ਜਲੰਧਰ (ਹਰਨੇਕ ਸਿੰਘ ਸੀਚੇਵਾਲ): ਖੇਤੀਬਾੜੀ ਬਿੱਲਾਂ ਖ਼ਿਲਾਫ਼ ਧਰਨੇ ਦੇ ਰਹੇ ਕਿਸਾਨ ਮਹੀਨਿਆਂ ਤੋਂ ਸੜਕਾਂ ਤੇ ਹਨ।ਹਰ ਵਾਰ ਦੀ ਤਰ੍ਹਾਂ ਸਰਕਾਰਾਂ ਸਭ ਕੁਝ ਵੇਖਦੀਆਂ ਹੋਈਆਂ ਵੀ ਨਜ਼ਰ ਅੰਦਾਜ਼ ਕਰ ਰਹੀਆਂ ਹਨ।ਰਾਸ਼ਟਰੀ ਮੀਡੀਆ ਨੂੰ ਬਾਲੀਵੁੱਡ ਤੋਂ ਵਿਹਲ ਮਿਲੇ ਤਾਂ ਦੇਸ਼ ਨੂੰ ਦੱਸੇ ਕਿ ਖ਼ੁਦਕੁਸ਼ੀਆਂ ਕਰ ਰਹੇ ਹਰੀ ਕ੍ਰਾਤੀਂ ਦੇ ਜਨਮਦਾਤੇ ਲਈ ਆਖ਼ਰੀ ਫੰਦਾ ਵੀ ਤਿਆਰ ਕਰ ਦਿੱਤਾ ਗਿਆ ਹੈ।ਬਿਨਾਂ ਸ਼ੱਕ ਪੰਜਾਬ ਦਾ ਮੀਡੀਆ ਇੱਕ ਜੁੱਟ ਹੋ ਕੇ ਕਿਸਾਨਾਂ ਦੀ ਆਵਾਜ਼ ਨੂੰ ਬੋਲ਼ੇ ਕੰਨਾਂ ਤੱਕ ਪਹੁੰਚਾਉਂਣ ਦਾ ਹਰ ਹੀਲਾ ਕਰ ਰਿਹਾ ਹੈ।ਅਜਿਹੇ 'ਚ ਤਕਨੀਕ ਨਾਲ਼ ਜੁੜੇ ਪੰਜਾਬੀ ਗੱਭਰੂਆਂ ਨੇ ਕਿਸਾਨੀ ਬੋਲ ਆਲਮੀ ਪੱਧਰ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ।ਕੈਨਡਾ ਤੋਂ ਉੱਠੀ ਇਸ ਆਵਾਜ਼ ਨਾਲ ਕੁੱਲ ਆਲਮ ਦੇ ਪੰਜਾਬੀਆਂ ਨੇ ਸੁਰ ਸਾਂਝੀ ਕੀਤੀ ।ਕੈਨੇਡਾ ਵਸਦੇ ਅਮਨਦੀਪ ਢਿੱਲੋਂ ਦੱਸਦੇ ਨੇ ਕਿ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਧਰਨਿਆਂ ਤੇ ਬੈਠੇ ਕਿਸਾਨਾਂ ਦੀ ਹੂਕ ਜਦੋਂ ਕਿਸੇ ਨੇ ਨਾ ਗੌਲ਼ੀ ਤਾਂ ਕਿਸਾਨ ਅੱਕ ਹਾਰ ਕਿ ਦਿੱਲੀ ਵੱਲ ਰਵਾਨਾ ਹੋਏ।ਅਜਿਹੇ ਮੌਕੇ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਨੇ ਤਕਨੀਕ ਦੀ ਵਰਤੋਂ ਨਾਲ ਕਿਸਾਨ ਅੰਦੋਲਨ ਦੀ ਹਿਮਾਇਤ ਕਰਨ ਦਾ ਮਨ ਬਣਾਇਆ।ਫਿਰ ਅਰਵਿੰਦਰ ਸਿੰਘ,ਜਸ਼ਨਦੀਪ ਸਿੰਘ ਨਾਲ ਰਲ ਕੇ ਟਵਿੱਟਰ ਤੇ ਹੈਸ਼ਟੈਗ ਮੁਹਿੰਮ ਸ਼ੁਰੂ ਕੀਤੀ।ਇਨ੍ਹਾਂ ਹੈਸ਼ਟੈਗਾਂ ਚ FarmerProtest,FarmersProtest, StandwithFarmerChallene ਟੈਗ ਦੇਣੇ ਸ਼ੁਰੂ ਕੀਤੇ।ਇਹ ਨੁਕਤਾ ਕਾਰਗਰ ਰਿਹਾ ਤੇ ਪਹਿਲੇ ਚਾਰ ਦਿਨਾਂ ਚ ਹੀ 10 ਮਿਲੀਅਨ ਦਾ ਅੰਕੜਾ ਪੂਰਾ ਹੋ ਗਿਆ।ਇਸ ਦਾ ਨੋਟਿਸ ਟਵਿੱਟਰ ਨੇ ਵੀ ਲਿਆ ਅਤੇ ਵਰਲਡ ਨਿਊਜ਼ ਪੇਜ਼ ਤੇ ਤਿੰਨ ਦਿਨ India's 'Delhi Chalo' farmers protest captured in pictures ਖ਼ਬਰ ਚਲਾਈ।
