ਭਾਦਸੋਂ(ਅਵਤਾਰ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਬਿੱਟੂ ਨੇ ਭਾਦਸੋਂ ਸ਼ਹਿਰ ’ਚ ਚਿੱਟੇ ਦੀ ਵਿਕਰੀ ’ਤੇ ਸਟਿੰਗ ਆਪ੍ਰੇਸ਼ਨ ਕਰ ਕੇ ਪੰਜਾਬ ਸਰਕਾਰ ਦੇ ਨਸ਼ੇ ਦੀ ਰੋਕਥਾਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਕ ਪ੍ਰੈੱਸ ਕਾਨਫਰੰਸ ਰਾਹੀਂ ਬਰਿੰਦਰ ਬਿੱਟੂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰਨ ਵਾਲੀ ਮੌਜੂਦਾ ਕੈਪਟਨ ਸਰਕਾਰ ਅਤੇ ਇਸ ਤੋਂ ਪਿਛਲੀ ਅਕਾਲੀ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਦੇ ਹੋਏ ਜ਼ੋਰਾਂ-ਸ਼ੋਰਾਂ ਨਾਲ ਨਸ਼ਾ ਵਿਕਣ ਦੇ ਇਸ ਸਟਿੰਗ ਆਪ੍ਰੇਸ਼ਨ ਦੀ ਵੀਡੀਓ ਰਿਲੀਜ਼ ਕੀਤੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ‘ਆਪ’ ਆਗੂ ਬਰਿੰਦਰ ਬਿੱਟੂ ਨੇ ਦੱਸਿਆ ਕਿ ਰਾਜਨੀਤਕ ਪੁਸ਼ਤ-ਪਨਾਹੀ ਸਦਕਾ ਸ਼ਹਿਰ ਦੀ ਅਨਾਜ ਮੰਡੀ ਦੇ ਨੇੜੇ ਸੈਂਸੀ ਬਿਰਾਦਰੀ ਨਾਲ ਸਬੰਧਤ ਇਕ ਪਰਿਵਾਰ ਵੱਲੋਂ ਸ਼ਰੇਆਮ ਚਿੱਟਾ ਵੇਚੇ ਜਾਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ, ਜਿਸ ਕਰ ਕੇ ਉਨ੍ਹਾਂ ਦੀ ਟੀਮ ਵੱਲੋਂ ਕਥਿਤ ਨਸ਼ਾ ਵਿਕਰੇਤਾ ਪਰਿਵਾਰ ਦੇ ਘਰ ਅੱਗੇ ਖੂਫੀਆ ਕੈਮਰੇ ਲਾ ਕੇ ਸ਼ਰੇਆਮ ਨਸ਼ਾ ਵੇਚੇ ਜਾਣ ਦੇ ਦ੍ਰਿਸ਼ਾਂ ਨੂੰ ਕੈਮਰੇ ’ਚ ਕੈਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸਿੰਘੂ ਬਾਰਡਰ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ, ਦੇਖੋ ਖ਼ੌਫ਼ਨਾਕ ਮੰਜ਼ਰ (ਵੀਡੀਓ)
ਦੁਪਹਿਰ 2 ਵਜੇ ਤੋਂ ਸ਼ਾਮ ਕਰੀਬ 6 ਵਜੇ ਤੱਕ ਕੀਤੇ ਇਸ ਸਟਿੰਗ ਆਪ੍ਰੇਸ਼ਨ ਦੀ ਵੀਡੀਓ ’ਚ 15 ਤੋਂ 25 ਸਾਲ ਦੇ ਚੰਗੇ ਘਰਾਂ ਦੇ ਜੰਮਪਲ ਦਿਖਾਈ ਦੇਣ ਵਾਲੇ 21 ਨੌਜਵਾਨ ਨਸ਼ਾ ਖਰੀਦ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਨਸ਼ਾ ਵੇਚਦੇ ਕਥਿਤ ਮੁਲਜ਼ਮ ਪਰਿਵਾਰ ਦੀਆਂ ਚਾਰ ਔਰਤਾਂ, 2 ਨੌਜਵਾਨ, ਦੋ ਅੱਲ੍ਹੜ ਉਮਰ ਦੀਆਂ ਕੁੜੀਆਂ ਅਤੇ 2 ਨਿੱਕੇ ਬੱਚੇ ਖਤਰੇ ਦੀ ਭਿਣਕ ਮਿਲਦੇ ਹੀ ਘਰ ਨੂੰ ਜਿੰਦੇ ਕੁੰਡੇ ਲਾ ਕੇ ਭੱਜਦੇ ਦਿਖਾਈ ਦੇ ਰਹੇ ਹਨ। ਹਲਕੇ ਨਾਲ ਸਬੰਧਤ ਕੈਬਨਿਟ ਮੰਤਰੀ ’ਤੇ ਨਸ਼ਾ ਕਾਰੋਬਾਰੀਆਂ ਨੂੰ ਸ਼ਹਿ ਦੇਣ ਦੇ ਗੰਭੀਰ ਦੋਸ਼ ਲਾਉਂਦਿਆਂ ਬਰਿੰਦਰ ਬਿੱਟੂ ਨੇ ਕਿਹਾ ਕਿ ਪੁਲਸ ਹਲਕਾ ਨਾਭਾ ’ਚ ਨਸ਼ਾ ਕਾਰੋਬਾਰੀਆਂ ’ਤੇ ਸਖਤ ਕਾਰਵਾਈ ਕਰਨਾ ਚਾਹੁੰਦੀ ਹੈ ਪਰ ਨਸ਼ਾ ਸਮੱਗਲਰਾਂ ਤੋਂ ਮਹੀਨਾ ਲੈ ਕੇ ਮੋਟੀ ਕਮਾਈ ਕਰਨ ਵਾਲੇ ਸਿਆਸੀ ਆਗੂ ਉਨ੍ਹਾਂ ਨੂੰ ਹਰ ਵਾਰ ਬਚਾ ਲੈਂਦੇ ਹਨ। ਬਰਿੰਦਰ ਬਿੱਟੂ ਨੇ ਕਿਹਾ ਕਿ ਅਜਿਹੇ ਰਾਜਨੀਤਕ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਨ੍ਹਾਂ ਦੇ ਹਲਕੇ ਅਤੇ ਜ਼ਿਲ੍ਹੇ ’ਚ ਸ਼ਰੇਆਮ ਚਿੱਟਾ ਵਿਕਦਾ ਹੋਵੇ।
ਇਹ ਵੀ ਪੜ੍ਹੋ- ਸਿਰਸਾ ਦੇ ਖ਼ਿਲਾਫ਼ ਲੁਕ-ਆਊਟ ਨੋਟਿਸ ਜਾਰੀ, ਵਿਦੇਸ਼ ਜਾਣ 'ਤੇ ਲੱਗੀ ਰੋਕ
ਮਾਮਲੇ ਸਬੰਧੀ ਕੀ ਕਹਿੰਦੇ ਹਨ ਥਾਣਾ ਮੁਖੀ
ਸ਼ਹਿਰ ’ਚ ਸ਼ਰੇਆਮ ਚਿੱਟਾ ਵੇਚੇ ਜਾਣ ਦੀ ਘਟਨਾ ਕੈਮਰਾਬੱਧ ਹੋਣ ਬਾਰੇ ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ ਨੇ ਕਿਹਾ ਕਿ ਚਿੱਟਾ ਵੇਚਣ ਵਾਲੇ ਕਥਿਤ ਪਰਿਵਾਰ ’ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਚਾਰ-ਪੰਜ ਪਰਚੇ ਹੋ ਚੁੱਕੇ ਹਨ ਪਰ ਨਸ਼ਾ ਬਰਾਮਦਗੀ ਦੀ ਮਾਤਰਾ ਦੇ ਆਧਾਰ ’ਤੇ ਉਨ੍ਹਾਂ ਦੀ ਹਰ ਵਾਰ ਥੋੜ੍ਹੇ ਸਮੇਂ ਬਾਅਦ ਜ਼ਮਾਨਤ ਹੋ ਜਾਂਦੀ ਹੈ, ਜਿਸ ਉਪਰੰਤ ਉਹ ਮੁੜ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਰਿੰਦਰ ਬਿੱਟੂ ਨੇ ਨਸ਼ਾ ਵਿਕਰੀ ਦੀ ਕੋਈ ਵੀਡੀਓ ਬਣਾਈ ਹੈ ਤਾਂ ਉਹ ਪੁਲਸ ਨੂੰ ਦੇਣ, ਉਸ ਵੀਡੀਓ ਦੇ ਆਧਾਰ ’ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਥਾਣਾ ਮੁਖੀ ਨੇ ਅਜਿਹੇ ਕਿਸੇ ਮਾਮਲੇ ’ਚ ਰਾਜਨੀਤਕ ਪ੍ਰੈਸ਼ਰ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਰਹਿੰਦਿਆਂ ਸ਼ਹਿਰ ’ਚ ਨਸ਼ਾ ਬਿਲਕੁਲ ਨਹੀਂ ਵਿਕਣ ਦਿੱਤਾ ਜਾਵੇਗਾ।
2 ਚਚੇਰੇ ਭਰਾਵਾਂ ਨਾਲ ਏਮਜ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ
NEXT STORY