ਫਰੀਦਕੋਟ (ਸੁਖਪਾਲ, ਪਵਨ)-ਕਿਸਾਨਾਂ ਦੇ ਹਿੱਤਾਂ ਖਾਤਰ ਸੰਘਰਸ਼ ਕਰ ਰਹੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਤੇ ਦਿਨੀਂ ਆਏ ਮੀਂਹ, ਹਨੇਰੀ ਅਤੇ ਝੱਖਡ਼ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਨ੍ਹਾਂ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ ਭਾਗਸਰ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਸੁਖਰਾਜ ਸਿੰਘ ਰਹੂਡ਼ਿਆਂਵਾਲੀ, ਰਾਜਾ ਸਿੰਘ ਮਹਾਂਬੱਧਰ, ਹਰਫੂਲ ਸਿੰਘ ਭਾਗਸਰ ਅਤੇ ਕਾਮਰੇਡ ਜਗਦੇਵ ਸਿੰਘ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਈ ਤੰਗੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਰਜ਼ੇ ਦੇ ਭਾਰੀ ਬੋਝ ਹੇਠਾਂ ਦੱਬ ਕੇ ਖੁਦਕੁਸ਼ੀਆਂ ਕਰ ਰਹੇ ਹਨ, ਜਦਕਿ ਉੱਪਰੋਂ ਕੁਦਰਤ ਦੀ ਕਰੋਪੀ ਦਾ ਕਹਿਰ ਜਾਰੀ ਹੈ। ਕਣਕ ਦੀ ਫਸਲ ਪੱਕ ਚੁੱਕੀ ਸੀ ਅਤੇ ਕੰਬਾਈਨਾਂ ਨਾਲ ਕਣਕ ਵੱਢ ਕੇ ਮੰਡੀਆਂ ’ਚ ਸੁੱਟੀ ਜਾਣੀ ਸੀ ਪਰ ਕੁਦਰਤ ਦੀ ਕਰੋਪੀ ਕਾਰਨ ਕਿਸਾਨਾਂ ਦੀਆਂ ਸਾਰੀਆਂ ਆਸਾਂ-ਉਮੀਦਾਂ ’ਤੇ ਪਾਣੀ ਫਿਰ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਦੀ ਸਾਰ ਲਈ ਜਾਵੇ। ਖੇਤਾਂ ’ਚ ਵਿਛੀਆਂ ਕਣਕਾਂ ਵੇਖਣ ਕੋਈ ਨਹੀਂ ਆਇਆ ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਕਣਕਾਂ ਦਾ ਨੁਕਸਾਨ ਹੋ ਗਿਆ ਹੈ ਅਤੇ ਕਈ ਕਿਸਾਨਾਂ ਦੀਆਂ ਕਣਕਾਂ ਖੇਤਾਂ ’ਚ ਵਿਛ ਗਈਆਂ ਹਨ ਪਰ ਇਨ੍ਹਾਂ ਨੂੰ ਵੇਖਣ ਲਈ ਕੋਈ ਸਰਕਾਰੀ ਨੁਮਾਇੰਦਾ ਅਜੇ ਤੱਕ ਨਹੀਂ ਬਹੁਡ਼ਿਆ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨ ਆ ਚੁੱਕਾ ਹੈ ਕਿ ਅਧਿਕਾਰੀ ਖੇਤਾਂ ਵਿਚ ਜਾ ਕੇ ਮੌਕਾ ਦੇਖਣ। ਰੱਤੇਵਾਲਾ ਵਿਖੇ ਹੋਇਆ ਭਾਰੀ ਨੁਕਸਾਨ ਕੁਦਰਤੀ ਖੇਤੀ ਕਰ ਰਹੇ ਪਿੰਡ ਰੱਤੇਵਾਲਾ ਦੇ ਕਿਸਾਨ ਕੰਵਲਜੀਤ ਸਿੰਘ, ਜੋ ਐਡਵੋਕੇਟ ਵੀ ਹਨ, ਦੇ ਫਾਰਮ ਵਿਚ ਖਰਾਬ ਹੋਏ ਮੌਸਮ ਕਾਰਨ ਭਾਰੀ ਨੁਕਸਾਨ ਹੋਇਆ। ਕਿਸਾਨ ਕੰਵਲਜੀਤ ਸਿੰਘ ਨੇ ਪਿਛਲੇ 5 ਸਾਲਾਂ ਤੋਂ ਜ਼ਹਿਰ ਮੁਕਤ ਖੇਤੀ ਕਰਨ ਦਾ ਬੀਡ਼ਾ ਚੁੱਕਿਆ ਹੋਇਆ ਸੀ ਅਤੇ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੋਇਆ ਸੀ। ਪੰਜਾਬ ਸਰਕਾਰ ਨੂੰ ਉਕਤ ਕਿਸਾਨ ਦੀ ਵੀ ਆਰਥਕ ਪੱਖੋਂ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਸ ਫਾਰਮ ਵਿਚ ਕਈ ਕਿਸਾਨ ਕੈਂਪ ਵੀ ਲਾਉਂਦੇ ਹਨ।
ਰਿਫਲੈਕਟਰ ਨਾ ਹੋਣ ਕਾਰਨ ਜੀਪ ਡਿਵਾਈਡਰ ’ਤੇ ਚਡ਼੍ਹੀ
NEXT STORY