ਰੂਪਨਗਰ (ਸੱਜਣ ਸੈਣੀ) : ਰੋਪੜ ਪੁਲਸ ਨੇ ਪਹਿਲਵਾਨ ਗਰੁੱਪ ਸਰਹਿੰਦ ਦੇ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਗ੍ਰਿਫਤਾਰੀ ਇੰਸਪੈਕਟਰ ਦੀਪਿੰਦਰ ਸਿੰਘ ਇੰਚ. ਸੀ.ਆਈ.ਏ.-1 ਰੂਪਨਗਰ ਪੁਲਸ ਦੀ ਟੀਮ ਵਲੋਂ ਕੋਟਲੀ ਟੀ-ਪੁਆਇੰਟ ਨਜ਼ਦੀਕ ਕੀਤੀ ਗਈ ਹੈ। ਗ੍ਰਿਫਤਾਰ ਗੈਂਗਸਟਰਾਂ ਵਿਚ ਨੀਲ ਕਮਲ ਉਰਫ ਬਿੱਲਾ ਵਾਸੀ ਰਸੂਲਦਾ ਖੰਨਾ ਜੋ ਕਿ ਕੌਮੀ ਪੱਧਰ ਦਾ ਵੇਟਲਿਫਟਰ ਹੈ, ਵਿਸ਼ਾਲ ਵਾਸੀ ਖੰਨਾ ਜੋ ਕਿ ਆਰ. ਐੱਮ. ਆਈ. ਟੀ. ਕਾਲਜ ਦਾ ਸਾਬਕਾ ਪ੍ਰਧਾਨ ਹੈ ਅਤੇ ਰਾਜਪੁਰਾ ਦਾ ਗੁਰਜੋਤ ਜੋ ਕਿ ਜ਼ਮਾਨਤ 'ਤੇ ਬਾਹਰ ਸੀ ਸ਼ਾਮਲ ਹੈ। ਸ਼ੁਰੂਆਤੀ ਤਫ਼ਤੀਸ਼ 'ਚ ਪਟਿਆਲਾ ਅਤੇ ਖੰਨਾ ਨਾਲ ਸਬੰਧਤ 4 ਹੋਰ ਸਾਥੀਆਂ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ। ਪੁਲਸ ਨੇ ਇਨ੍ਹਾਂ ਪਾਸੋ 4 ਪਿਸਤੌਲਾਂ (32 ਬੋਰ) ਅਤੇ 22 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਮੁਤਾਬਾਕ ਗੈਂਗਸਟਰਾਂ ਵਲੋਂ ਹਥਿਆਰ ਮੇਰਠ, ਯੂ.ਪੀ. ਤੋਂ ਖਰੀਦੇ ਗਏ ਸਨ।

ਐੱਸ. ਐੱਸ. ਪੀ. ਰੋਪੜ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਪਹਿਲਵਾਨ ਗਰੁੱਪ ਸਰਹਿੰਦ ਨਾਲ ਸਬੰਧਤ ਹਨ। ਇਹ ਰੋਪੜ, ਖੰਨਾ ਅਤੇ ਫਤਿਹਗੜ੍ਹ ਸਾਹਿਬ ਵਿਚ ਡਕੈਤੀ ਦੇ 4 ਕੇਸਾਂ ਵਿਚ ਸ਼ਾਮਲ ਸਨ। ਇਹ ਗਰੁੱਪ ਖੰਨਾ ਦੇ ਗਾਂਧੀ ਗਰੁੱਪ ਨਾਲ ਹਥਿਆਰਬੰਦ ਸੰਘਰਸ਼ ਵਿਚ ਸ਼ਾਮਲ ਹੈ।

ਪੁਲਸ ਮੁਤਾਬਕ ਉਕਤ ਗੈਂਗਸਟਰ ਬੀਤੇ ਸਾਲ ਨਵੰਬਰ ਵਿਚ ਸਰਹਿੰਦ ਅਤੇ ਖੰਨਾ ਵਿਚ ਇਕ ਮੋਟਰਸਾਈਕਲ ਦੀ ਹੋਈ ਲੁੱਟ ਖੋਹ ਵਿਚ ਅਤੇ ਦੋ ਸ਼ਰਾਬ ਦੇ ਠੇਕਿਆਂ ਦੀ ਲੁੱਟ ਵਿਚ ਵੀ ਸ਼ਾਮਲ ਸਨ। ਇਨਾਂ ਨੇ ਪਥਰੇੜੀ ਜੱਟਾ ਅਤੇ ਸੰਧੂਆਂ ਜ਼ਿਲਾ ਰੋਪੜ ਵਿਚ ਸ਼ਰਾਬ ਦੇ ਠੇਕਿਆਂ ਨੂੰ ਵੀ ਲੁੱਟਿਆ ਹੈ। ਇਨ੍ਹਾਂ ਤਿੰਨਾਂ ਨੇ ਆਪਣੇ ਸਾਥੀਆਂ ਨਾਲ ਬੱਸੀ ਪਠਾਣਾ ਵਿਚ ਇਕ ਸ਼ਰਾਬ ਦੇ ਠੇਕੇ ਨੂੰ ਲੁੱਟਣ ਦਾ ਯਤਨ ਕੀਤਾ ਸੀ ਤੇ ਠੇਕੇਦਾਰ 'ਤੇ ਗੋਲੀ ਵੀ ਚਲਾਈ ਸੀ। ਪੁਲਸ ਹੁਣ ਇਸ ਗਰੋਹ ਦੇ ਬਾਕੀ ਗੈਂਗਸਟਰਾਂ ਦੀ ਭਾਲ ਵਿਚ ਹੈ।

ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤੋਂ ਆਰੰਭੀ ਧਾਰਮਿਕ ਸੇਵਾ
NEXT STORY