ਜਲਦ ਹੀ ਆਲਮੀ ਪੱਧਰ ਦੇ ਚੈਨਲ ਅਲ ਜਜੀਰਾ,ਡੀ ਡਵਲਿਯੂ ਜਰਮਨੀ,ਦਾ ਸਟਾਰ ਟੋਰੰਟੋ,ਦਾ ਗਾਰਡੀਅਨ, ਏ ਐਫ ਪੀ ਆਦਿ ਨੇ ਕਿਸਾਨ ਅੰਦੋਲਨ ਵੱਲ ਝਾਤ ਮਾਰੀ।ਅਮਨਦੀਪ ਅਨੁਸਾਰ ਪਹਿਲਾ ਵੱਡਾ ਕੰਮ ਕਿਸਾਨ ਅੰਦੋਲਨ ਦੇ ਹਿਮਾਇਤੀਆਂ ਨੂੰ ਟਵਿੱਟਰ ਨਾਲ ਜੋੜਨਾ ਸੀ।ਜਿਵੇਂ ਜਿਵੇਂ ਲੋਕ ਜੁੜਦੇ ਗਏ, ਕਾਫ਼ਲਾ ਬਣਦਾ ਗਿਆ।ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਚੋਂ ਰਾਣਾ ਰਣਬੀਰ,ਰਘਬੀਰ,ਲਵਪ੍ਰੀਤ ਸੰਧੂ,ਅਮਰਿੰਦਰ ਗਿੱਲ,ਸਰਗੁਣ ਮਹਿਤਾ,ਬੀਨੂ ਢਿੱਲੋਂ,ਨੀਰੂ ਬਾਜਵਾ,ਗਲਵ ਵੜੈਂਚ,ਮਨਪ੍ਰੀਤ ਮੰਨਾ,ਦਿਲਜੀਤ,ਗਿੱਪੀ ਗਰੇਵਾਲ,ਜੈਜ਼ੀ ਬੀ ਟਵਿੱਟਰ 'ਤੇ ਹੈਸ਼ਟੈਗ ਕਰਕੇ ਇਸ ਅੰਦੋਲਨ ਦਾ ਪੂਰਾ ਸਾਥ ਦੇ ਰਹੇ ਹਨ।
ਇਹ ਵੀ ਪੜ੍ਹੋ: ਦਾਦੇ ਤੋਂ ਪੋਤੇ ਨੂੰ ਲੱਗੀ ਕਿਸਾਨੀ ਘੋਲ ਦੀ ਲੋਅ,ਮੁਜ਼ਾਹਰੇ ਚ ਨਿੱਤਰੀਆਂ ਤਿੰਨ ਪੀੜ੍ਹੀਆਂ,ਵੇਖੋ ਤਸਵੀਰਾਂ
ਅਮਨਦੀਪ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਰਾਜਨੀਤਿਕ ਦਲਾਂ ਦੇ ਆਈ ਟੀ ਵਿੰਗ ਬਣੇ ਹੋਏ ਹਨ ਜੋ ਕੂੜ ਪ੍ਰਚਾਰ ਕਰ ਰਹੇ ਹਨ ਅਤੇ ਕਿਸਾਨ ਅੰਦੋਲਨ ਨੂੰ ਵੱਖਵਾਦੀਆਂ ਦਾ ਅੰਦੋਲਨ ਦੱਸ ਕਿ ਵਿਸ਼ਵ ਪੱਧਰ ਤੇ ਬਦਨਾਮ ਕਰਨਾ ਚਾਹੁੰਦੇ ਹਨ।ਇਹ ਹੈਸ਼ਟੈਗ ਮੁਹਿੰਮ ਅਸਲ ਚ ਪੂਰੀ ਦੁਨੀਆ ਅੱਗੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੀ ਸ਼ਿਕਾਰ ਹੋਈ ਕਿਸਾਨੀ ਦੀ ਅਸਲ ਤਸਵੀਰ ਰੱਖਣ ਦਾ ਜ਼ਰੀਆ ਹੈ।ਕਿਸਾਨਾਂ ਨੂੰ ਵੱਖਵਾਦੀ ਕਹਿਕੇ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਦੇ ਵਿਰੁੱਧ ਹੀ ਇਹ ਮੁਹਿੰਮ ਤੋਰੀ ਗਈ ਹੈ।
ਇਹ ਵੀ ਪੜ੍ਹੋ:ਖੇਤਾਂ ਤੋਂ ਸਰਹੱਦਾਂ ਤੱਕ ਜੂਝਣ ਵਾਲੇ ਕਿਸਾਨ ਯੋਧਿਆਂ ਨੂੰ ਦੇਸ਼ਧ੍ਰੋਹੀ ਕਹਿਣ ਦੀ ਬਜਾਏ ਕਰੋ ਸਲਾਮ
