰਦੇਸ਼ ਵਿਚ ਕਈ ਜਗ੍ਹਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੱਟੇਬਾਜ਼ੀ ਐਪ, ਵੈੱਬਸਾਈਟ ਤੇ ਪੈਨਲ ਆਪ੍ਰੇਟਰਾਂ ਦੇ ਸਹਿਯੋਗੀਆਂ ਦੇ ਨਾਂ ’ਤੇ ਵੀ ਜਾਇਦਾਦਾਂ ਮਿਲੀਆਂ ਹਨ। ਈ. ਡੀ. ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਲਈ 5 ਦਸੰਬਰ ਨੂੰ ਮਨੀ ਲਾਂਡ੍ਰਿੰਗ ਰੋਕਥਾਮ ਕਾਨੂੰਨ ਤਹਿਤ ਆਰਡਰ ਜਾਰੀ ਕੀਤਾ ਗਿਆ ਹੈ, ਜਿਸ ਦੀ ਕੁਲ ਵੈਲਿਊ ਲੱਗਭਗ 388 ਕਰੋੜ ਰੁਪਏ ਹੈ।
2295 ਕਰੋੜ ਰੁਪਏ ਦੀ ਜਾਇਦਾਦ ਹੁਣ ਤਕ ਹੋ ਚੁੱਕੀ ਹੈ ਕੁਰਕ
ਈ. ਡੀ. ਵੱਲੋਂ ਇਸ ਮਾਮਲੇ ’ਚ ਟਿਬਰੇਵਾਲ ਏਜੰਸੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਦੇਵ ਐਪ ਘਪਲਾ ਲੱਗਭਗ 15,000 ਕਰੋੜ ਰੁਪਏ ਦਾ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਉਕਤ 388 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਦੇ ਨਾਲ ਹੀ ਇਸ ਮਾਮਲੇ ’ਚ ਹੁਣ ਤਕ ਕੁਰਕ ਕੀਤੀ ਗਈ ਕੁਲ ਜਾਇਦਾਦ ਦੀ ਵੈਲਿਊ 2295 ਕਰੋੜ ਰੁਪਏ ਹੋ ਗਈ ਹੈ ਅਤੇ ਇਸ ਮਾਮਲੇ ’ਚ ਅਜੇ ਹੋਰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਇਸ ਵਿਚ 19.36 ਕਰੋੜ ਰੁਪਏ ਦੀ ਨਕਦ ਰਕਮ, 16.68 ਕਰੋੜ ਰੁਪਏ ਦਾ ਸਾਮਾਨ ਅਤੇ ਬੈਂਕ ਬੈਲੇਂਸ ਤੇ ਸਕਿਓਰਟੀਜ਼ ਸਮੇਤ ਕੁਲ 1,729 ਕਰੋੜ ਰੁਪਏ ਦੀ ਚੱਲ ਜਾਇਦਾਦ ਸ਼ਾਮਲ ਹੈ।
ਇਹ ਵੀ ਪੜ੍ਹੋ- ਪੁਲਸ ਦਾ ਨਾਕਾ ਦੇਖ ਪੁਲਸ ਮੁਲਾਜ਼ਮ ਨੇ ਹੀ ਭਜਾ ਲਈ ਸਕਾਰਪੀਓ, ਹੈਰਾਨ ਕਰੇਗਾ ਇਹ ਮਾਮਲਾ
2 ਨੰਬਰ ਦਾ ਪੈਸਾ ਸ਼ੇਅਰਾਂ ’ਚ ਹੋ ਰਿਹੈ ਨਿਵੇਸ਼
