ਜਲੰਧਰ— ਪੰਜਾਬ ’ਚ ਆਏ ਹੜ੍ਹਾਂ ਦੇ ਕਾਰਨ ਲੋਹੀਆਂ ਅਤੇ ਸ਼ਾਹਕੋਟ ਦੇ ਪਿੰਡਾਂ ’ਚ ਜਨ ਜੀਵਨ ਆਮ ਹੋਣ ’ਚ ਅਜੇ ਸਮਾਂ ਲੱਗੇਗਾ। ਟੁੱਟਿਆ ਹੋਇਆ 500 ਫੁੱਟ ਧੁੱਸੀ ਬੰਨ੍ਹ ਦੀ 7 ਦਿਨਾਂ ’ਚ ਸਿਰਫ 120 ਫੁੱਟ ਹੀ ਰੀਪੇਅਰ ਹੋ ਸਕੀ ਹੈ। ਉਥੇ ਹੀ 31 ਅਗਸਤ ਤੱਕ ਫਿਰ ਤੋਂ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਲੋਹੀਆਂ ਦੇ ਪਿੰਡ ਜਾਨੀਆ ਚਾਹਲ ਤੋਂ ਲੈ ਕੇ ਨਾਲ ਅਤੇ ਕਮਾਲਪੁਰ ਹੋਏ ਹਨ। ਧੁੱਸੀ ਬੰਨ੍ਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ 500 ਫੁੱਟ ਤੋਂ ਵਧ ਪਾੜ ਪੈ ਚੁੱਕਾ ਹੈ। ਸੋਮਵਾਰ ਤੱਕ ਲੋਹੀਆਂ ਦੇ ਕੋਲ 25 ਤੋਂ ਵੀ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਹਨ। 20 ਥਾਵਾਂ ਤੋਂ ਸਤਲੁਜ ਦਰਿਆ ਦਾ ਪਾਣੀ ਪਿੰਡਾਂ ’ਚ ਆਇਆ ਹੈ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪਿੰਡਾਂ ’ਚ ਵੜੇ ਪਾਣੀ ਨੂੰ ਰੋਕਣ ਦੇ ਲਈ ਅਗਲੇ 10 ਦਿਨਾਂ ’ਚ ਕੰਮ ਪੂਰਾ ਕਰ ਲਿਆ ਜਾਵੇਗਾ। ਉਥੇ ਹੀ ਮੌਸਮੀ ਵਿਭਾਗ ਵੱਲੋਂ ਹਿਮਾਚਲ ’ਚ ਅਗਲੇ ਦੋ ਦਿਨਾਂ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ।
ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਆ ਰਹੀਆਂ ਨੇ ਦਿੱਕਤਾਂ
