ਬਠਿੰਡਾ, (ਜ. ਬ.)- ਬਠਿੰਡਾ ਪੁਲਸ ਨੇ ਇਕ ਅਜਿਹੇ ਗਿਰੋਹ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਜੋ ਗੁਰੂਗ੍ਰਾਮ ਤੋਂ ਟੈਕਸੀ ਕਿਰਾਏ ’ਤੇ ਲੈ ਕੇ ਰਸਤੇ ’ਚ ਡਰਾਈਵਰ ਦਾ ਕਤਲ ਕਰ ਕੇ ਗੱਡੀ ਲੈ ਕੇ ਭੱਜ ਜਾਂਦੇ ਸਨ। ਫਿਰ ਗੱਡੀ ਦਾ ਨੰਬਰ ਬਦਲ ਕੇ ਮੁਲਜ਼ਮ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਐੱਸ. ਐੱਸ. ਪੀ. ਬਠਿੰਡਾ ਨਾਨਕ ਸਿੰਘ ਤੇ ਐੱਸ. ਪੀ. ਡੀ. ਸਵਰਨ ਸਿੰਘ ਖੰਨਾ ਨੇ ਪ੍ਰੈੱਸ ਕਾਨਫਰੰਸ ਵਿਚ ਖੁਲਾਸਾ ਕਰਦਿਆਂ ਦੱਸਿਆ ਕਿ ਰਾਮਪੁਰਾ ਦੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ, ਥਾਣਾ ਮੁਖੀ ਗੁਰਪ੍ਰੀਤ ਕੌਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ। ਪੁਲਸ ਨੇ ਛਾਪੇਮਾਰੀ ਕਰ ਕੇ ਉਥੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ’ਚ ਗਗਨਦੀਪ ਸਿੰਘ ਪੁੱਤਰ ਗੋਰਾ ਸਿੰਘ, ਵਿਸ਼ਨੂੰ ਪੁੱਤਰ ਬਿੰਦਰ ਸਿੰਘ, ਬਲਕਾਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪੰਨੀਵਾਲਾ ਹਰਿਆਣਾ, ਸੁਖਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ, ਬਲਵੰਤ ਸਿੰਘ ਪੁੱਤਰ ਚਮਕੌਰ ਸਿੰਘ, ਕੁਲਵੰਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਬੁਰਜ ਗਿੱਲ, ਤੇਜਿੰਦਰ ਸਿੰਘ ਪੁੱਤਰ ਗੋਪਾਲ ਸ਼ਰਮਾ, ਸਾਹਿਲ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਰਾਮਪੁਰਾ ਮੰਡੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ 32 ਬੋਰ ਦਾ ਰਿਵਾਲਵਰ, 2 ਜ਼ਿੰਦਾ ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ। ਇਸ ਗਿਰੋਹ ਕੋਲੋਂ 2 ਕਾਰਾਂ ਵੀ ਬਰਾਮਦ ਕੀਤੀਆਂ ਜੋ ਉਨ੍ਹਾਂ ਨੇ ਡਰਾਈਵਰਾਂ ਦਾ ਕਤਲ ਕਰ ਕੇ ਖੋਹੀਅਾਂ ਸਨ।
ਐੱਸ. ਐੱਸ. ਪੀ. ਨਾਨਕ ਸਿੰਘ ਨੇ ਦੱਸਿਆ ਕਿ ਰਿਟਜ਼ ਤੇ ਸਵਿਫਟ ਡਿਜ਼ਾਇਰ ਕਾਰਾਂ ਫਰਜ਼ੀ ਨੰਬਰਾਂ ਸਮੇਤ ਬਰਾਮਦ ਕੀਤੀਅਾਂ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਰਿਟਜ਼ ਕਾਰ ਗੁਰੂਗ੍ਰਾਮ ਤੋਂ ਕਿਰਾਏ ’ਤੇ ਲਈ ਸੀ। ਉਸ ਦੇ ਡਰਾਈਵਰ ਬਿੱਟੂ ਪੁੱਤਰ ਸ਼ੰਕਰ ਗਰਗ ਵਾਸੀ ਰਿਵਾਡ਼ੀ ਦਾ ਕਤਲ ਕਰ ਕੇ ਮੌਜਗਡ਼੍ਹ ਰਾਜਸਥਾਨ ਕੋਲ ਸੁੱਟ ਦਿੱਤਾ ਸੀ, ਜਿਸ ਸਬੰਧੀ ਗੁਰੁੂਗ੍ਰਾਮ ਵਿਚ ਮਾਮਲਾ ਦਰਜ ਹੈ। ਇਸੇ ਤਰ੍ਹਾਂ ਸਵਿਫਟ ਡਿਜ਼ਾਇਰ ਕਾਰ ਵੀ ਕਿਰਾਏ ’ਤੇ ਲਈ ਅਤੇ ਉਸ ਦੇ ਚਾਲਕ ਨੂੰ ਕਾਲਿਆਂਵਾਲੀ ਕੋਲ ਮਾਰ ਕੇ ਸੁੱਟ ਦਿਤਾ ਸੀ ਪਰ ਉਥੋਂ ਦੇ ਸਥਾਨਕ ਲੋਕਾਂ ਨੇ ਉਸ ਨੂੰ ਬਚਾਅ ਲਿਆ। ਉਸ ਸਬੰਧੀ ਵੀ ਮਾਮਲਾ ਥਾਣਾ ਕਾਲਿਆਂਵਾਲੀ ਵਿਚ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ, ਜਿਸ ਵਿਚ ਥਾਣਾ ਸੰਗਤ ’ਚ ਨਸ਼ਾ ਸਮੱਗਲਿੰਗ ਤੇ ਥਾਣਾ ਸਿਵਲ ਲਾਈਨਜ਼ ਬਠਿੰਡਾ ਵਿਚ ਸ਼ਰਾਬ ਦੀ ਸਮੱਗਲਿੰਗ ਜਿਹੇ ਮਾਮਲੇ ਦਰਜ ਹਨ। ਇਹ ਗਿਰੋਹ ਦੇ ਮੈਂਬਰ ਅਕਸਰ ਪੈਟਰੋਲ ਪੰਪਾਂ ਤੋਂ ਹਥਿਆਰਾਂ ਦੀ ਨੋਕ ’ਤੇ ਤੇਲ ਪੁਆਉਂਦੇ ਸਨ ਅਤੇ ਫਰਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਮੰਗਿਆ ਜਾਵੇਗਾ, ਜਿਸ ਨਾਲ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਹੈ, ਜੋ 12ਵੀਂ ਤੋਂ ਲੈ ਕੇ ਬੀ. ਏ. ਤੱਕ ਪਡ਼੍ਹੇ ਹਨ।
ਵੋਲਟੇਜ ਵਧਣ ਕਾਰਨ ਬਿਜਲਈ ਉਪਕਰਨ ਸਡ਼ੇ, ਲੱਖਾਂ ਦਾ ਨੁਕਸਾਨ
NEXT STORY