ਨੂਰਪੁਰਬੇਦੀ (ਭੰਡਾਰੀ/ਕੁਲਦੀਪ)-ਪੰਜਾਬ ਸਰਕਾਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਮਹਿਕਮੇ (ਵਣ ਸ਼ਾਖਾ) ਵੱਲੋਂ ਬੂਟੇ ਲਗਾਉਣ ਲਈ ਸਾਲ 2019 ’ਚ ਖੇਤਰ ਦੇ ਪਿੰਡ ਕਰੂਰਾ ਵਿਖੇ ਨਿੱਜੀ ਮਾਲਕਾਂ ਤੋਂ ਟੈਂਡਰ ਪ੍ਰਕਿਰਿਆ ਰਾਹੀਂ ਖ਼ਰੀਦ ਕੀਤੀ ਜ਼ਮੀਨ ਦੇ ਮਾਮਲੇ ’ਚ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਦੀ ਵਿਭਾਗੀ ਜਾਂਚ ਅਤੇ ਸ਼ਿਕਾਇਤ ਉਪਰੰਤ ਸਥਾਨਕ ਪੁਲਸ ਨੇ ਹਿਮਾਚਲ ਪ੍ਰਦੇਸ਼ ਦੇ ਇਕੋ-ਇਕ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਉਸ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਪੁੱਤਰਾਨ ਜੋਗਿੰਦਰ ਸਿੰਘ ਭਿੰਡਰ ਨਿਵਾਸੀ ਫ੍ਰੈਂਡਜ਼ ਕਾਲੋਨੀ ਵਾਰਡ ਨੰਬਰ 7, ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਅਤੇ ਕਮਲ ਕਿਸ਼ੋਰ ਪੁੱਤਰ ਟੇਕ ਚੰਦ ਨਿਵਾਸੀ ਮਾਲੂਪੇਤਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਰੁੱਧ ਧੋਖਾਦੇਹੀ ਸਹਿਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਲ 2019 ’ਚ ਪਿੰਡ ਕਰੂਰਾ ਦੀ 54 ਏਕੜ 8 ਮਰਲੇ (ਗੈਰ ਵਣ ਰਕਬਾ) ਜ਼ਮੀਨ ਦੀ ਖ਼ਰੀਦ ਕਰਨ ਸਬੰਧੀ ਜੰਗਲਾਤ ਮਹਿਕਮੇ ਵੱਲੋਂ ਈ-ਟੈਂਡਰ ਲਗਾਏ ਗਏ ਸਨ। ਉਕਤ ਖ਼ਰੀਦੀ ਜਾਣ ਵਾਲੀ ਜ਼ਮੀਨ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵੱਲੋਂ ਉਕਤ ਜ਼ਮੀਨ ਦੀ ਜਾਂਚ ਪੜਤਾਲ ਕਰਕੇ ਮਹਿਕਮੇ ਨੂੰ ਰਿਪੋਰਟ ਦੇਣ ਉਪਰੰਤ ਹੀ ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਕੀਤੀ ਜਾਣੀ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਕਮੇਟੀ ਨੁਮਾਇੰਦਿਆਂ ਵੱਲੋਂ ਕਦੇ ਵੀ ਸਬੰਧਤ ਜ਼ਮੀਨ ਦੇ ਕੁਲੈਕਟਰ ਰੇਟ ਜਾਂ ਮਾਰਕੀਟ ਰੇਟ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਚੇਅਰਮੈਨ ਸਾਈਟ ਇੰਸਪੈਕਸ਼ਨ ਕਮੇਟੀ ਅਤੇ ਮੁੱਖ ਜਨਰਲ ਮੈਨੇਜਰ ਪ.