ਫਰੀਦਕੋਟ (ਨਰਿੰਦਰ)-ਕੋਟਕਪੂਰਾ ਸ਼ਹਿਰ ’ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਹੁਣ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ, ਬਾਜ਼ਾਰਾਂ ਅਤੇ ਮੇਨ ਸਡ਼ਕਾਂ ਕੰਢੇ ਲੱਗੇ ਕੂਡ਼ੇ ਦੇ ਢੇਰਾਂ ’ਚ ਇਹ ਪਸ਼ੂ ਮੂੰਹ ਮਾਰਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਪਸ਼ੂਆਂ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਸ਼ਹਿਰ ’ਚ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਇਸ ਗੰਭੀਰ ਸਮੱਸਿਆ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਸ਼ਹਿਰ ’ਚ ਪਸ਼ੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਦਾ ਵੱਡਾ ਕਾਰਨ ਨੇਡ਼ਲੇ ਪਿੰਡਾਂ ਦੇ ਕਿਸਾਨਾਂ ਵੱਲੋਂ ਰਾਤ ਸਮੇਂ ਪਿੰਡਾਂ ’ਚ ਬੇਸਹਾਰਾ ਘੁੰਮ ਰਹੇ ਪਸ਼ੂਆਂ ਨੂੰ ਸ਼ਹਿਰ ’ਚ ਛੱਡਣਾ ਹੈ। ਇਨ੍ਹਾਂ ਪਿੰਡਾਂ ਦੇ ਕੁਝ ਕਿਸਾਨਾਂ ਨੇ ਦੱਸਿਆ ਕਿ ਇਹ ਪਸ਼ੂ ਖੇਤਾਂ ’ਚ ਫਸਲਾਂ ਦਾ ਉਜਾੜਾ ਕਰ ਕੇ ਰੱਖ ਦਿੰਦੇ ਹਨ। ਕੁਝ ਦਿਨ ਪਹਿਲਾਂ ਹੀ ਇਲਾਕਾ ਪ੍ਰੇਮ ਨਗਰ ਦੇ ਲੱਕਡ਼ ਕੰਡੇ ਕੋਲ ਸਾਨ੍ਹਾਂ ਦੇ ਆਪਸ ’ਚ ਭਿੜਨ ਕਾਰਨ ਉੱਥੇ ਖਡ਼੍ਹੀ ਆਂਡਿਆਂ ਦੀ ਰੇਹਡ਼ੀ ਵਾਲੇ ਦਾ ਭਾਰੀ ਨੁਕਸਾਨ ਹੋਇਆ। ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਸਡ਼ਕਾਂ ’ਤੇ ਫਿਰਦੇ ਬੇਸਹਾਰਾ ਪਸ਼ੂ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਇਨ੍ਹਾਂ ਹਾਦਸਿਆਂ ’ਚ ਜਿੱਥੇ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜਦਾ ਹੈ, ਉੱਥੇ ਹੀ ਇਹ ਪਸ਼ੂ ਵੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਸਡ਼ਕਾਂ ’ਤੇ ਮ੍ਰਿਤਕ ਹਾਲਤ ’ਚ ਪਏ ਇਨ੍ਹਾਂ ਪਸ਼ੂਆਂ ਨਾਲ ਟਕਰਾਉਣ ਕਾਰਨ ਬੀਤੇ ਦਿਨੀਂ ਕਈ ਦੋਪਹੀਆ ਵਾਹਨ ਚਾਲਕ ਜ਼ਖ਼ਮੀ ਹੋ ਚੁੱਕੇ ਹਨ। ਭਾਰਤ ਵਿਕਾਸ ਪ੍ਰੀਸ਼ਦ ਦੇ ਜੈਪਾਲ ਗਰਗ, ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਓਮਕਾਰ ਗੋਇਲ, ਅਰੋਡ਼ਾ ਮਹਾਸਭਾ ਦੇ ਪ੍ਰਧਾਨ ਹਰੀਸ਼ ਸੇਤੀਆ, ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ, ਕੋਟਕਪੂਰਾ ਵਿਕਾਸ ਮੰਚ ਦੇ ਐਡ. ਵਿਨੋਦ ਬਾਂਸਲ, ਹਲਵਾਈ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਮੈਂਗੀ ਅਤੇ ਦਸਮੇਸ਼ ਮਾਰਕੀਟ ਯੂਨੀਅਨ ਦੇ ਪ੍ਰਧਾਨ ਸ਼ਰਨਬੀਰ ਸਿੰਘ ਬੇਦੀ ਨੇ ਪ੍ਰਸ਼ਾਸਨ ਤੋਂ ਇਸ ਗੰਭੀਰ ਸਮੱਸਿਆ ਦਾ ਜਲਦ ਯੋਗ ਹੱਲ ਕਰਨ ਦੀ ਮੰਗ ਕੀਤੀ।
ਹਾਈ ਕੋਰਟ ਦੇ ਜਸਟਿਸ ਦੀਪਕ ਸਿੰਬਲ ਸਨਮਾਨਤ
NEXT STORY