ਈ. ਡੀ. ਨੇ ਮਹਾਦੇਵ ਐਪ ਨਾਲ ਜੁੜੇ ਸ਼ੇਅਰ ਬ੍ਰੋਕਰ ਗੌਰਵ ਕੇਡੀਆ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਈ. ਡੀ. ਨੇ ਅਦਾਲਤ ਪਾਸੋਂ ਕੇਡੀਆ ਦਾ 5 ਦਿਨ ਦਾ ਰਿਮਾਂਡ ਲੈ ਲਿਆ ਹੈ। ਈ. ਡੀ. ਨੂੰ ਜਾਣਕਾਰੀ ਮਿਲੀ ਸੀ ਕਿ ਮਹਾਦੇਵ ਸੱਟਾ ਕਾਰੋਬਾਰ ਦੇ ਪ੍ਰਮੋਟਰ ਆਪਣੀ ਰਕਮ ਨੂੰ ਵ੍ਹਾਈਟ ਕਰਨ ਲਈ ਸ਼ੇਅਰ ਟਰੇਡਿੰਗ ਦਾ ਕੰਮ ਕਰ ਰਹੇ ਹਨ, ਜਿਸ ਵਿਚ ਗੌਰਵ ਕੇਡੀਆ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਸ਼ਾਮਲ ਨਿਤਿਨ ਟਿਬਰੇਵਾਲ ਦਾ ਗੌਰਵ ਕੇਡੀਆ ਨਾਲ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਪੰਜਾਬ ਨਾਲ ਜੁੜੇ ਹਨ ਮਹਾਦੇਵ ਐਪ ਘਪਲੇ ਦੇ ਤਾਰ
ਬਹੁਕਰੋੜੀ ਮਹਾਦੇਵ ਐਪ ਘਪਲੇ ’ਚ ਮੁੱਖ ਤੌਰ ’ਤੇ ਛੱਤੀਸਗੜ੍ਹ ਦਾ ਨਾਂ ਸਾਹਮਣੇ ਆਇਆ ਸੀ ਪਰ ਇਸ ਘਪਲੇ ਦੇ ਤਾਰ ਪੰਜਾਬ ਨਾਲ ਵੀ ਜੁੜੇ ਹਨ। ਜਲੰਧਰ ਤੇ ਲੁਧਿਆਣਾ ਨਾਲ ਸਬੰਧਤ ਕੁਝ ਲੋਕ ਘਪਲੇ ਵਿਚ ਸ਼ਾਮਲ ਦੱਸੇ ਜਾ ਰਹੇ ਹਨ, ਜਿਨ੍ਹਾਂ ਵੱਲੋਂ 2 ਨੰਬਰ ਦੇ ਪੈਸੇ ਨੂੰ 1 ਨੰਬਰ ’ਚ ਬਦਲਣ ਲਈ ਰੀਅਲ ਅਸਟੇਟ ਕਾਰੋਬਾਰ ਦੀ ਵੀ ਮਦਦ ਲਈ ਜਾ ਰਹੀ ਹੈ ਅਤੇ ਸਰਕਾਰ ਨੂੰ ਮੋਟਾ ਚੂਨਾ ਲਾਇਆ ਜਾ ਰਿਹਾ ਹੈ। ਇਹ ਸਾਰੇ ਲੋਕ ਪਹਿਲਾਂ ਹੀ ਈ. ਡੀ. ਦੀ ਰਾਡਾਰ ’ਤੇ ਹਨ। ਇਨ੍ਹਾਂ ਵਿਚੋਂ ਕੁਝ ’ਤੇ ਪਿਛਲੇ ਦਿਨੀਂ ਈ. ਡੀ. ਦੀ ਰੇਡ ਵੀ ਪਈ ਸੀ, ਬੇਸ਼ੱਕ ਇਹ ਰੇਡ ਪੁਰਾਣੇ ਕਿਸੇ ਹੋਰ ਮਾਮਲੇ ਨਾਲ ਜੁੜੀ ਹੋਈ ਸੀ ਪਰ ਮਹਾਦੇਵ ਐਪ ਮਾਮਲੇ ’ਚ ਵੀ ਪੰਜਾਬ ਨਾਲ ਜੁੜੇ ਇਨ੍ਹਾਂ ਲੋਕਾਂ ਨੂੰ ਈ. ਡੀ. ਦੇ ਸਵਾਲਾਂ ਦੇ ਜਵਾਬ ਦੇਣੇ ਪੈ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਚ ਵੱਡੀ ਭਰਤੀ ਸ਼ੁਰੂ ਕਰਨ ਦਾ ਐਲਾਨ, ਭਰੀਆਂ ਜਾਣਗੀਆਂ 1754 ਅਸਾਮੀਆਂ
NEXT STORY