ਰਾ.ਵ.ਵਿ.ਨਿ.ਲਿਮ. ਮੋਹਾਲੀ ਵੱਲੋਂ ਕਮੇਟੀ ਨੂੰ ਖਸਰਾ ਨੰਬਰ ਭੇਜਿਆ ਗਿਆ, ਜਿਸ ਤੋਂ ਬਾਅਦ ਉਕਤ ਕਮੇਟੀ ਵੱਲੋਂ ਜਗ੍ਹਾ ਦਾ ਮੁਆਇਨਾ ਕੀਤਾ ਗਿਆ। ਇਸ ਦੌਰਾਨ ਇੰਸਪੈਕਸ਼ਨ ਕਮੇਟੀ ਨੂੰ ਖਸਰਾ ਨੰਬਰ 42 ਅਤੇ 44/2 ਮਿਨ ਦੇ ਤਬਦੀਲ ਹੋਣ ਸਬੰਧੀ ਜਾਣਕਾਰੀ ਨਹੀਂ ਸੀ ਜਦਕਿ ਦੋਵੇਂ ਨੰਬਰਾਂ ਦੀ ਸਕਰੂਟਨਿੰਗ ਕੀਤੀ ਜਾਣੀ ਬਣਦੀ ਸੀ। ਇਸ ਤੋਂ ਇਲਾਵਾ ਉਕਤ ਕਮੇਟੀ ਮੋਹਾਲੀ ਵੱਲੋਂ ਇਕ ਹੋਰ ਪੱਤਰ ਉਕਤ ਖਸਰਾ ਨੰਬਰਾਂ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ, ਜਿਸ ’ਚ ਖਸਰਾ ਨੰਬਰ ਬਦਲ ਕੇ ਹੋਰ ਖਸਰਾ ਨੰਬਰਾ 42 ਅਤੇ 44/2 ਮਿਨ ਸਮੇਤ ਬਦਲੇ ਗਏ।
ਇਹ ਵੀ ਪੜ੍ਹੋ: ਹੁਣ ਆਨਲਾਈਨ ਟੈਸਟ ਦੇ ਕੇ ਬਣਾ ਸਕੋਗੇ ਲਰਨਿੰਗ ਡਰਾਈਵਿੰਗ ਲਾਇਸੈਂਸ, ਜਾਣੋ ਪ੍ਰਕਿਰਿਆ
ਵਣ ਮੰਡਲ ਅਫ਼ਸਰ ਰੂਪਨਗਰ ਵੱਲੋਂ ਭੇਜੀ ਰਿਪੋਰਟ ’ਚ ਦੱਸਿਆ ਗਿਆ ਕਿ ਉਕਤ ਪੱਤਰ ਦੀ ਕਾਪੀ ਨਾ ਹੀ ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਦੇ ਦਫ਼ਤਰ ਤੇ ਨਾ ਹੀ ਵਣ ਮੰਡਲ ਅਧਿਕਾਰੀ ਰੂਪਨਗਰ ਦੇ ਦਫ਼ਤਰ ਵਿਖੇ ਹਾਸਲ ਹੋਈ। ਇਸ ਤੋਂ ਜਾਪਦਾ ਹੈ ਕਿ ਇਹ ਪੱਤਰ ਇੰਸਪੈਕਸ਼ਨ ਹੋਣ ਤੋਂ ਬਾਅਦ ਪੁਰਾਣਾ ਨੰਬਰ ਲਗਾ ਕੇ ਜਾਰੀ ਕੀਤਾ ਗਿਆ ਹੋਵੇ ਜੋ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਮਨਸ਼ੇ ਸਬੰਧੀ ਸ਼ੱਕ ਪੈਦਾ ਕਰਦਾ ਹੈ। ਵਣ ਮੰਡਲ ਅਫ਼ਸਰ ਰੂਪਨਗਰ ਨੇ ਰਿਪੋਰਟ ’ਚ ਕਿਹਾ ਕਿ 20 ਮਈ 2020 ਤੋਂ 6 ਅਗਸਤ 2020 ਤੱਕ ਖਸਰਾ ਨੰਬਰ 42 ’ਚ 36 ਜਦਕਿ ਖਸਰਾ ਨੰਬਰ 44/2 ਮਿਨ ’ਚ ਕਰੀਬ 37 ਤਬਾਦਲੇ ਹੋਏ ਹਨ। ਇਸ ਸਬੰਧੀ ਹਲਕਾ ਕਾਨੂੰਨਗੋ ਡੂਮੇਵਾਲ ਵੱਲੋਂ ਕੀਤੀ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਇਹ ਰਕਬਾ ਵਸੀਕਿਆ ਅਨੁਸਾਰ ਘੱਟ ਹੈ। ਉਕਤ ਹੋਏ ਤਬਾਦਲਿਆਂ ਰਾਹੀਂ ਹੀ ਭਿੰਡਰ ਭਰਾ ਇਸ ਝਗੜੇ ਵਾਲੀ ਜ਼ਮੀਨ ਦੇ ਮਾਲਕ ਬਣੇ ਜੋ ਉਨ੍ਹਾਂ ਅੱਗੇ ਵਿਭਾਗ ਨੂੰ ਵੇਚ ਦਿੱਤੀ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਟੈਂਡਰ ਹੋਣ ਤੋਂ ਬਾਅਦ ਵੱਧ ਤੋਂ ਵੱਧ ਵਿੱਤੀ ਲਾਭ ਪ੍ਰਾਪਤ ਕਰਨ ਲਈ ਭਿੰਡਰ ਭਰਾਵਾਂ ਵੱਲੋਂ ਇਨ੍ਹਾਂ ਤਬਾਦਲਿਆਂ ਰਾਹੀਂ ਜ਼ਮੀਨ ਪ੍ਰਾਪਤ ਕੀਤੀ ਗਈ। ਰਿਕਾਰਡ ਖੋਖਣ ’ਤੇ ਪਤਾ ਚੱਲਿਆ ਕਿ ਭਿੰਡਰ ਭਰਾਵਾਂ ਵੱਲੋਂ ਖਸਰਾ ਨੰਬਰ 42 ਅਤੇ 44 ਮਿਨ ਸਬੰਧੀ ਵਸੀਕਾ ਨੰਬਰ 560 ਅਤੇ 561 ਜੰਗਲਾਤ ਮਹਿਕਮੇ ਦੇ ਨਾਮ ’ਤੇ ਰਜਿਸਟਰਡ ਕੀਤੇ ਗਏ ਸਨ ਪਰ ਵਣ ਮੰਡਲ ਅਫ਼ਸਰ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਲਿਆਂਦਾ ਗਿਆ ਜਿਸ ਤੋਂ ਉਪਰੰਤ ਸਬੰਧਿਤ ਤਹਿਸੀਲਦਾਰ ਨੂੰ ਇਨ੍ਹਾਂ ਦਾ ਇੰਤਕਾਲ ਦਰਜ ਬ ਮਨਜ਼ੂਰ ਕਰਨ ’ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਸੀ।
1-09-20 ਨੂੰ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਹਰਿੰਦਰਜੀਤ ਸਿੰਘ ਰੂਪਨਗਰ ਵਿਖੇ ਡਿਊਟੀ ’ਤੇ ਹਾਜ਼ਰ ਹੋਣ ਦੇ ਬਾਵਜੂਦ ਵੀ ਨਾਇਬ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਰਘੂਵੀਰ ਸਿੰਘ ਵੱਲੋਂ ਵਸੀਕਾ ਨੰਬਰ 560 ਅਤੇ 561 ਅਣ-ਅਧਿਕਾਰਤ ਤੌਰ ’ਤੇ ਦਰਜ ਕੀਤੇ ਗਏ ਸਨ ਜਿਸ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਮੁੱਖ ਸਕੱਤਰ-ਵਿੱਤ-ਕਮਿਸ਼ਨਰ ਨੂੰ ਲਿਖਿਆ ਗਿਆ ਸੀ। ਸ਼ਿਕਾਇਤ ’ਚ ਦੱਸਿਆ ਗਿਆ ਕਿ ਭਿੰਡਰ ਭਰਾਵਾਂ ਵੱਲੋਂ ਵਿਭਾਗ ਦੇ ਨਾਂ ਕਰਵਾਈਆਂ ਗਈਆਂ ਰਜਿਸਟਰੀਆਂ ’ਚ ਜ਼ਮੀਨ ਘੱਟ ਪਾਈ ਗਈ। ਜਦਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਵੱਲੋਂ ਇੰਤਕਾਲ ਨੰਬਰ 3035 ਵਾਕਿਆ ਪਿੰਡ ਕਰੂਰਾ ਬਾਬਤ ਤਬਾਦਲਾ ਜ਼ਮੀਨ ਰੱਦ ਕਰ ਕੇ ਭਿੰਡਰ ਭਰਾਵਾਂ, ਮਾਲ ਮਹਿਕਮਾਂ ਅਤੇ ਜੰਗਲਾਤ ਵਿਭਾਗ ਦੇ ਹੋਰ ਕਸੂਰਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ:ਪਤੀ-ਪਤਨੀ ਦਾ ਕਾਰਨਾਮਾ ਕਰੇਗਾ ਹੈਰਾਨ, ਕੈਨੇਡਾ ਭੇਜਣ ਦੇ ਨਾਂ 'ਤੇ ਇੰਝ ਕੀਤੀ ਲੱਖਾਂ ਦੀ ਠੱਗੀ