ਬੰਨ੍ਹ ਨੂੰ ਜੋੜਨ ’ਚ ਪ੍ਰਸ਼ਾਸਨ ਨੂੰ ਸਭ ਤੋਂ ਵਧ ਦਿੱਕਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਆ ਰਹੀਆਂ ਹਨ। ਬੰਨ੍ਹ ਨੂੰ ਪੂਰੀ ਤਰ੍ਹਾਂ ਨਾਲ ਠੀਕ ਕਰਨ ਦੇ ਲਈ ਰੇਤ ਦੀਆਂ 20 ਲੱਖ ਤੋਂ ਵਧ ਬੋਰੀਆਂ ਦੀ ਲੋੜ ਹੈ। ਇਸ ਦੇ ਇਲਾਵਾ 5 ਲੱਖ ਕਿਊਬਿਕ ਪੱਥਰਾਂ ਦੀ ਲੋੜ ਹੈ। ਇਸ ਦੇ ਲਈ ਸੂਬਾ ਸਰਕਾਰ ਵੱਲੋਂ ਪੂਰੇ ਸੂਬੇ ’ਚ ਪੱਥਰਾਂ ਦੀ ਸਪਲਾਈ ਰੋਕ ਦਿੱਤੀ ਗਈ ਹੈ। ਪਠਾਨਕੋਟ ਤੋਂ ਬੰਨ੍ਹ ਨੂੰ ਜੋੜਨ ਦੇ ਲਈ ਪੱਥਰ ਮੰਗਵਾਇਆ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਕੁੱਲ 6 ਹਜ਼ਾਰ ਲੋਕਾਂ ਨੂੰ ਕੱਢਿਆ ਗਿਆ ਹੈ। ਜਾਨੀਆ ਚਾਹਲ, ਨਾਲ, ਕਮਾਲਪੁਰ ਨੇੜੇ 20 ਪਿੰਡ ਅਜਿਹੇ ਹਨ, ਜਿੱਥੇ 6 ਫੁੱਟ ਤੱਕ ਪਾਣੀ ਦਾ ਪੱਧਰ ਹੈ। ਉਥੇ ਹੀ ਕਰੀਬ 4 ਹਜ਼ਾਰ ਤੋਂ ਵਧ ਲੋਕ ਅਜੇ ਵੀ ਘਰਾਂ ਦੀਆਂ ਛੱਤਾਂ ’ਤੇ ਖੜ੍ਹੇ ਹੋ ਕੇ ਮਦਦ ਦੀ ਗੁਹਾਰ ਲਗਾ ਰਹੇ ਹਨ। ਲੋਕ ਪ੍ਰਸ਼ਾਸਨ ਤੋਂ ਰਾਹਤ ਕੰਮ ’ਚ ਚਾਹ, ਪੱਤੀ, ਚੀਨੀ, ਦੁੱਧ ਅਤੇ ਚਮੜੀ ਦੀਆਂ ਦਵਾਈਆਂ ਦੀ ਮੰਗ ਕਰ ਰਹੇ ਹਨ। ਐੱਨ. ਡੀ. ਆਰ. ਐੱਫ. ਦੀ ਟੀਮ ਦੀਆਂ ਕਿਸ਼ਤੀਆਂ ਝੋਨੇ ਦੇ ਕਾਰਨ ਵਾਰ-ਵਾਰ ਬੰਦ ਹੋ ਰਹੀਆਂ ਹਨ। 6 ਵਜੇ ਤੋਂ ਬਾਅਦ ਰਾਹਤ ਕੰਮ ਬੰਦ ਹੋ ਜਾਂਦੇ ਹਨ। ਜਾਨੀਆ ਚਾਹਲ, ਨਾਲ ਅਤੇ ਮਲਸੀਆਂ ਦੇ ਪਿੰਡਾਂ ’ਚ ਅਜੇ ਵੀ ਬਿਜਲੀ ਵਿਭਾਗ ਨੇ ਬਿਜਲੀ ਬੰਦ ਕੀਤੀ ਹੋਈ ਹੈ।