ਜਦੋਂ ਵਿਦੇਸ਼ਾਂ 'ਚ ਐਮ.ਪੀ. ਅਤੇ ਹੋਰ ਉੱਚ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਨੂੰ ਹੈਸ਼ਟੈਗ ਕੀਤੇ ਗਏ ਤਾਂ ਉਨ੍ਹਾਂ ਨੇ ਵੀ ਕਿਸਾਨੀ ਅੰਦੋਲਨ ਦੀ ਹਿਮਾਇਤ 'ਚ ਟਵੀਟ ਕਰਨੇ ਸ਼ੁਰੂ ਕੀਤੇ।ਪੰਜਾਬ ਬੈਠੇ ਨੌਜਵਾਨਾਂ ਨੇ ਟਵਿੱਟਰ 'ਤੇ ਆਪਣੇ ਅਕਾਊਂਟ ਬਣਾਉਣੇ ਸ਼ੁਰੂ ਕੀਤੇ ਅਤੇ ਵੱਡੇ ਪੱਧਰ 'ਤੇ ਹੈਸ਼ਟੈਗ ਕਰਕੇ ਦੁਨੀਆ ਦਾ ਧਿਆਨ ਇਸ ਪਾਸੇ ਵੱਲ ਖਿੱਚਿਆ।ਅਮਨਦੀਪ ਦਾ ਕਹਿਣਾ ਹੈ ਕਿ ਬੇਸ਼ੱਕ ਨੈਸ਼ਨਲ ਮੀਡੀਆ ਨੇ ਇਸ ਅੰਦੋਲਨ ਨੂੰ ਕਵਰ ਕਰਨ ਲਈ ਗੰਭੀਰਤਾ ਨਹੀਂ ਵਿਖਾਈ ਪਰ ਟਵਿੱਟਰ ਦੀ ਹੈਸ਼ਟੈਗ ਮੁਹਿੰਮ ਨੇ ਕਿਸਾਨਾਂ ਦੀ ਅਵਾਜ਼ ਨੂੰ ਹੋਰ ਬੁਲੰਦ ਕਰਨ ਵਿੱਚ ਯੋਗਦਾਨ ਪਾਇਆ ਹੈ। ਸਰਕਾਰਾਂ ਨੇ ਬੇਸ਼ੱਕ ਮੀਡੀਆ ਦੇ ਇੱਕ ਹਿੱਸੇ ਨੂੰ ਆਪਣੇ ਪ੍ਰਬੰਧ ਅਧੀਨ ਰੱਖਿਆ ਹੋਇਆ ਹੈ ਪਰ ਟਵਿੱਟਰ 'ਤੇ ਇਸ ਮੁਹਿੰਮ ਨੇ ਸਰਕਾਰਾਂ ਦੀ ਨੀਂਦ ਉਡਾ ਦਿੱਤੀ ਹੈ ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਜਦੋਂ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਸੀ ਤਾਂ ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ।ਇਸ ਸਮੇਂ ਕਿਸਾਨ ਤੇ ਸਰਕਾਰ ਆਪਣੀ ਆਪਣੀ ਮੰਗ 'ਤੇ ਅੜੇ ਹੋਏ ਹਨ।ਅੰਦੋਲਨ ਦੇ ਨਤੀਜੇ ਕੀ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਫਿਲਹਾਲ ਹੈਸ਼ਟੈਗਾਂ ਨੇ ਸੋਸ਼ਲ ਮੀਡੀਆ 'ਤੇ ਕਿਸਾਨ ਅੰਦੋਲਨ ਨੂੰ ਵੱਖਵਾਦੀਆਂ ਦਾ ਅੰਦੋਲਨ ਕਹਿਣ ਵਾਲੇ ਆਈ .ਟੀ. ਸੈੱਲਾਂ ਨੂੰ ਉਨ੍ਹਾਂ ਦੇ ਮਾੜੇ ਮਨਸੂਬਿਆਂ 'ਚ ਸਫ਼ਲ ਨਹੀਂ ਹੋਣ ਦਿੱਤਾ।
ਨੋਟ: ਕੀ ਟਵਿੱਟਰ ਮੁਹਿੰਮ ਨਾਲ ਕਿਸਾਨੀ ਅੰਦੋਲਨ ਨੂੰ ਹਿਮਾਇਤ ਮਿਲੀ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਵਿਤਾ ਖਿੜਕੀ : "ਪੰਜਾਬ ਤੇ ਦਿੱਲੀ "
NEXT STORY