ਚੰਡੀਗਡ਼੍ਹ, (ਸਾਜਨ)- ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨਾਲ ਸਿੱਖਿਆ ਵਿਭਾਗ ਦੀ ਮੀਟਿੰਗ ਹੋਈ, ਜਿਸ ’ਚ ਫੈਸਲਾ ਲਿਆ ਗਿਆ ਕਿ ਇਸ ਪੱਧਰ ਤੋਂ ਜੋ ਵਿਦਿਆਰਥੀ ਕਿਸੇ ਵਿਸ਼ੇ ’ਚ ਫੇਲ ਹੋ ਰਹੇ ਹਨ ਤਾਂ ਉਨ੍ਹਾਂ ਨੂੰ ਗਰੇਸ ਨੰਬਰ ਨਾ ਦਿੱਤੇ ਜਾਣ, ਸਗੋਂ ਉਨ੍ਹਾਂ ਦਾ ਰੀ-ਟੈਸਟ ਲਿਆ ਜਾਵੇ ਤਾਂ ਕਿ ਉਹ ਮਿਹਨਤ ਕਰਕੇ ਪਾਸ ਹੋ ਸਕਣ। ਪ੍ਰਸ਼ਾਸਕ ਨੇ ਗਰੇਸ ਮਾਕਰਸ ਵਿਵਸਥਾ ਖਤਮ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਕੂਲਾਂ ’ਚ ਸਕਰੀਨਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜਿਸ ਵਿਚ ਅਧਿਆਪਕ ਵੇਖਣਗੇ ਕਿ ਕਿਹਡ਼ੇ ਵਿਦਿਆਰਥੀ ਨੂੰ ਪ੍ਰਮੋਟ ਕਰਨਾ ਹੈ ਅਤੇ ਕਿਹਡ਼ੇ ਨੂੰ ਫੇਲ ਕਰਨਾ ਹੈ। ਸਕੂਲਾਂ ’ਚ ਮਾਨੀਟਰਿੰਗ ਲਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ, ਜੋ ਸਰਪ੍ਰਾਈਜ਼ ਚੈਕਿੰਗ ਕਰਨਗੀਆਂ ਅਤੇ ਬੱਚਿਆਂ ਅਤੇ ਸਕੂਲ ਹੈੱਡ ਤੋਂ ਫੀਡਬੈਕ ਵੀ ਲੈਣਗੇ। ਦੱਸ ਦਈਏ ਕਿ ਗੁਜ਼ਰੇ ਕਾਫ਼ੀ ਸਮੇਂ ਤੋਂ ਜਮਾਤਾਂ ਦੇ ਸੁਧਰੇ ਰਿਜ਼ਲਟ ਵਿਖਾਉਣ ਲਈ ਗਰੇਸ ਨੰਬਰ ਦਿੱਤੇ ਜਾਣ ਦੀ ਵਿਵਸਥਾ ਸਿੱਖਿਆ ਵਿਭਾਗ ’ਚ ਚੱਲ ਰਹੀ ਸੀ। ਮੰਗਲਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਸਿੱਖਿਆ ਸਕੱਤਰ ਬੀ. ਐੱਲ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਗਰੇਸ ਨੰਬਰ ਦਿੱਤੇ ਜਾਣ ਦੀ ਪ੍ਰਥਾ ਵੇਖ ਕੇ ਕਾਫ਼ੀ ਹੈਰਤ ਹੋਈ ਪਰ ਇਹ ਵਿਦਿਆਰਥੀ ਨੂੰ ਪਿਛਲੇ ਦਰਵਾਜ਼ੇ ਤੋਂ ਅਗਲੀ ਜਮਾਤ ’ਚ ਭੇਜਣ ਦਾ ਤਰੀਕਾ ਸੀ, ਜਿਸਨੂੰ ਪ੍ਰਸ਼ਾਸਕ ਨਾਲ ਹੋਈ ਮੀਟਿੰਗ ’ਚ ਬਦਲੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਹੁਣ ਜੋ ਵਿਦਿਆਰਥੀ ਨੌਵੀਂ ਜਾਂ ਗਿਆਰ੍ਹਵੀਂ ਜਮਾਤ ’ਚ ਕਿਸੇ ਵਿਸ਼ੇ ’ਚ ਫੇਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਟੈਸਟ ਦੇਣਾ ਹੋਵੇਗਾ ਜੇਕਰ ਉਹ ਫੇਲ ਹੋਏ ਵਿਸ਼ੇ ’ਚ ਪੂਰੀ ਤਰ੍ਹਾਂ ਨਾਲ ਪਾਸ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਗਲੀ ਜਮਾਤ ’ਚ ਚਡ਼੍ਹਾਇਆ ਜਾਵੇਗਾ। ਜੋ ਅਧਿਆਪਕ 20-25 ਸਾਲਾਂ ਤੋਂ ਇਕ ਹੀ ਸਕੂਲ ’ਚ ਹਨ, ਉਨ੍ਹਾਂ ਨੂੰ ਪੇਰੀਫੇਰੀ ਦੇ ਸਕੂਲਾਂ ’ਚ ਟਰਾਂਸਫਰ ਕੀਤਾ ਜਾ ਰਿਹਾ ਹੈ। ਜਿਹੜੇ ਅਧਿਆਪਕ ਕਿਸੇ ਇਕ ਜਗ੍ਹਾ ਲੰਬੇ ਸਮੇਂ ਤੋਂ ਲੱਗੇ ਹੋਏ ਹਨ, ਉਨ੍ਹਾਂ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਕ ਹਫਤੇ ਅੰਦਰ ਟਰਾਂਸਫਰ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਅਧਿਆਪਕਾਂ ਨੂੰ ਸਕੂਲਾਂ ’ਚ ਦੂਜੇ ਵਿਭਾਗਾਂ ਤੋਂ ਸਬੰਧਤ ਜੋ ਕੰਮ ਕਰਨ ਪੈਂਦੇ ਹਨ, ਉਸਦੇ ਸੰਦਰਭ ’ਚ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਅਧਿਆਪਕਾਂ ਦੀ ਚੋਣ ਜਾਂ ਜਨਗਣਨਾ ’ਚ ਡਿਊਟੀ ਨਾ ਲਾਈ ਜਾਵੇ, ਤਾਂ ਕਿ ਸਕੂਲ ’ਚ ਪਡ਼੍ਹਾਈ ਦਾ ਕੰਮ ਪ੍ਰਭਾਵਿਤ ਨਾ ਹੋਵੇ। ਮਿਡ-ਡੇ-ਮੀਲ ਦੇ ਕੰਮ ਲਈ ਵੀ ਉਨ੍ਹਾਂ ਨੇ ਅਧਿਆਪਕਾਂ ਤੋਂ ਇਲਾਵਾ ਵੱਖ ਤੋਂ ਸਟਾਫ ਰੱਖਣ ਦੀ ਵਿਵਸਥਾ ਦੀ ਗੱਲ ਕਹੀ। ਜਿਨ੍ਹਾਂ ਅਧਿਆਪਕਾਂ ਦਾ ਚੰਗਾ ਨਤੀਜਾ ਆਇਆ ਹੈ, ਉਨ੍ਹਾਂ ਨੂੰ ਵਿਭਾਗ ਛੇਤੀ ਸਨਮਾਨਿਤ ਕਰੇਗਾ।
ਲੈਕਚਰਾਂ ਦੇ ਸੰਦਰਭ ’ਚ ਬੀ. ਐੱਲ. ਸ਼ਰਮਾ ਨੇ ਦੱਸਿਆ ਕਿ 1990 ਤੋਂ ਜੋ ਅਧਿਆਪਕ ਭਰਤੀ ਹੋਏ ਹਨ, ਉਨ੍ਹਾਂ ਦੀ ਸੀਨੀਅਰਤਾ ਸੂਚੀ ਤੱਕ ਨਹੀਂ ਬਣੀ ਹੈ। ਹੁਣ ਨਵੇਂ ਸਿਰੇ ਤੋਂ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰਸਨ ਸਕੂਲ ਦੇ ਪ੍ਰਿੰਸੀਪਲ ਨੂੰ 20 ਫ਼ੀਸਦੀ ਤੋਂ ਘੱਟ ਨਤੀਜੇ ਦੇ ਚਲਦੇ ਸਸਪੈਂਡ ਕੀਤਾ ਗਿਆ ਹੈ। ਸੀਨੀਅਰ ਸੈਕੰਡਰੀ ਸਕੂਲ ਦੇ 20 ਪ੍ਰਿੰਸੀਪਲਾਂ ਨੂੰ ਸ਼ੋਅਕਾਜ਼ ਨੋਟਿਸ ਭੇਜਿਆ ਗਿਆ ਹੈ। ਚਾਰ ਹੈੱਡਮਾਸਟਰਾਂ ਨੂੰ 20 ਫ਼ੀਸਦੀ ਤੋਂ ਘੱਟ ਰਿਜ਼ਲਟ ਦੇ ਚਲਦੇ ਸਸਪੈਂਡ ਕੀਤਾ ਗਿਆ ਹੈ। 3 ਇੰਚਾਰਜ ਅਧਿਆਪਕਾਂ ਨੂੰ 20 ਫ਼ੀਸਦੀ ਤੋਂ ਘੱਟ ਰਿਜ਼ਲਟ ਦੇ ਚਲਦੇ ਪੈਰੀਫੇਰੀ ਦੇ ਸਕੂਲਾਂ ’ਚ ਬਦਲਿਆ ਗਿਆ ਹੈ। 60 ਅਧਿਆਪਕਾਂ ਨੂੰ ਖ਼ਰਾਬ ਰਿਜ਼ਲਟ (33 ਫ਼ੀਸਦੀ) ਦੇ ਚਲਦੇ ਸ਼ੋਅਕਾਜ਼ ਨੋਟਿਸ ਦਿੱਤਾ ਗਿਆ ਹੈ। ਐੱਸ. ਐੱਸ. ਏ. ਦੇ ਦੋ ਅਧਿਆਪਕਾਂ ਨੂੰ 15 ਫ਼ੀਸਦੀ ਤੋਂ ਘੱਟ ਰਿਜ਼ਲਟ ਦੇ ਚਲਦੇ ਟਰਮੀਨੇਸ਼ਨ ਨੋਟਿਸ ਦਿੱਤਾ ਗਿਆ ਹੈ। ਇਕ ਕਾਂਟਰੈਕਟ ਅਧਿਆਪਕ ਨੂੰ ਵੀ 15 ਫ਼ੀਸਦੀ ਤੋਂ ਘੱਟ ਰਿਜ਼ਲਟ ਦੇ ਚਲਦੇ ਟਰਮੀਨੇਟ ਕਰ ਦਿੱਤਾ ਗਿਆ ਹੈ। ਇਕ ਰੈਗੂਲਰ ਅਧਿਆਪਕ ਨੂੰ ਵੀ 15 ਫ਼ੀਸਦੀ ਘੱਟ ਰਿਜ਼ਲਟ ਦੇ ਚਲਦੇ ਸਸਪੈਂਡ ਕੀਤਾ ਗਿਆ ਹੈ।
ਛੇਤੀ ਭਰੀਆਂ ਜਾਣਗੀਆਂ 600 ਅਸਾਮੀਆਂ
ਸਿੱਖਿਆ ਵਿਭਾਗ ਦੇ ਡਾਇਰੈਕਟਰ ਰੁਪਿੰਦਰਜੀਤ ਸਿੰਘ ਬਰਾਡ਼ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ਦੇ ਸਕੂਲਾਂ ’ਚ ਲਗਭਗ 1 ਲੱਖ 21 ਹਜ਼ਾਰ ਵਿਦਿਆਰਥੀ ਹਨ। ਨਿਯਮਾਂ ਅਨੁਸਾਰ ਸਕੂਲਾਂ ’ਚ ਅਧਿਆਪਕ-ਵਿਦਿਆਰਥੀ ਅਨੁਪਾਤ 1-40 ਹੋਣਾ ਚਾਹੀਦਾ ਹੈ ਪਰ ਯੂ. ਟੀ. ਵਿਚ ਇਹ 1:35 ਜਾਂ ਇਸ ਤੋਂ ਵੀ ਘੱਟ ਹੈ ਜੇਕਰ ਅਸੀਂ ਇਕ ਟੀਚਰ ਦੇ ਪਿੱਛੇ 40 ਵਿਦਿਆਰਥੀ ਮੰਨੀਏ ਤਾਂ ਯੂ. ਟੀ. ਵਿਚ 3463 ਅਧਿਆਪਕ ਹੋਣੇ ਚਾਹੀਦੇ ਹਨ। ਫਿਲਹਾਲ 4215 ਟੀਚਰ ਕੰਮ ਕਰ ਰਹੇ ਹਨ। ਅਧਿਆਪਕਾਂ ਦੀਆਂ 500 ਤੋਂ 600 ਪੋਸਟਾਂ ਖਾਲੀ ਹਨ, ਸਰਵ ਸਿੱਖਿਆ ਅਭਿਆਨ ਤਹਿਤ ਪੋਸਟਾਂ ਨੂੰ ਭਰਿਆ ਜਾ ਰਿਹਾ ਹੈ। ਐੱਸ. ਐੱਸ. ਏ. ਤਹਿਤ ਫਿਲਹਾਲ 1380 ਅਧਿਆਪਕ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗਡ਼੍ਹ ਦੇ ਸਕੂਲਾਂ ’ਚ ਬੀਤੇ ਕਾਫ਼ੀ ਸਮੇਂ ਤੋਂ ਇਨਰੋਲਮੈਂਟ ਨਹੀਂ ਵਧੀ।
ਇਹ ਹਨ ਖਾਲੀ ਪੋਸਟਾਂ
ਪ੍ਰਿੰਸੀਪਲ ਦੀਆਂ 2 ਪੋਸਟਾਂ, ਹੈੱਡ ਦੀਆਂ 8 ਪੋਸਟਾਂ, ਪੀ. ਜੀ. ਟੀ. ਦੀਆਂ 37 ਪੋਸਟਾਂ, ਟੀ. ਜੀ. ਟੀ. ਦੀਆਂ 199 ਪੋਸਟਾਂ, ਜੇ. ਬੀ. ਟੀ. ਦੀਆਂ 208 ਪੋਸਟਾਂ ਅਤੇ ਐੱਨ. ਟੀ. ਟੀ. ਦੀਆਂ 51 ਪੋਸਟਾਂ ਖਾਲੀ ਪਈਆਂ ਹਨ।
ਪੰਜਾਬ ਦੇ ਦਰਿਆਵਾਂ ਦੀ ਸਫਾਈ ਲਈ ਕੇਂਦਰ ਨੂੰ ਭੇਜਿਆ ਜਾਵੇਗਾ ਪ੍ਰਸਤਾਵ
NEXT STORY