ਸ਼ੁਰੂਆਤ ’ਚ ਗਲਤ ਨੀਤੀ ਦੇ ਕਾਰਨ ਬੰਨ੍ਹ ਨੂੰ ਜੋੜਨ ’ਚ ਸਮਾਂ ਲੱਗ ਰਿਹਾ ਹੈ। ਧੁੱਸੀ ਬੰਨ੍ਹ ਦਾ 500 ਫੁੱਟ ਹਿੱਸਾ ਵਹਿਆ ਤਾਂ ਅਗਲੇ ਦਿਨ ਰੀਪੇਅਰ ਦਾ ਕੰਮ ਸ਼ੁਰੂ ਹੋਇਆ। ਉਦੋਂ ਬੰਨ੍ਹ ਨੂੰ ਪਿੰਡ ਅਤੇ ਧਾਰਮਿਕ ਸੰਸਥਾਵਾਂ ਦੇ ਵਾਲੰਟੀਅਰ ਕੰਮ ਕਰ ਰਹੇ ਸਨ। ਬੰਨ੍ਹ ਦਾ ਕੰਮ ਆਰਮੀ ਅਤੇ ਨਹਿਰੀ ਵਿਭਾਗ ਨੂੰ ਸੌਂਪਿਆ ਹੈ। ਵਹਾਅ ਜ਼ਿਆਦਾ ਹੋਣ ਕਰਕੇ ਮਿੱਟੀ ਦੀਆਂ ਬੋਰੀਆਂ ਪਾਣੀ ’ਚ ਵਹਿਣ ਲੱਗੀਆਂ। ਇਸ ਤੋਂ ਬਾਅਦ ਬੰਨ੍ਹ ਨੂੰ ਬਣਾਉਣ ਲਈ ਇਕ ਪਾਸੇ ਲੋਹੇ ਦੀਆਂ ਤਾਰਾਂ ਦੇ ਜਾਲ ’ਚ ਗੋਲ ਮੋਟੇ ਪੱਥਰ ਪਾ ਕੇ ਪਾਣੀ ਦੇ ਵਹਾਅ ਨੂੰ ਰੋਕਿਆ ਜਾ ਰਿਹਾ ਹੈ। ਵਰਿੰਦਰ ਕੁਮਾਰ ਸ਼ਰਮਾ ਵੱਲੋਂ ਇਕ ਹਜ਼ਾਰ ਐੱਨ.ਡੀ.ਆਰ.ਐੱਫ. ਦੇ ਜਵਾਨ, 70 ਐੱਨ. ਡੀ. ਆਰ. ਐੱਫ. ਅਤੇ 720 ਆਰਮੀ ਦੇ ਜਵਾਨਾਂ ਨੂੰ ਅਪੁਆਇੰਟ ਕੀਤਾ ਹੈ।
ਬੰਨ੍ਹ ਉੱਚਾ ਕਰਨ ਲਈ ਕਈ ਵਾਰ ਪ੍ਰਸ਼ਾਸਨ ਨੂੰ ਦਿੱਤੀਆਂ ਸਨ ਅਰਜੀਆਂ
ਰਾਹਤ ਕੰਮ ’ਚ ਜੁਟੇ ਪਿੰਡ ਨਾਲ ਦੇ ਸਰਪੰਚ ਹਰਦੇਵ ਸਿੰਘ ਨੇ ਕਿਹਾ ਕਿ ਧੁੱਸੀ ਬੰਨ੍ਹ ਦੇ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਲਿਖਿਆ ਸੀ। ਜੇਕਰ ਅੱਜ ਬੰਨ੍ਹ ਟੁੱਟਣ ਦੀ ਬਰਬਾਦੀ ਦਾ ਆਲਮ ਬਣਿਆ ਹੈ ਤਾਂ ਉਸ ਦਾ ਕਾਰਨ ਇਹ ਹੈ ਕਿ ਦਰਿਆ ਦਾ ਪੱਧਰ ਵੱਧਦਾ ਗਿਆ ਅਤੇ ਬੰਨ੍ਹ ਕਮਜ਼ੋਰ ਹੁੰਦਾ ਗਿਆ। ਜੇਕਰ ਸਮਾਂ ਰਹਿੰਦੇ ਬੰਨ੍ਹ ਦੇ ਨੇੜੇ ਮੋਟੇ ਪੱਥਰਾਂ ਦੀ ਲੇਅਰ ਬਣ ਦਿੱਤੀ ਜਾਂਦੀ ਤਾਂ ਅੱਜ ਪ੍ਰਸ਼ਾਸਨ ਦੀ ਗਲਤੀ ਦਾ ਨੁਕਸਾਨ ਪਿੰਡਾਂ ਨੂੰ ਨਾ ਝੱਲਣਾ ਪੈਂਦਾ।
‘ਆਪ’ ਆਗੂ ਕੁੱਟਮਾਰ ਮਾਮਲਾ, ਵਕੀਲਾਂ ਦਾ ਧਰਨਾ 10ਵੇਂ ਦਿਨ ’ਚ ਦਾਖਲ
NEXT STORY