ਬਾਘਾਪੁਰਾਣਾ (ਚਟਾਨੀ) : ਸਥਾਨਕ ਬਾਬਾ ਜੀਵਨ ਸਿੰਘ ਨਗਰ (ਮੰਡੀਰਾ ਰੋਡ) 'ਤੇ ਅੱਜ ਇਕ ਘਰ 'ਚ ਕੁਦਰਤ ਦਾ ਅਜਿਹਾ ਕਹਿਰ ਵਰਤਿਆ ਕਿ ਪਿਉ-ਪੁੱਤ ਦੀਆਂ ਅਰਥੀਆਂ ਇਕੱਠੀਆਂ ਹੀ ਘਰੋਂ ਉਠੀਆਂ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਜਦੋਂ ਓਮਕਾਰ ਸਿੰਘ ਪੁੱਤਰ ਦਰਬਾਰਾ ਸਿੰਘ (55) ਜਦ ਕੰਮਕਾਰ ਨਿਬੇੜ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਹਨੇਰੇ ਕਾਰਨ ਉਹ ਡੂੰਘੇ ਨਿਕਾਸੀ ਨਾਲੇ 'ਚ ਜਾ ਡਿੱਗਾ। ਉਸਦਾ ਸਿਰ ਨਾਲੇ ਦੀ ਕਿਨਾਰੇ ਨਾਲ ਵੱਜਣ ਕਰਕੇ ਉਹ ਬੇਹੋਸ਼ ਹੋ ਗਿਆ ਅਤੇ ਮੂਧੇ ਮੂੰਹ ਨਾਲੇ ਵਿਚ ਡਿੱਗਣ ਕਰਕੇ ਉਸ ਦੀ ਮੌਤ ਹੋ ਗਈ। ਤੜਕਸਾਰ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਨਾਲੇ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ।

ਇਸ ਦੁਖਦਾਈ ਘਟਨਾ ਬਾਰੇ ਪੁਲਸ ਨੇ ਜਦੋਂ ਓਮਕਾਰ ਸਿੰਘ ਦੇ ਘਰ ਸੂਚਨਾ ਦਿੱਤੀ ਤਾਂ ਮ੍ਰਿਤਕ ਦਾ ਬਿਰਧ ਪਿਤਾ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਵੀ ਅਕਾਲ ਚਲਾਣਾ ਕਰ ਗਿਆ। ਓਮਕਾਰ ਸਿੰਘ ਦੇ ਚਾਰ ਬੱਚੇ ਹਨ, ਜਿੰਨਾਂ 'ਚੋਂ ਸ਼ਾਦੀਸ਼ੁਦਾ ਇਕ ਲੜਕੀ ਦੀ ਮੌਤ ਹੋ ਗਈ ਸੀ। ਪੁਲਸ ਨੇ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ। ਇਕੋ ਘਰ 'ਚ ਉਠੀਆਂ ਪਿਉ-ਪੁੱਤ ਦੀਆਂ ਅਰਥੀਆਂ ਦੇ ਇਸ ਦਰਦਨਾਕ ਦ੍ਰਿਸ਼ 'ਤੇ ਹਰੇਕ ਦੀਆਂ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ। ਦੋਹਾਂ ਦਾ ਸਸਕਾਰ ਨਿਹਾਲ ਸਿੰਘ ਵਾਲਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ।
ਕੁੰਦਨ ਗਰੁੱਪ ਨੂੰ ਮਿਲਿਆ ਲੁਧਿਆਣਾ ਦੇ ਦੀਵਾਲੀਆ ਰਿਸ਼ੀ ਗੰਗਾ ਪਾਵਰ ਪ੍ਰਾਜੈਕਟ ਦਾ ਕੰਟਰੋਲ
NEXT STORY