ਜਲੰਧਰ–ਵਿੱਤ ਸਾਲ 2023-24 ਲਈ ਪੇਸ਼ ਬਜਟ 'ਚ ਮਾਨ ਸਰਕਾਰ ਨੇ 20 ਫ਼ੀਸਦੀ ਦਾ ਵਾਧਾ ਕੀਤਾ ਹੈ। ਖੇਤੀ ਸੈਕਟਰ ਲਈ 13,888 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਮਾਨ ਸਰਕਾਰ ਵਲੋਂ ਪੇਸ਼ ਇਹ ਬਜਟ ਪੂਰੀ ਤਰ੍ਹਾਂ ਨਾਲ ਕਿਸਾਨ ਹਿਤੈਸ਼ੀ ਕਿਹਾ ਜਾ ਸਕਦਾ ਹੈ। ਸਰਕਾਰ ਨੇ 2574 ਕਿਸਾਨ ਮਿੱਤਰਾਂ ਦੀ ਛੇਤੀ ਨਿਯੁਕਤੀ ਦਾ ਐਲਾਨ ਕੀਤਾ ਹੈ। ਕਿਸਾਨ ਮਿੱਤਰਾਂ ਦੀ ਨਿਯੁਕਤੀ ਨਾਲ ਛੋਟੇ ਕਿਸਾਨਾਂ, ਪਸ਼ੂ-ਪਾਲਕਾਂ, ਡੇਅਰੀ, ਬਾਗਵਾਨੀ ਅਤੇ ਹੋਰ ਸੰਬੰਧਤ ਖੇਤਰਾਂ ਨਾਲ ਜੁੜੇ ਕਿਸਾਨਾਂ ਨੂੰ ਕਾਫ਼ੀ ਲਾਭ ਮਿਲੇਗਾ।
ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ
ਇਸ ਦੇ ਨਾਲ ਹੀ ਸਰਕਾਰ ਛੇਤੀ ਨਵੀਂ ਖੇਤੀ ਨੀਤੀ ਲੈ ਕੇ ਆਏਗੀ। ਇਸ ਦੇ ਲਈ ਮਾਹਰਾਂ ਦੀ ਇਕ ਕਮੇਟੀ ਗਠਿਤ ਕੀਤੀ ਗਈ ਹੈ। ਬਜਟ ਵਿਚ ਫਸਲ ਵੰਨ-ਸੁਵੰਨਤਾ ਲਈ 1,000 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ ਜਦਕਿ ਬਾਸਮਤੀ ਝੋਨੇ ਦੀ ਖਰੀਦ ਲਈ ਇਕ ਰਿਵਾਲਵਿੰਗ ਫੰਡ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਘੱਟ ਕੀਮਤ ਮਿਲਣ ’ਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਫਸਲ ਬੀਮਾ ਯੋਜਨਾ ‘ਭਾਵ ਅੰਤਰ ਭੁਗਤਾਨ’ ਯੋਜਨਾ ਸ਼ੁਰੂ ਕਰਨ ਦਾ ਐਲਾਨ ਬਜਟ 'ਚ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਵਿੱਤ ਸਾਲ 2023-24 ਲਈ 1.96 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਵਿੱਤ ਸਾਲ 2022-23 ਦੀ ਤੁਲਨਾ 'ਚ ਇਸ 'ਚ ਖੇਤੀ ਅਤੇ ਸੰਬੰਧਤ ਖੇਤਰਾਂ ਲਈ ਅਲਾਟਮੈਂਟ 'ਚ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਜਦਕਿ ਕੁਲ ਬਜਟ 'ਚ 26 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੂਬਾ ਸਰਕਾਰ ਖੇਤੀ ਨੂੰ ਕਿੰਨਾ ਮਹੱਤਵ ਦੇ ਰਹੀ ਹੈ। ਉਂਝ ਵੀ ਪੰਜਾਬ ਖੇਤੀ ਆਧਾਰਿਤ ਸੂਬਾ ਹੈ, ਇਸ ਲਈ ਵੀ ਖੇਤੀ ’ਤੇ ਸਰਕਾਰ ਦਾ ਫੋਕਸ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਪੂਰਨ ਬਜਟ 'ਚ 2574 ਕਿਸਾਨ ਮਿੱਤਰਾਂ ਦੀ ਨਿਯੁਕਤੀ, ਮੌਸਮ ਦੀ ਮਾਰ ਤੋਂ ਬਚਾਉਣ ਲਈ ਫਸਲ ਬੀਮਾ ਅਤੇ ਖੇਤੀ ਪੰਪਾਂ ਦੇ ਸੋਲਰਰਾਈਜ਼ੇਸ਼ਨ ਵਰਗੇ ਕਈ ਐਲਾਨ ਖੇਤੀ ਖੇਤਰ ਲਈ ਕੀਤੇ ਗਏ।
ਇਹ ਵੀ ਪੜ੍ਹੋ- ਏਅਰ ਏਸ਼ੀਆ ਦੇ ਜਹਾਜ਼ ਦੀ ਬੰਗਲੁਰੂ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਬਜਟ ਨੂੰ ਲੈ ਕੇ ਕੀਤੇ ਗਏ ਇਕ ਟਵੀਟ ਵਿਚ ਮੁੱਖ ਮੰਤਰੀ ਨੇ ਆਪਣੇ ਸ਼ਬਦਾਂ 'ਚ ਕਿਹਾ ਹੈ ਕਿ ਅੱਜ ਸਾਡੀ ਸਰਕਾਰ ਨੇ ਆਮ ਜਨਤਾ ਦਾ ਬਜਟ ਪੇਸ਼ ਕੀਤਾ ਹੈ, ਜਿਸ 'ਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ। ਬਜਟ 'ਚ ਸਿਹਤ, ਸਿੱਖਿਆ, ਖੇਤੀਬਾੜੀ, ਰੋਜ਼ਗਾਰ ਅਤੇ ਵਪਾਰ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਬਜਟ ਪੇਸ਼ ਕਰਦੇ ਹੋਏ ਡਾ. ਐੱਮ. ਐੱਸ. ਸਵਾਮੀਨਾਥਨ ਦੇ ਸ਼ਬਦਾਂ ਨੂੰ ਦੁਹਰਾਇਆ ਗਿਆ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਜੇਕਰ ਖੇਤੀ ਅਸਫ਼ਲ ਹੋ ਜਾਂਦੀ ਹੈ ਤਾਂ ਕੁਝ ਵੀ ਸਫ਼ਲ ਨਹੀਂ ਹੋ ਸਕਦਾ ਹੈ।