ਉਪਰੋਕਤ ਸਾਰੇ ਨੁਕਤਿਆਂ ਨੂੰ ਘੋਖਣ ’ਤੇ ਪਤਾ ਲੱਗਦਾ ਹੈ ਕਿ ਕਰੂਰਾ ਅਤੇ ਨਾਨਗਰਾਂ ਕਲਮੋਟ ’ਚ ਜੰਗਲਾਤ ਮਹਿਕਮੇ ਵੱਲੋਂ ਕੀਤੀ ਗਈ ਜ਼ਮੀਨ ਦੀ ਖ਼ਰੀਦ ’ਚ ਕਾਫ਼ੀ ਊਣਤਾਈਆਂ ਹਨ ਜਿਸ ਨਾਲ ਸਰਕਾਰ ਨੂੰ ਵੱਡੇ ਪੱਧਰ ’ਤੇ ਵਿੱਤੀ ਨੁਕਸਾਨ ਹੋਇਆ ਹੈ। ਸਥਾਨਕ ਪੁਲਸ ਨੇ ਇਲਾਕਾ ਪ੍ਰਬੰਧਕ ਪੰਜਾਬ ਰਾਜ ਵਣ ਵਿਭਾਗ ਨਿਗਮ ਐੱਸ. ਏ. ਐੱਸ. ਨਗਰ ਦੀ ਸ਼ਿਕਾਇਤ ’ਤੇ ਉਪਰੋਕਤ ਭਿੰਡਰ ਭਰਾਵਾਂ ਤੋਂ ਇਲਾਵਾ ਟੈਂਡਰ ਸਮੇਂ ਬੋਲੀ ਦੇਣ ਮੌਕੇ ਕਾਗਜ਼ਾਂ ’ਚ ਦਰਸਾਏ ਕਮਲ ਕਿਸ਼ੋਰ ਨਾਮੀ ਵਿਅਕਤੀ ਜਿਸ ਕੋਲ ਭਿੰਡਰ ਭਰਾਵਾਂ ਵੱਲੋਂ ਜਾਰੀ ਕਿਸੇ ਵੀ ਤਰ੍ਹਾਂ ਦਾ ਅਧਿਕਾਰਤ ਪੱਤਰ ਨਹੀਂ ਸੀ ਦੇ ਖਿਲਾਫ਼ ਧੋਖਾਦੇਹੀ ਦੇ ਦੋਸ਼ਾਂ ਹੇਠ ਧਾਰਾ 420, 465, 467, 468 ਅਤੇ 471 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ।
‘ਜਗ ਬਾਣੀ’ ਵੱਲੋਂ ਖਬਰ ਪ੍ਰਕਾਸ਼ਿਤ ਕਰਨ ’ਤੇ ਵਿਧਾਨ ਸਭਾ ’ਚ ਗੂੰਜਿਆ ਸੀ ਮਾਮਲਾ
ਜ਼ਿਕਰਯੋਗ ਹੈ ਕਿ ਉਸ ਸਮੇਂ ‘ਜਗ ਬਾਣੀ’ ਨੇ 29-10-2020 ਨੂੰ ‘ਕੋਡੀਆਂ ਦੇ ਭਾਅ ਵਿਕਣ ਵਾਲੀ ਜ਼ਮੀਨ ਨੂੰ ਵਣ ਵਿਭਾਗ ਨੇ ਕਰੋਡ਼ਾਂ ’ਚ ਖਰੀਦ ਕੇ ਸਰਕਾਰ ਨੂੰ ਲਗਾਇਆ ਚੂਨਾ’ ਸਿਰਲੇਖ ਹੇਠ ਉਕਤ ਮਾਮਲਾ ਪ੍ਰਕਾਸ਼ਿਤ ਕੀਤਾ ਸੀ ਜਿਸ ਸਬੰਧੀ ਵਿਰੋਧੀ ਧਿਰ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ’ਚ ਮਾਮਲਾ ਵੀ ਉਠਾਇਆ ਸੀ ਪਰ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ’ਚ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਰਾਂ 'ਚ ਕਮਰਾ ਬੁੱਕ ਕਰਵਾਉਣ ਦੇ ਨਾਂ 'ਤੇ ਨੌਸਰਬਾਜ਼ ਨੇ ਸ਼ਰਧਾਲੂਆਂ ਨਾਲ ਮਾਰੀ ਠੱਗੀ, ਨਹੀਂ ਹੋ ਰਹੀ ਕੋਈ ਕਾਰਵਾਈ
NEXT STORY