ਚੰਡੀਗੜ੍ਹ, (ਜ.ਬ.)– ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਾ ਸਿਰਫ ਕੇਂਦਰ ਸਰਕਾਰ ਕਿਸਾਨੀ ਜਿਣਸਾਂ ਦੀ ਐੱਮ. ਐੱਸ. ਪੀ. ਅਨੁਸਾਰ ਯਕੀਨੀ ਸਰਕਾਰੀ ਖਰੀਦ ਦਾ ਭਰੋਸਾ ਦੇਣ ਤੋਂ ਇਨਕਾਰ ਕਰ ਰਹੀ ਹੈ ਬਲਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) ਨੂੰ ਖ਼ਤਮ ਕਰਨ ਵਲ ਵੱਧ ਰਹੀ ਹੈ।
ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਆਪਣੀ ਗੱਲ ਰੱਖਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ 2011 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤੇ ਮੁੱਖ ਮੰਤਰੀਆਂ ਦੀ ਵਰਕਿੰਗ ਕਮੇਟੀ ਦੇ ਚੇਅਰਮੈਨ ਸਨ, ਉਦੋਂ ਉਨ੍ਹਾਂ ਸਿਫਾਰਿਸ਼ ਕੀਤੀ ਸੀ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕਿਸਾਨਾਂ ਦੀ ਜਿਣਸ ਐੱਮ. ਐੱਸ. ਪੀ. ਤੋਂ ਘੱਟ ਰੇਟ ’ਤੇ ਖਰੀਦਣ ’ਤੇ ਪਾਬੰਦੀ ਲਾਉਣ ਦੀ ਕਾਨੂੰਨੀ ਵਿਵਸਥਾ ਕੀਤੀ ਜਾਵੇ। ਇਹੀ ਗੱਲ ਹੁਣ ਦੇਸ਼ ਦੇ ਕਿਸਾਨ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਕੀ ਬਦਲ ਗਿਆ ਹੈ ਤੇ ਸਰਕਾਰ ਉਨ੍ਹਾਂ ਦੀ ਇਹ ਮੰਗ ਤੇ ਖੇਤੀ ਕਾਨੂੰਨ ਰੱਦ ਕਰਨ ਤੇ ਕਿਸਾਨਾਂ, ਨੌਜਵਾਨਾਂ ਤੇ ਸਮਾਜਿਕ ਕਾਰਕੁੰਨਾਂ ਖਿਲਾਫ ਕੇਸ ਵਾਪਸ ਲੈਣ ਅਤੇ ਇਨ੍ਹਾਂ ਖਿਲਾਫ ਸਰਕਾਰੀ ਏਜੰਸੀਆਂ ਦੀ ਵਰਤੋਂ ਬੰਦ ਕਰਨ ਦੀ ਮੰਗ ਕਿਉਂ ਨਹੀਂ ਮੰਨ ਰਹੇ।
ਬੀਬਾ ਬਾਦਲ ਨੇ 26 ਜਨਵਰੀ ਨੂੰ ਵਾਪਰੀ ਹਿੰਸਾ ਦੀ ਗੱਲ ਕਰਦਿਆਂ ਕਿਹਾ ਕਿ ਬਹੁਤ ਕੁਝ ਕਿਹਾ ਜਾ ਰਿਹਾ ਹੈ ਕਿ ਉਸ ਕੌਮ ਨੇ ਕੌਮੀ ਤਿਰੰਗੇ ਦਾ ਅਪਮਾਨ ਕੀਤਾ, ਜਿਸਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ 70 ਫੀਸਦੀ ਤੋਂ ਵਧੇਰੇ ਕੁਰਬਾਨੀਆਂ ਦਿੱਤੀਆਂ। ਹੈਰਾਨੀ ਵਾਲੀ ਗੱਲ ਹੈ ਕਿ ਕੋਈ ਵੀ ਇਹ ਗੱਲ ਕਿਉਂ ਨਹੀਂ ਕਹਿ ਰਿਹਾ ਹੈ ਕਿ 26 ਜਨਵਰੀ ਨੁੰ ਵਾਪਰੀ ਹਿੰਸਾ ਦੇ ਮਾਮਲੇ ਵਿਚ ਖੁਫੀਆ ਤੰਤਰ ਦੀ ਅਸਫਲਤਾ ਦੀ ਜਾਂਚ ਕੀਤੀ ਜਾਵੇ। ਇਹ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਨੂੰ 25 ਜਨਵਰੀ ਨੂੰ ਇਹ ਪਤਾ ਲੱਗ ਗਿਆ ਸੀ ਕਿ ਕੁਝ ਲੋਕ ਲਾਲ ਕਿਲ੍ਹੇ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਉਸਨੇ ਰਾਹ ਬੰਦ ਕਿਉਂ ਨਹੀਂ ਕੀਤਾ, ਇਹ ਰਾਹ ਬੰਦ ਕਰਨ ਦਾ ਕੋਈ ਯਤਨ ਹੀ ਨਹੀਂ ਕੀਤਾ ਗਿਆ। ਇਸੇ ਤਰੀਕੇ ਕੇਸਰੀ ਨਿਸ਼ਾਨ ਨੂੰ ਮਾੜਾ ਕਿਹਾ ਜਾ ਰਿਹਾ ਹੈ। ਮੈਂ ਚੇਤੇ ਕਰਵਾਉਣਾ ਚਾਹੁੰਦੀ ਹਾਂ ਕਿ ਇਹ ਉਹੀ ਕੇਸਰੀ ਨਿਸ਼ਾਨ ਹੈ, ਜਿਸ ਨੂੰ ਅਨੇਕਾਂ ਵਾਰ ਪ੍ਰਧਾਨ ਮੰਤਰੀ ਨੇ ਆਪਣੇ ਸਿਰ ’ਤੇ ਬੰਨ੍ਹਿਆ ਹੈ।
ਸਾਬਕਾ ਮੰਤਰੀ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਣਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ‘ਵਿਚੋਲੀਆ’, ਨਕਸਲੀ ਤੇ ਖਾਲਿਸਤਾਨੀ ਦੱਸਿਆ ਗਿਆ। ਇਹ ਵੀ ਕਿਹਾ ਗਿਆ ਕਿ ਜੋ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ, ਉਹ ਏ. ਕੇ.-47 ਰਾਈਫਲਾਂ ਲੈ ਕੇ ਬੈਠੇ ਹਨ। ਉਨ੍ਹਾਂ ਪੁੱਛਿਆ ਕਿ ਕੌਣ ਖੇਤਾਂ ਵਿਚ ਏ. ਕੇ.-47 ਰਾਈਫਲਾਂ ਉਗਾਉਂਦਾ ਹੈ? ਕੇਂਦਰ ਦਾ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਗਟਾਅ ਰਹੇ ਕਿਸਾਨਾਂ ਪ੍ਰਤੀ ਰਵੱਈਆ ਬਹੁਤ ਮਾੜਾ ਹੈ, ਕਿਉਂਕਿ ਇਸ ਨੇ ਇਕ ਵੀ ਮੰਤਰੀ ਦੀ ਜ਼ਿੰਮੇਵਾਰੀ ਕੜਾਕੇ ਦੀ ਠੰਢ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲ ਕਰਨ ਲਈ ਨਹੀਂ ਲਗਾਈ।
ਬੀਬਾ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਕੇਂਦਰੀ ਮੰਤਰੀ ਮੰਡਲ ਨੂੰ ਆਖਿਆ ਸੀ ਕਿ ਉਹ ਤਿੰਨ ਖੇਤੀ ਆਰਡੀਨੈਂਸਾਂ ਬਾਰੇ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾਉਣ ਲਈ ਖੇਤੀਬਾੜੀ ਮੰਤਰੀ ਨੂੰ ਪੱਤਰ ਵੀ ਲਿਖਿਆ ਤੇ ਦੱਸਿਆ ਕਿ ਕਿਸਾਨਾਂ ਨੂੰ ਉਹਨਾਂ ਦੇ ਭਰੋਸਿਆਂ ਨਾਲ ਤਸੱਲੀ ਨਹੀਂ ਹੈ। ਮੈਨੂੰ ਇਹ ਭਰੋਸਾ ਦੁਆਇਆ ਗਿਆ ਸੀ ਕਿ ਇਨ੍ਹਾਂ ਬਿੱਲਾਂ ਬਾਰੇ ਸੰਸਦ ਵਿਚ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਕੀਤੀਆਂ ਜਾਣਗੀਆਂ ਪਰ ਬਾਅਦ ਵਿਚ ਸਰਕਾਰ ਨੇ ਇਹ ਬਿੱਲ ਧੱਕੇ ਲਾਲ ਸੰਸਦ ਵਿਚ ਪਾਸ ਕਰਵਾਏ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅੰਨਦਾਤਾ ਦਾ ਸਾਥ ਦਿੰਦਿਆਂ ਕੇਂਦਰੀ ਵਜ਼ਾਰਤ ਵੀ ਛੱਡ ਦਿੱਤੀ ਤੇ ਐੱਨ. ਡੀ. ਏ. ਨਾਲ ਭਾਈਵਾਲੀ ਵੀ ਖਤਮ ਕਰ ਦਿੱਤੀ।
ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
NEXT STORY