ਟਾਂਡਾ ਉੜਮੁੜ (ਪੰਡਿਤ )— ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਿੰਡ ਕਲਿਆਣਪੁਰ ਵਾਸੀ ਇਕ ਵਿਅਕਤੀ ਨੂੰ ਅਗਵਾ ਕਰਕੇ ਬੰਦੀ ਬਣਾਉਣ ਵਾਲੇ 4 ਦੋਸ਼ੀਆਂ ਖਿਲਾਫ ਟਾਂਡਾ ਪੁਲਸ ਨੇ ਠੱਗੀ, ਅਗਵਾ, ਅਸਲਾ ਐਕਟ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਮਾਮਲੇ ਵਿਚ ਉਕਤ ਦੋਸ਼ੀਆਂ ਦੀ ਚੁੰਗਲ 'ਚੋਂ 41 ਲੱਖ ਰੁਪਏ ਦੇ ਕੇ ਛੁੱਟ ਕੇ ਆਏ 2 ਹੋਰ ਨੌਜਵਾਨਾਂ ਦਾ ਵੀ ਜ਼ਿਕਰ ਹੈ। ਪੁਲਸ ਨੇ ਇਹ ਮਾਮਲਾ ਗੋਬਿੰਦ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ ਲੰਮੇ (ਕਪੂਰਥਲਾ) ਦੇ ਬਿਆਨਾਂ ਦੇ ਆਧਾਰ 'ਤੇ ਹਰਮਿੰਦਰ ਸਿੰਘ ਸ਼ੈਲੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਚੱਕ ਸ਼ਰੀਫ, ਜੇ. ਡੀ. ਪਟੇਲ, ਸੰਜੀਵ ਅਤੇ ਨਰੇਸ਼ ਪਟੇਲ ਆਦਿ ਦੇ ਖਿਲਾਫ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੋਬਿੰਦ ਸਿੰਘ ਨੇ ਦੱਸਿਆ ਕਿ ਉਕਤ ਟਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੇ ਉਸ ਦੇ ਜੀਜੇ ਸੁਰਿੰਦਰ ਪਾਲ ਸਿੰਘ ਪੁੱਤਰ ਸੇਵਾ ਸਿੰਘ ਨਿਵਾਸੀ ਕਲਿਆਣਪੁਰ ਨੂੰ 3 ਦਸੰਬਰ 2107 ਨੂੰ ਕੈਨੇਡਾ ਦੀ ਫਲਾਈਟ ਕਰਵਾਉਣ ਲਈ ਘਰੋਂ ਲਿਆ ਅਤੇ ਉਸ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਮੁੰਬਈ ਫਿਰ ਬੈਂਗਲੁਰੂ ਤੋਂ ਕੈਨੇਡਾ ਫਲਾਈਟ ਕਰਵਾਉਣੀ ਹੈ। ਗੋਬਿੰਦ ਨੇ ਦੋਸ਼ ਲਗਾਇਆ ਕਿ ਉਸ ਦੇ ਜੀਜੇ ਨੂੰ ਸ਼ੈੱਲੀ ਅਤੇ ਉਸ ਦੇ ਸਾਥੀਆਂ ਨੇ ਕੈਨੇਡਾ ਭੇਜਣ ਦੀ ਬਜਾਏ ਬੈਂਗਲੁਰੂ ਵਿਚ ਹੀ ਅਗਵਾ ਕਰਕੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਗੋਬਿੰਦ ਨੇ ਦੱਸਿਆ ਕੇ ਉਨ੍ਹਾਂ ਨੂੰ ਇਹ ਜਾਣਕਾਰੀ ਜੀਜੇ ਦੇ ਨਾਲ ਗਏ ਹੋਰ ਨੌਜਵਾਨ ਮਨੀ ਨਿਵਾਸੀ ਚੱਕ ਸ਼ਰੀਫ ਅਤੇ ਖੁਰਦਾਂ ਨਿਵਾਸੀ ਗੋਪੀ ਨੇ ਫੋਨ 'ਤੇ ਦਿੱਤੀ ਜੋ ਖੁਦ ਕ੍ਰਮਵਾਰ 22 ਅਤੇ 21 ਲੱਖ ਰੁਪਏ ਗੰਨ ਪੁਆਇੰਟ 'ਤੇ ਦੇ ਕੇ ਛੁੱਟ ਕੇ ਆਏ ਹਨ।
ਉਨ੍ਹਾਂ ਨੇ ਗੋਬਿੰਦ ਨੂੰ ਇਹ ਦੱਸਿਆ ਤੁਹਾਡੇ ਲੜਕੇ ਨਾਲ ਅਗਵਾਕਾਰਾਂ ਨੇ ਕੁੱਟਮਾਰ ਵੀ ਕੀਤੀ ਹੈ। ਉਸ ਨੇ ਆਪਣੇ ਬਿਆਨ ਵਿਚ ਸ਼ੱਕ ਜ਼ਾਹਰ ਕੀਤਾ ਕਿ ਦੋਸ਼ੀਆਂ ਨੇ ਉਸ ਦੇ ਜੀਜੇ ਦਾ ਕੋਈ ਸਰੀਰਕ ਨੁਕਸਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕੇ ਸੁਰਿੰਦਰ ਪਾਲ ਨਾਲ ਆਖਰੀ ਵਾਰ 5 ਦਸੰਬਰ ਦੀ ਰਾਤ ਨੂੰ ਗੱਲ ਹੋਈ ਸੀ। ਗੋਬਿੰਦ ਨੇ ਪੁਲਸ ਨੂੰ ਅਪੀਲ ਕੀਤੀ ਕਿ ਉਸ ਦੇ ਜੀਜੇ ਨੂੰ ਬਰਾਮਦ ਕਰਕੇ ਘਰ ਪਹੁੰਚਾਇਆ ਜਾਵੇ। ਪੁਲਸ ਨੂੰ ਸ਼ਿਕਾਇਤ ਮਿਲਣ ਉਪਰੰਤ ਡੀ. ਐੱਸ. ਪੀ. ਬਲਬੀਰ ਸਿੰਘ ਵੱਲੋਂ ਜਾਂਚ ਤੋਂ ਬਾਅਦ ਟਾਂਡਾ ਪੁਲਸ ਨੇ ਇਹ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਾਬਾਲਗ ਲੜਕੀ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼, ਦੋਸ਼ੀ ਗ੍ਰਿਫਤਾਰ
NEXT STORY