ਇੱਟ-ਭੱਠਿਆਂ ’ਚ ਕੋਲੇ ਦੀ ਜਗ੍ਹਾ ਪਰਾਲੀ ਇਕ ਚੰਗੀ ਯੋਜਨਾ
ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਝੋਨੇ ਅਤੇ ਮੂੰਗ ਦੀ ਫਸਲ ਦੀ ਸਿੱਧੀ ਬਿਜਾਈ ਲਈ 125 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸੂਬੇ 'ਚ ਪਰਾਲੀ ਸਾੜਨ ਦੀ ਵੱਡੀ ਸਮੱਸਿਆ ਹੈ। ਇਸ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 30 ਫ਼ੀਸਦੀ ਦੀ ਕਮੀ ਆਈ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਇੱਟ-ਭੱਠਿਆਂ 'ਚ ਕੋਲੇ ਦੀ ਜਗ੍ਹਾ ਪਰਾਲੀ ਸਾੜੀ ਜਾਵੇਗੀ। ਪਰਾਲੀ ਲੰਬੇ ਸਮੇਂ ਤੋਂ ਇਕ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇੱਟ-ਭੱਠਿਆਂ 'ਚ ਕੋਲੇ ਦੀ ਜਗ੍ਹਾ ਪਰਾਲੀ ਦੇ ਇਸਤੇਮਾਲ ਦੀ ਯੋਜਨਾ ਬਣਾ ਕੇ ਇਕ ਚੰਗੀ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ- ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ
2023-24 ਦੇ ਬਜਟ 'ਚ ਖੇਤੀ ਖੇਤਰ ਲਈ 9331 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਆਮ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫਤ 'ਚ ਦੇਣ ਦਾ ਸੂਬਾ ਸਰਕਾਰ ਨੇ ਬਜਟ 'ਚ ਐਲਾਨ ਕੀਤਾ ਹੈ।
ਮਾਰਚ 2022 'ਚ ਸੱਤਾ 'ਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਸਭ ਤੋਂ ਪਹਿਲਾਂ 22 ਮਾਰਚ ਨੂੰ ਲੇਖਾਨੁਦਾਨ ਪਾਸ ਕੀਤਾ। ਫਿਰ ਉਸ ਨੇ ਬਾਕੀ ਸਮੇਂ ਲਈ ਜੂਨ 'ਚ ਆਪਣਾ ਬਜਟ ਪੇਸ਼ ਕੀਤਾ। ਇਹ ਇਸ ਸਰਕਾਰ ਦਾ ਪਹਿਲਾ ਪੂਰਨ ਬਜਟ ਹੈ, ਜੋ ਖੇਤੀਬਾੜੀ, ਸਿੱਖਿਆ ਅਤੇ ਸਿਹਤ ਖੇਤਰ ’ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ- ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ ਟੈੱਕ ਮਹਿੰਦਰਾ ਦੇ ਨਵੇਂ MD ਅਤੇ SEO
ਖੇਤੀਬਾੜੀ ਲਈ ਪੇਸ਼ ਕੀਤੀਆਂ ਤਜਵੀਜ਼ਾਂ ਤੋਂ ਪੰਜਾਬ ਦਾ ਕਿਸਾਨ ਬਾਗੋ-ਬਾਗ
ਮਾਨ ਸਰਕਾਰ ਵਲੋਂ 10 ਮਾਰਚ ਨੂੰ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਹ ਕਿਸਾਨਾਂ ਅਤੇ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਲਈ ਬਹੁਤ ਹੀ ਲਾਹੇਵੰਦ ਹੈ। ਇਸ ਬਜਟ ਨਾਲ ਲੋਕ ਬਾਗੋ-ਬਾਗ ਹੋ ਗਏ ਹਨ ਅਤੇ ਮਾਨ ਸਰਕਾਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ। ਕਿਸਾਨਾਂ ਅੰਦਰ ਵੀ ਭਾਰੀ ਖੁਸ਼ੀ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਸਾਨਾਂ ਦੀ ਖੁਸ਼ਹਾਲੀ ਤੇ ਆਮਦਨ ਵਧਾਉਣ ਲਈ ਸੂਬੇ ’ਚ ਨਵੀਂ ਖੇਤੀਬਾੜੀ ਨੀਤੀ ਲਿਆਉਣ ਦਾ ਪ੍ਰਸਤਾਵ ਪੇਸ਼ ਕੀਤਾ। ਸਰਕਾਰ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ
NEXT STORY