ਮੋਹਾਲੀ (ਕੁਲਦੀਪ) - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲਸ ਦੇ ਸੂਚਨਾ ਤਕਨਾਲੋਜੀ ਤੇ ਦੂਰਸੰਚਾਰ ਵਿੰਗ ਵਿਚ 6 ਵਿਅਕਤੀਆਂ ਨੂੰ ਜਾਅਲੀ ਭਰਤੀ ਪੱਤਰ ਦੇਣ ਦੇ ਘਪਲੇ ਵਿਚ ਸ਼ਾਮਲ ਏ. ਐੱਸ. ਆਈ. ਸੰਜੀਵ ਕੁਮਾਰ (ਨੰਬਰ 572/ ਡਬਲਯੂ) ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਕੁੱਲ 28.50 ਲੱਖ ਰੁਪਏ ਲੈ ਕੇ ਗੈਰ-ਕਾਨੂੰਨੀ ਢੰਗ ਅਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਉਨ੍ਹਾਂ ਨੂੰ 'ਨੌਕਰੀ ਪੱਤਰ' ਦਿੱਤੇ ਸਨ।
ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗੌੜੇ ਮੁਲਜ਼ਮ ਏ. ਐੱਸ. ਆਈ. ਸੰਜੀਵ ਕੁਮਾਰ ਨੇ ਅੱਜ ਮੋਹਾਲੀ ਦੀ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ, ਜਿਸ ਦੌਰਾਨ ਅਦਾਲਤ ਵਲੋਂ ਉਸ ਨੂੰ 12 ਦਸੰਬਰ ਤੱਕ ਵਿਜੀਲੈਂਸ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਬਿਊਰੋ ਨੇ ਇਸ 'ਗੈਰ-ਕਾਨੂੰਨੀ ਅਤੇ ਧੋਖਾਧੜੀ' ਵਾਲੀ ਭਰਤੀ ਦੀ ਪੜਤਾਲ ਦੌਰਾਨ ਪਾਇਆ ਕਿ ਪਿਛਲੇ ਸਾਲ ਦਸੰਬਰ 'ਚ ਜਾਅਲੀ ਭਰਤੀ ਕੀਤੇ ਜਿਨ੍ਹਾਂ 6 ਕਾਂਸਟੇਬਲਾਂ ਨੇ ਏ. ਐੱਸ. ਆਈ. ਸੰਜੀਵ ਕੁਮਾਰ ਨੂੰ ਕੁੱਲ 28.50 ਲੱਖ ਰੁਪਏ ਦਿੱਤੇ ਸਨ ਉਨ੍ਹਾਂ ਵਿਚ ਪਿੰਡ ਕੁਲਗਰਾਂ (ਨੰਗਲ) ਤੋਂ ਅਨਮੋਲ ਛਾਬਾ, ਕਰਾਲਾ (ਮੋਹਾਲੀ) ਤੋਂ ਹਰਜੀਤ ਸ਼ਰਮਾ ਤੇ ਅੱਛਰ ਚੰਦ, ਮੋਹਾਲੀ ਤੋਂ ਗੁਰਜੰਟ ਸਿੰਘ ਅਤੇ ਕਜਹੇੜੀ (ਚੰਡੀਗੜ੍ਹ) ਤੋਂ ਦਵਿੰਦਰ ਕੁਮਾਰ ਅਤੇ ਉਸ ਦਾ ਭਰਾ ਜਤਿੰਦਰ ਕੁਮਾਰ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਜਾਂਚ ਅਤੇ ਦਸਤਾਵੇਜ਼ਾਂ ਦੇ ਆਧਾਰ 'ਤੇ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਅਗਸਤ-2017 ਤੋਂ ਫਰਾਰ ਸੀ ਤੇ ਅੱਜ ਉਸ ਨੇ ਆਤਮ- ਸਮਰਪਣ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 28 ਅਗਸਤ ਨੂੰ ਉਸਦੀ ਜ਼ਮਾਨਤ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ ਸੀ
ਹਾਜ਼ਰੀ ਲੱਗਦੀ ਰਹੀ ਪਰ ਤਨਖਾਹ ਨਹੀਂ ਮਿਲੀ
ਬੁਲਾਰੇ ਨੇ ਦੱਸਿਆ ਕਿ ਦੋਸ਼ੀ ਏ. ਐੱਸ. ਆਈ. ਸੰਜੀਵ ਕੁਮਾਰ ਨੇ 23 ਦਸੰਬਰ 2016 ਨੂੰ ਜਾਅਲੀ ਨੌਕਰੀ ਪੱਤਰ ਤਿਆਰ ਕੀਤੇ ਅਤੇ ਕਈ ਦਸਤਾਵੇਜ਼ਾਂ 'ਤੇ ਡਾਇਰੀ ਨੰਬਰ ਲਾ ਕੇ ਯੋਗ ਅਥਾਰਿਟੀ ਦੇ ਦਸਤਖ਼ਤ ਵੀ ਕੀਤੇ । ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਇਨ੍ਹਾਂ ਵਿਅਕਤੀਆਂ ਨੂੰ 'ਰੋਜ਼ਨਾਮਚੇ' ਵਿਚ ਵੀ ਸ਼ਾਮਲ ਕਰਵਾ ਦਿੱਤਾ ਅਤੇ ਉਨ੍ਹਾਂ ਦੀ ਹਾਜ਼ਰੀ ਵੀ ਲੱਗਦੀ ਰਹੀ ਪਰ ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀ 'ਤੇ ਪਹਿਲਾਂ ਵੀ 2 ਕੇਸ ਦਰਜ ਹਨ, ਜਿਨ੍ਹਾਂ ਵਿਚ ਇਕ ਜ਼ਿਲਾ ਕਪੂਰਥਲਾ ਦੇ ਪੁਲਸ ਥਾਣਾ ਤਲਵੰਡੀ ਚੌਧਰੀਆਂ ਤੇ ਦੂਜਾ ਪੁਲਸ ਥਾਣਾ ਸੈਕਟਰ 36 ਚੰਡੀਗੜ੍ਹ ਵਿਚ ਦਰਜ ਹੈ।
ਬਿਜਲੀ ਕਰਮਚਾਰੀਆਂ ਨੇ ਪਾਵਰਕਾਮ ਮੈਨੇਜਮੈਂਟ ਖਿਲਾਫ ਕੱਢੀ ਭੜਾਸ
NEXT STORY